ਪੰਚਾਇਤੀ ਚੋਣ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਦੇ ਪਰਿਵਾਰ ਲਈ ਇਨਸਾਫ਼ ਮੰਗਿਆ
ਪੱਤਰ ਪ੍ਰੇਰਕ
ਮਾਨਸਾ, 23 ਅਕਤੂਬਰ
ਪੰਚਾਇਤੀ ਚੋਣ ਦੌਰਾਨ ਡਿਊਟੀ ਤੋਂ ਬਾਅਦ ਆਪਣੀ ਅਧਿਆਪਕ ਭੈਣ ਨੂੰ ਵਾਪਸ ਲਿਆਂਉਦੇ ਸਮੇਂ ਹਾਦਸੇ ’ਚ ਆਪਣੀ ਜਾਨ ਗੁਆਉਣ ਵਾਲੇ ਨੌਜਵਾਨ ਅਵਤਾਰ ਸਿੰਘ ਅਤੇ ਗੰਭੀਰ ਜ਼ਖ਼ਮੀ ਅਧਿਆਪਕਾ ਪਰਮਜੀਤ ਕੌਰ ਦੇ ਪਰਿਵਾਰ ਨੂੰ ਇਨਸਾਫ ਦੇਣ ਲਈ ਅਧਿਆਪਕ ਜਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ, ਐੱਸਐੱਸਪੀ ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਸਿ) ਮਾਨਸਾ ਨਾਲ ਮੁਲਾਕਾਤ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਜ਼ਖ਼ਮੀ ਅਧਿਆਪਕਾ ਪਰਮਜੀਤ ਕੌਰ ਦੇ ਸਾਰੇ ਇਲਾਜ ਦਾ ਖਰਚ ਪੰਜਾਬ ਸਰਕਾਰ ਚੁੱਕੇ। ਜਥੇਬੰਦੀਆਂ ਅਨੁਸਾਰ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਡਿਪਟੀ ਕਮਿਸਨਰ ਕੁਲਵੰਤ ਸਿੰਘ ਵੱਲੋਂ ਜਥੇਬੰਦੀਆਂ ਦੀ ਮੰਗ ਮੰਨਦੇ ਹੋਏ ਕਿਹਾ ਕਿ ਜ਼ਖ਼ਮੀ ਅਧਿਆਪਕਾ ਦਾ ਸਾਰੇ ਇਲਾਜ ਦਾ ਖਰਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾਵੇਗਾ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਅਤੇ ਮ੍ਰਿਤਕ ਅਵਤਾਰ ਸਿੰਘ ਦੀ ਵਿਧਵਾ ਲਈ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਲਈ ਕੇਸ ਤਿਆਰ ਕਰਕੇ ਸਰਕਾਰ ਕੋਲ ਭੇਜਿਆ ਜਾਵੇਗਾ। ਜਥੇਬੰਦੀਆਂ ਦੁਆਰਾ ਡੀਐਸਪੀ ਸਬ-ਡਿਵੀਜ਼ਨ ਬੂਟਾ ਸਿੰਘ ਨੂੰ ਐੱਸਐੱਸਪੀ ਮਾਨਸਾ ਦੇ ਨਾਂ ਪੱਤਰ ਦੇ ਕੇ ਮੰਗ ਕੀਤੀ ਕਿ ਹਾਦਸੇ ਕਰਨ ਵਾਲੇ ਪੁਲੀਸ ਮੁਲਾਜ਼ਮ ਨੂੰ ਫੌਰੀ ਬਰਖਾਸਤ ਕੀਤਾ ਜਾਵੇ।