ਕਬੱਡੀ: ਖੈਰੀ ਨੇ ਮਥਾਣਾ ਦੀ ਟੀਮ ਨੂੰ ਹਰਾਇਆ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 23 ਅਕਤੂਬਰ
ਮੀਰ ਬਾਬਾ ਪੀਰ ਦੀ ਮਜਾਰ ਪਿੰਡ ਲਖਮੜੀ ਵਿੱਚ ਦੋ ਰੋਜ਼ਾ ਮੇਲਾ ਅੱਜ ਸ਼ੁਰੂ ਹੋ ਗਿਆ। ਸੰਗਰੂਰ ਦੇ ਪੁਲੀਸ ਕਪਤਾਨ ਨਵਰੀਤ ਸਿੰਘ ਵਿਰਕ ਵੱਲੋਂ ਆਪਣੇ ਪਿਤਾ ਪੁਰਖੀ ਪਿੰਡ ਲਖਮੜੀ ਵਿਚ ਪਿੰਡ ਦੇ ਵਡੇਰਿਆਂ ਦੀ ਯਾਦ ਵਿੱਚ ਕਰਵਾਏ ਗਏ ਇਸ ਮੇਲੇ ਦੀ ਸ਼ੁਰੂਆਤ ਮਹਿਲਾ ਕਬੱਡੀ ਮੁਕਾਬਲੇ ਰਾਹੀਂ ਕਰਵਾਈ। ਇਸ ਮੁਕਾਬਲੇ ਵਿੱਚ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਪਹਿਲੇ ਮੁਕਾਬਲੇ ਵਿੱਚ ਪਿੰਡ ਖੈਰੀ ਦੀ ਟੀਮ ਨੇ ਮਥਾਣਾ ਦੀ ਟੀਮ ਨੂੰ ਹਰਾਇਆ।
ਪਹਿਲੇ ਦਿਨ ਵੱਡੀ ਗਿਣਤੀ ਸ਼ਰਧਾਲੂਆਂ ਨੇ ਮੀਰ ਬਾਬਾ ਪੀਰ ਦੀ ਮਜਾਰ ’ਤੇ ਮੱਥਾ ਟੇਕਿਆ। ਇਸ ਮੌਕੇ ਖਿਡਾਰੀਆਂ ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਐੱਸਪੀ ਨਵਰੀਤ ਸਿੰਘ ਨੇ ਕਿਹਾ ਕਿ ਪਿੰਡਾਂ ਵਿਚ ਲੱਗਣ ਵਾਲੇ ਮੇਲਿਆਂ ਵਿਚ ਕਰਵਾਏ ਜਾਣ ਵਾਲੇ ਮੁਕਾਬਲੇ ਸਾਡੀ ਪ੍ਰਾਚੀਨ ਸਭਿਅਤਾ ਤੇ ਸੰਸਕ੍ਰਿਤੀ ਦਾ ਹਿੱਸਾ ਹਨ। ਇਨ੍ਹਾਂ ਮੁਕਾਬਲਿਆਂ ਦਾ ਪਿੰਡਾਂ ਦੇ ਲੋਕ ਖੂਬ ਆਨੰਦ ਮਾਣਦੇ ਹਨ ਤੇ ਉਨ੍ਹਾਂ ਦਾ ਵਧੀਆ ਮਨੋਰੰਜਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੇਂਡੂ ਪੱਧਰ ’ਤੇ ਹੋਣ ਵਾਲੇ ਅਜਿਹੇ ਮੁਕਾਬਲਿਆਂ ਨਾਲ ਜਿੱਥੇ ਲੋਕਾਂ ਵਿੱਚ ਆਪਸੀ ਭਾਈਚਾਰਾ ਵਧਦਾ ਹੈ, ਉਥੇ ਹੀ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਮਿਲਦੀ ਹੈ।
ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੱਜ ਦੇ ਆਧੁਨਿਕ ਯੁਗ ਵਿਚ ਨਸ਼ੇ ਜਿਹੀਆਂ ਬੁਰਾਈਆਂ ਨੂੰ ਤਿਆਗ ਕੇ ਖੇਡਾਂ ’ਚ ਆਪਣੀ ਰੁਚੀ ਦਿਖਾਉਣ। ਅੱਜ ਖੇਡਾਂ ਰੁਜ਼ਗਾਰ ਅਤੇ ਆਰਥਿਕ ਵਿਕਾਸ ਦਾ ਵੱਡਾ ਸਾਧਨ ਬਣ ਗਈਆਂ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਜਿਸ ਅਹੁਦੇ ’ਤੇ ਹਨ, ਸਿਰਫ ਖੇਡਾਂ ਦੀ ਬਦੌਲਤ ਹੀ ਹਨ। ਇਸ ਮੌਕੇ ਸ਼ਮਸ਼ੇਰ ਜੀਤ ਸਿੰਘ ਵਿਰਕ, ਕਰਨਲ ਫ਼ਤਹਿ ਸਿੰਘ ਵਿਰਕ, ਗੁਰਦੀਪ ਸਿੰਘ ਵਿਰਕ ਮੰਗੋਲੀ, ਸਰਪੰਚ ਸਤਪਾਲ ਸਿੰਘ, ਗਗਨਦੀਪ ਸਿੰਘ ਵਿਰਕ, ਡਾਕਟਰ ਅਮਿਤ ਗੈਰੀ ਹਾਜ਼ਰ ਸਨ।