ਰਾਵਣ ਦੇ ਪੁਤਲੇ ’ਤੇ ਸ੍ਰੀ ਰਾਮ ਲਿਖਣ ਵਾਲਾ ਕਾਬੂ
ਪੱਤਰ ਪ੍ਰੇਰਕ
ਜਲੰਧਰ, 14 ਅਕਤੂਬਰ
ਥਾਣਾ ਰਾਮਾ ਮੰਡੀ ਦੀ ਪੁਲੀਸ ਨੇ ਕਾਜ਼ੀ ਮੰਡੀ ’ਚ ਦਸਹਿਰੇ ਦੇ ਤਿਉਹਾਰ ਮੌਕੇ ਰਾਵਣ ਦੇ ਪੁਤਲੇ ’ਤੇ ਰਾਮ ਲਿਖ ਕੇ ਸਾੜਨ ਦੀ ਕੋਸ਼ਿਸ਼ ਕਰਨ ਵਾਲੇ ਸ਼ਰਾਰਤੀ ਅਨਸਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਵੀਰੂ ਵਾਸੀ ਕਾਜ਼ੀ ਮੰਡੀ ਵਜੋਂ ਹੋਈ ਹੈ। ਰਾਮਾਮੰਡੀ ਦੀ ਪੁਲੀਸ ਨੇ ਵਿਸ਼ਵ ਹਿੰਦੂ ਪਰਿਸ਼ਦ ਗਊ ਸੁਰੱਖਿਆ ਦੇ ਮੁਖੀ ਰਾਕੇਸ਼ ਵਾਸੀ ਸੰਤੋਸ਼ੀ ਨਗਰ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਰਾਕੇਸ਼ ਨੇ ਦੱਸਿਆ ਕਿ ਦਸਹਿਰੇ ਮੌਕੇ ਉਹ ਦਮੋਰੀਆ ਪੁਲ ਕੋਲੋਂ ਲੰਘ ਰਿਹਾ ਸੀ ਤਾਂ ਦੇਖਿਆ ਕਿ ਉੱਥੇ ਖੜ੍ਹੇ ਪੁਤਲੇ ’ਤੇ ਰਾਮ ਲਿਖਿਆ ਹੋਇਆ ਸੀ। ਇਸ ਸਬੰਧੀ ਜਦੋਂ ਦਮੋਰੀਆ ਪੁਲ ਨੇੜੇ ਮੌਜੂਦ ਨੌਜਵਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਰਾਮ ਦਾ ਪੁਤਲਾ ਫੂਕਣਗੇ, ਜਿਸ ਦਾ ਉਨ੍ਹਾਂ ਵਿਰੋਧ ਕਰਦਿਆਂ ਆਪਣੇ ਦੋਸਤਾਂ ਨੂੰ ਬੁਲਾ ਕੇ ਪੁਲੀਸ ਨੂੰ ਸੂਚਿਤ ਕੀਤਾ। ਸ਼ਿਕਾਇਤ ਤੋਂ ਬਾਅਦ ਜਦੋਂ ਪੁਲੀਸ ਮੌਕੇ ਤੇ ਪਹੁੰਚੀ ਤਾਂ ਸਾਰੇ ਨੌਜਵਾਨ ਉੱਥੋਂ ਫਰਾਰ ਹੋ ਗਏ। ਉਨ੍ਹਾਂ ਨੇ ਇਕ ਨੌਜਵਾਨ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਅਤੇ ਜਾਂਚ ਤੋਂ ਬਾਅਦ ਪੁਲੀਸ ਨੇ ਕਾਜ਼ੀ ਮੰਡੀ ਦੇ ਰਹਿਣ ਵਾਲੇ ਵੀਰੂ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਉਸ ਦੇ ਹੋਰ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।