ਕੱਚੇ ਅਧਿਆਪਕ ਯੂਨੀਅਨ ਵੱਲੋਂ ਅਮਨ ਅਰੋੜਾ ਦੀ ਰਿਹਾਇਸ਼ ਘੇਰਨ ਦਾ ਐਲਾਨ
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 18 ਸਤੰਬਰ
ਮੁੜ ਬਹਾਲ ਕੱਚੇ ਅਧਿਆਪਕ 22 ਸਤੰਬਰ ਨੂੰ ਕੈਬਨਿਟ ਮੰਤਰੀ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਦਾ ਘਿਰਾਓ ਕਰਨਗੇ।
ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਈਜੀਐੱਸ, ਆਈਈਵੀ, ਏਆਈਈ, ਐੱਸਟੀਆਰ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਕਾਫੀ ਲੰਬੇ ਸਮੇ ਤੋਂ ਸੰਘਰਸ਼ ਕਰਨ ਉਪਰੰਤ ਵੀ ਪੰਜਾਬ ਸਰਕਾਰ ਵੱਲੋਂ ਸਬ ਕਮੇਟੀ, ਸਿੱਖਿਆ ਮੰਤਰੀ, ਮੁੱਖ ਮੰਤਰੀ ਅਤੇ ਵਿਭਾਗ ਨਾਲ ਮੀਟਿੰਗਾਂ ਕਰਵਾ ਕੇ ਲਾਅਰਿਆਂ ਤੋਂ ਬਿਨਾਂ ਕੋਈ ਹੱਲ ਨਹੀਂ ਕੀਤਾ ਗਿਆ। ਸੂਬਾ ਪ੍ਰਧਾਨ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿਦਗੀ ਦੇ ਅਣਮੁੱਲੇ ਵਰ੍ਹੇ 10-15 ਸਾਲ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੌਰ ’ਤੇ ਨਿਭਾਏ ਹੁਣ ਉਹ ਨਵੀਆਂ ਪੋਸਟਾਂ ਵੀ ਨਹੀਂ ਅਪਲਾਈ ਕਰ ਸਕਦੇ ਅਤੇ ਉਨ੍ਹਾਂ ਕੋਲ ਕੋਈ ਰੁਜ਼ਗਾਰ ਵੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਯੂਨੀਅਨ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਸਬ-ਕਮੇਟੀ ਮੈਂਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰ ਕੇ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਬਹਾਲੀ ਲਈ ਕੋਈ ਪੁਖਤਾ ਹੱਲ ਨਾ ਨਿਕਲੇ ਤਾਂ ਲੜੀਵਾਰ ਗੁਪਤ ਐਕਸ਼ਨ ਆਰੰਭੇ ਜਾਣਗੇ ਤੇ ਮੁੱਖ ਮੰਤਰੀ ਨੂੰ ਹਰ ਸਥਾਨ ’ਤੇ ਘੇਰਿਆ ਜਾਵੇਗਾ। ਇਸ ਮੌਕੇ ਲਖਵਿੰਦਰ ਕੌਰ ਸਾਹੀ, ਕਿਰਨਾ ਕੌਰ ਤੇ ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।