ਕਿਸਾਨ ਯੂਨੀਅਨ ਕ੍ਰਾਂਤੀਕਾਰੀ ਔਰਤ ਵਿੰਗ ਵੱਲੋਂ ਇਨਸਾਫ਼ ਮਾਰਚ
ਪੱਤਰ ਪ੍ਰੇਰਕ
ਜ਼ੀਰਾ, 1 ਅਗਸਤ
ਇੱਥੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਔਰਤ ਵਿੰਗ ਵੱਲੋਂ ਸੂਬਾ ਪ੍ਰਧਾਨ ਬਲਦੇਵ ਜ਼ੀਰਾ ਅਤੇ ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ ਬਠਿੰਡਾ ਦੀ ਅਗਵਾਈ ਹੇਠ ਮਨੀਪੁਰ ਦੀਆਂ ਔਰਤਾਂ ਲਈ ਇਨਸਾਫ਼ ਮਾਰਚ ਕੱਢਿਆ ਗਿਆ। ਇਸ ਮੌਕੇ ਦਾਣਾ ਮੰਡੀ ਜ਼ੀਰਾ ਵਿਖੇ ਇੱਕ ਵੱਡਾ ਇਕੱਠ ਕਰਨ ਉਪਰੰਤ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਸਮਾਪਤੀ ਡੀਐੱਸਪੀ ਦਫ਼ਤਰ ਜ਼ੀਰਾ ਅੱਗੇ ਕੀਤੀ ਗਈ। ਇਸ ਮੌਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਅਤੇ ਪਿੱਟ ਸਿਆਪਾ ਕੀਤਾ ਗਿਆ। ਸੂਬਾ ਪ੍ਰਧਾਨ ਬਲਦੇਵ ਜ਼ੀਰਾ, ਸੂਬਾ ਜਨਰਲ ਸਕੱਤਰ ਸੁਖਵਿੰਦਰ ਕੌਰ, ਜਿਲ੍ਹਾ ਪ੍ਰਧਾਨ ਬਲਜੀਤ ਕੌਰ ਮਖੂ, ਲੋਕ ਸੰਗਰਾਮ ਮੋਰਚਾ ਦੇ ਸਹਾਇਕ ਸਕੱਤਰ ਦਲਵਿੰਦਰ ਸਿੰਘ ਸ਼ੇਰ ਖਾਂ ਆਦਿ ਨੇ ਕਿਹਾ ਕਿ ਮਨੀਪੁਰ ਘਟਨਾ ਬਹੁਤ ਸ਼ਰਮ ਵਾਲੀ ਗੱਲ ਹੈ, ਇੱਕ ਪਾਸੇ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਲਗਾ ਰਹੀ ਹੈ ਤੇ ਦੂਜੇ ਪਾਸੇ ਔਰਤਾਂ ਨੂੰ ਨੰਗਿਆਂ ਕਰਕੇ ਵੱਡੇ ਜਲੂਸ ਦੀ ਸ਼ਕਲ ਵਿੱਚ ਘੁਮਾਇਆ ਜਾ ਰਿਹਾ ਹੈ ਅਤੇ ਬਲਾਤਕਾਰ ਕੀਤਾ ਜਾ ਰਿਹਾ। ਇਸ ਮੌਕੇ ਮਹਿਲਾ ਕਿਸਾਨ ਯੂਨੀਅਨ ਦੀ ਆਗੂ ਸੁਖਪਾਲ ਕੌਰ, ਹਰਪ੍ਰੀਤ ਜੀਰਾ ਆਦਿ ਹਾਜ਼ਰ ਸਨ।