ਕਾਹਨੂੰਵਾਨ: ਵਾਰਸਾਂ ਨੇ ਨੌਜਵਾਨ ਨੂੰ ਕਤਲ ਕਰਨ ਦਾ ਖ਼ਦਸ਼ਾ ਪ੍ਰਗਟਾਇਆ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 24 ਜੂਨ
ਥਾਣਾ ਭੈਣੀ ਮੀਆਂ ਖਾਂ ਅਧੀਨ ਪਿੰਡ ਮੁੰਨਣ ਕਲਾਂ ਦੇ ਲਾਪਤਾ ਨੌਜਵਾਨ ਦੇ ਵਾਰਸਾਂ ਨੇ ਖ਼ਦਸ਼ਾ ਜ਼ਹਿਰ ਕੀਤਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ ਹੈ। ਇਸ ਸਬੰਧੀ ਨੌਜਵਾਨ ਦੇ ਮਾਤਾ ਮਨਦੀਪ ਅਤੇ ਭਰਾ ਅਮਨ ਮਸੀਹ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਰਮਨ ਮਸੀਹ ਮੰਡੀ ਗੋਬਿੰਦਗੜ੍ਹ ਵਿਖੇ ਟਰਾਂਸਪੋਰਟ ਕੰਪਨੀ ਵਿੱਚ ਕਲੀਨਰ ਸੀ। ਉਨ੍ਹਾਂ ਨੂੰ ਬੀਤੀ 2 ਮਈ ਨੂੰ ਡਰਾਈਵਰ ਨੇ ਫੋਨ ਰਾਹੀਂ ਸੂਚਿਤ ਕੀਤਾ ਕਿ ਰਮਨ ਮਸੀਹ ਉਸ ਨੂੰ ਦੱਸੇ ਬਗੈਰ ਕਿਧਰੇ ਚਲਾ ਗਿਆ ਹੈ ਪਰ ਰਮਨ ਮਸੀਹ ਨਾ ਤਾਂ ਘਰ ਵਾਪਸ ਆਇਆ ਅਤੇ ਨਾ ਹੀ ਉਸ ਦਾ ਕਿਧਰੇ ਕੋਈ ਥਹੁ ਪਤਾ ਲੱਗਾ। ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਗੋਬਿੰਦਗੜ੍ਹ ਮੰਡੀ ਵਿੱਚ ਮਾਮਲਾ ਦਰਜ ਕਰਵਾਇਆ ਹੈ ਉਨ੍ਹਾਂ ਵੱਲੋਂ ਇਸ ਸਬੰਧੀ ਪੁਲੀਸ ਕਪਤਾਨ ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਉਹ ਬਹੁਤ ਗ਼ਰੀਬ ਅਤੇ ਨਿਆਸਰੇ ਹਨ ਉਨ੍ਹਾਂ ਦੇ ਲਾਪਤਾ ਪੁੱਤਰ ਦੇ ਬਾਰੇ ਵਿੱਚ ਮਾਮਲਾ ਦਰਜ ਕਰ ਕੇ ਡੁੰਘਾਈ ਨਾਲ ਜਾਂਚ ਕੀਤੀ ਜਾਵੇ। ਐੱਸਐੱਸਪੀ ਫਤਿਹਗ੍ਹੜ ਸਾਹਿਬ ਰਵਜੋਤ ਗਰੇਵਾਲ ਨੇ ਕਿਹਾ ਕਿ ਮਾਮਲੇ ਦੀ ਸਬੰਧਤ ਥਾਣੇ ਤੋਂ ਜਾਣਕਾਰੀ ਪ੍ਰਾਪਤ ਕਰ ਕੇ ਢੁਕਵੀਂ ਕਾਰਵਾਈ ਲਈ ਸਖ਼ਤੀ ਨਾਲ ਹਦਾਇਤ ਕਰਨਗੇ।