ਕਾਹਨੂੰਵਾਨ: ਡੰਪ ਕੀਤੀ ਪਰਾਲੀ ਨੂੰ ਸ਼ਰਾਰਤੀ ਅਨਸਰ ਨੇ ਅੱਗ ਲਗਾਈ
ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 18 ਨਵੰਬਰ
ਥਾਣਾ ਭੈਣੀ ਮੀਆਂ ਖਾਂ ਦੇ ਪਿੰਡ ਨਾਨੋਵਾਲ ਕਲਾਂ ਵਿੱਚ ਕਿਸਾਨ ਵੱਲੋਂ ਡੰਪ ਕੀਤੀ ਪਰਾਲੀ ਦਾ ਢੇਰ ਰਾਤ ਸਮੇਂ ਅੱਗ ਨਾਲ ਸੜ ਕੇ ਸਵਾਹ ਹੋ ਗਿਆ। ਕਿਸਾਨ ਇਕਬਾਲ ਸਿੰਘ ਵਾਸੀ ਨਾਨੋਵਾਲ ਖ਼ੁਰਦ ਨੇ ਦੱਸਿਆ ਕਿ ਉਨ੍ਹਾਂ ਨੇ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਦੀ ਸਾਂਭ ਸੰਭਾਲ ਲਈ ਬੰਡਲ ਬਣਾਉਣ ਵਾਲੀ ਮਸ਼ੀਨ ਰੱਖੀ ਹੋਈ ਹੈ। ਫ਼ਸਲੀ ਰਹਿਦ ਖੂਦ ਦੇ ਬੰਡਲ ਬਣਾਉਣ ਵਾਲੀ ਮਸ਼ੀਨ ਨਾਲ ਉਨ੍ਹਾਂ ਵੱਲੋਂ ਸੈਂਕੜੇ ਏਕੜ ਦੀ ਪਰਾਲੀ ਦੇ ਬੰਡਲ ਬਣਾ ਕੇ ਪਿੰਡ ਨਾਨੋਵਾਲ ਕਲਾਂ ਦੇ ਮੋੜ ਨਜ਼ਦੀਕ ਡੰਪ ਕੀਤੇ ਹੋਏ ਹਨ। ਇਹ ਡੰਪ ਕੀਤੀ ਪਰਾਲੀ ਦੀ ਚੁਕਾਈ ਬੀਤੇ ਕੁੱਝ ਦਿਨਾਂ ਤੋਂ ਕੀਤੀ ਜਾ ਰਹੀ ਸੀ ਪਰ ਬੀਤੀ ਰਾਤ ਉਨ੍ਹਾਂ ਨੂੰ ਪਤਾ ਲੱਗਾ ਕੇ ਕਿਸੇ ਸ਼ਰਾਰਤੀ ਨੇ ਪਰਾਲੀ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਹੈ, ਜਦੋਂ ਉਹ ਘਟਨਾ ਵਾਲੇ ਸਥਾਨ ਉੱਤੇ ਪਹੁੰਚੇ ਤਾਂ ਪਰਾਲੀ ਨੂੰ ਲੱਗੀ ਅੱਗ ਕਾਫ਼ੀ ਭੜਕ ਚੁੱਕੀ ਸੀ। ਕਾਫ਼ੀ ਜੱਦੋਜਹਿਦ ਦੇ ਬਾਅਦ ਉਨ੍ਹਾਂ ਨੇ ਅੱਗ ਉੱਤੇ ਕਾਬੂ ਪਾ ਲਿਆ ਗਿਆ ਪਰ ਉਸ ਸਮੇਂ ਤੱਕ ਉਨ੍ਹਾਂ ਦੀ ਕਰੀਬ 10 ਏਕੜ ਦੀ ਪਰਾਲੀ ਸੜ ਕੇ ਸੁਆਹ ਹੋ ਚੁੱਕੀ ਸੀ। ਉਨ੍ਹਾਂ ਦਾ ਕਰੀਬ ਸਾਢੇ ਤਿੰਨ ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ। ਅੱਗ ਉੱਤੇ ਕਾਬੂ ਪਾਉਣ ਤੋਂ ਬਾਅਦ ਫਾਇਰਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਸੀ।