ਕੱਚਾਤੀਵੂ: ਸ੍ਰੀਲੰਕਾ ਮੀਡੀਆ ਵੱਲੋਂ ਭਾਰਤ ਦੀ ਸਖ਼ਤ ਆਲੋਚਨਾ
ਟਿ੍ਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 3 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੱਚਾਤੀਵੂ ਟਾਪੂ ਮਾਮਲੇ ’ਚ ਅਪਣਾਏ ਰੁਖ਼ ’ਤੇ ਵਿਵਾਦ ਖੜ੍ਹਾ ਹੋਣ ਮਗਰੋਂ ਸ੍ਰੀਲੰਕਾ ਦੀ ਸਰਕਾਰ ਨੇ ਵੀ ਇਸ ਮਸਲੇ ’ਤੇ ਥੋੜ੍ਹਾ ਜਿਹਾ ਇਤਰਾਜ਼ ਜ਼ਾਹਿਰ ਕੀਤਾ ਹੈ ਪਰ ਸ੍ਰੀਲੰਕਾ ਦੀ ਮੀਡੀਆ ਵੱਲੋਂ ਇਸ ਮੁੱਦੇ ’ਤੇ ਭਾਰਤ ਦੀ ਵੱਡੇ ਪੱਧਰ ’ਤੇ ਆਲੋਚਨਾ ਕੀਤੀ ਜਾ ਰਹੀ ਹੈ।
ਸ੍ਰੀਲੰਕਾ ਸਰਕਾਰ ਵੱਲੋਂ ਇੱਕੋ-ਇੱਕ ਟਿੱਪਣੀ ਤਾਮਿਲ ਮੂਲ ਦੇ ਮੰਤਰੀ ਜੀਵਨ ਤੋਂਡਾਮਨ ਵੱਲੋਂ ਕੀਤੀ ਗਈ ਹੈ ਜਿਸ ਨੇ ਕਿਹਾ ਹੈ ਕਿ ਇਹ ਟਾਪੂ ਸ੍ਰੀਲੰਕਾ ਦੇ ਅਧਿਕਾਰ ਖੇਤਰ ’ਚ ਪੈਂਦਾ ਹੈ। ਮੰਤਰੀ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਇਸ ਮਾਮਲੇ ’ਚ ਕੋਈ ਅਧਿਕਾਰਤ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਵਿਚਾਲੇ ਬਹੁਤ ਹੀ ਚੰਗੀ ਵਿਦੇਸ਼ ਨੀਤੀ ਦੇ ਸਬੰਧ ਹਨ। ਤੋਂਡਾਮਨ ਦਾ ਸਬੰਧ ਇੱਕ ਪੁਰਾਣੇ ਸਿਆਸੀ ਪਰਿਵਾਰ ਨਾਲ ਹੈ ਜੋ ਕਿ ਆਜ਼ਾਦੀ ਤੋਂ ਪਹਿਲਾਂ ਕੇਂਦਰੀ ਸ੍ਰੀਲੰਕਾ ’ਚ ਰਹਿੰਦੇ ਤਾਮਿਲ ਲੋਕਾਂ ਦੀ ਨੁਮਾਇੰਦੀ ਕਰਦਾ ਰਿਹਾ ਹੈ। ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਪਿਛਲੇ ਸਾਲ ਸ੍ਰੀਲੰਕਾ ਦੇ ਤਾਮਿਲਾਂ ਦੇ ਇੱਥੇ ਆਉਣ ਦੀ ਯਾਦ ਵਿੱਚ ਇੱਕ ਡਾਕ ਟਿਕਟ ਵੀ ਜਾਰੀ ਕੀਤੀ ਸੀ।
ਦੂਜੇ ਪਾਸੇ ਸ੍ਰੀਲੰਕਾ ਦਾ ਮੀਡੀਆ ਇਸ ਮਸਲੇ ’ਤੇ ਸਖ਼ਤੀ ਨਾਲ ਬੋਲ ਰਿਹਾ ਹੈ। ਇੱਥੋਂ ਦੇ ਇੱਕ ਮੋਹਰੀ ਅਖ਼ਬਾਰ ‘ਡੇਅਲੀ ਮਿਰਰ’ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਰਾਜਨੇਤਾ ਦੇ ਸਾਰੇ ਮਿਆਰ ਛੱਡ ਕੇ ਆਪਣੇ ਪ੍ਰਧਾਨ ਮੰਤਰੀ ਨਾਲ ਹੱਥ ਮਿਲਾ ਲਏ ਹਨ ਤਾਂ ਜੋ ਫਿਰਕੂ ਭਾਵਨਾਵਾਂ ਭੜਕਾ ਕੇ ਤਾਮਿਲ ਨਾਡੂ ’ਚ ਕੁਝ ਵੋਟਾਂ ਹਾਸਲ ਕਰ ਸਕਣ। ‘ਦਿ ਡੇਅਲੀ ਫਾਇਨਾਂਸ਼ੀਅਲ ਟਾਈਮਜ਼’ ਨੇ ਇਸ ਮੁੱਦੇ ’ਤੇ ਭਾਜਪਾ ਹੈੱਡਕੁਆਰਟਰ ’ਚ ਜੈਸ਼ੰਕਰ ਦੀ ਪ੍ਰੈੱਸ ਕਾਨਫਰੰਸ ਨੂੰ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ, ਦੱਖਣੀ ਭਾਰਤੀ ਰਾਸ਼ਟਰਵਾਦ ਲਈ ਇੱਕ ਲੁਕਵੀਂ ਅਪੀਲ ਤੇ ਦੋਸਤ ਜਿਹੇ ਗੁਆਂਢੀ ਮੁਲਕ ਲਈ ਇੱਕ ਖਤਰਨਾਕ ਤੇ ਗ਼ੈਰਜ਼ਰੂਰੀ ਭੜਕਾਹਟ ਦੇ ਰੂਪ ’ਚ ਦੇਖਿਆ ਜਿਸ ਦੇ ਨਤੀਜੇ ਗੰਭੀਰ ਹੋ ਸਕਦੇ ਹਨ।