For the best experience, open
https://m.punjabitribuneonline.com
on your mobile browser.
Advertisement

ਜਸਟਿਸ ਜੋਰਾ ਸਿੰਘ ਦੀ ਚੋਣ ਲੜਨ ਦੀ ‘ਇੱਛਾ’ ਨੇ ਵਧਾਈ ਹਾਕਮ ਧਿਰ ਦੀ ਚਿੰਤਾ

09:00 AM Apr 12, 2024 IST
ਜਸਟਿਸ ਜੋਰਾ ਸਿੰਘ ਦੀ ਚੋਣ ਲੜਨ ਦੀ ‘ਇੱਛਾ’ ਨੇ ਵਧਾਈ ਹਾਕਮ ਧਿਰ ਦੀ ਚਿੰਤਾ
ਜੋਰਾ ਸਿੰਘ, ਕਰਨੈਲ ਸਿੰਘ ਆਹੀ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 11 ਅਪਰੈਲ
ਫ਼ਰੀਦਕੋਟ ਰਾਖਵਾਂ ਲੋਕ ਸਭਾ ਹਲਕਾ ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਵਰਗੀਆਂ ਘਟਨਾਵਾਂ ਕਾਰਨ ਅਹਿਮ ਹੈ। ਇਨ੍ਹਾਂ ਘਟਨਾਵਾਂ ਦੀ ਬਤੌਰ ਕਮਿਸ਼ਨ ਮੁਖੀ ਜਾਂਚ ਕਰ ਚੁੱਕੇ ਅਤੇ ‘ਆਪ’ ਦੇ ਸੂਬਾ ਆਗੂ ਜਸਟਿਸ (ਰਿਟਾ.) ਜੋਰਾ ਸਿੰਘ ਵੱਲੋਂ ਇਸ ਹਲਕੇ ਤੋਂ ‘ਆਜ਼ਾਦ’ ਚੋਣ ਲੜਨ ਦੀ ਜ਼ਾਹਰ ਕੀਤੀ ਇੱਛਾ ਨੇ ਹਾਕਮ ਧਿਰ ਤੇ ਦੂਜੀਆਂ ਪਾਰਟੀਆਂ ਦੀ ਚਿੰਤਾਵਾਂ ਵਧਾ ਦਿੱਤੀਆਂ। ਹਲਕੇ ਤੋਂ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ ਨੇ ਵੀ ‘ਆਜ਼ਾਦ’ ਚੋਣ ਲੜਨ ਲਈ ਕਮਰਕੱਸੇ ਕੱਸ ਲਏ ਹਨ।
ਜਸਟਿਸ (ਰਿਟਾ.) ਜੋਰਾ ਸਿੰਘ, ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਢੁੱਡੀਕੇ ਦੇ ਜੱਦੀ ਵਸਨੀਕ ਹਨ। ਉਨ੍ਹਾਂ ਕਿਹਾ ਕਿ ਉਹ ‘ਆਪ’ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ। ਇਸ ਹਲਕੇ ਵਿਚ ਉਨ੍ਹਾਂ ਦੀ ਚੰਗੀ ਜਾਣ ਪਛਾਣ ਹੈ। ਪਾਰਟੀ ਦੇ ਕਾਨੂੰਨੀ ਸੈੱਲ ਦੇ ਸੂਬਾਈ ਪ੍ਰਧਾਨ ਰਹਿ ਚੁੱਕੇ ਹਨ। ਉਹ ਪਾਰਟੀ ਅੰਦਰ ਰਹਿ ਕੇ ਹੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਨ੍ਹਾਂ ਨੂੰ ਸੂਬੇ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੱਲੋਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਘਟਨਾਵਾਂ ਬਹਿਬਲ ਕਲਾਂ ਕਾਂਡ ਦੀ ਜਾਂਚ ਲਈ ਕਮਿਸ਼ਨ ਮੁਖੀ ਮੁਕੱਰਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਜਾਂਚ ਹੁਣ ਤੱਕ ਸੂਬੇ ਦੀ ਕਿਸੇ ਵੀ ਹਾਕਮ ਧਿਰ ਨੇ ਜਨਤਕ ਨਹੀਂ ਕੀਤੀ। ਉਨ੍ਹਾਂ ਬੜੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਇਹ ਰਿਪੋਰਟ ਤਿਆਰ ਕੀਤੀ ਸੀ। ਉਨ੍ਹਾਂ ਚੋਣ ਲੜਨ ਲਈ ਪੱਕਾ ਮਨ ਬਣਾ ਲਿਆ ਹੈ ਤੇ ਚੋਣ ਪ੍ਰਚਾਰ ਦੌਰਾਨ ਸਿਆਸੀ ਅਤੇ ਅਫ਼ਸਰਸ਼ਾਹੀ ਗੱਠਜੋੜ ਦੀ ਭੂਮਿਕਾ ਤੋਂ ਲੋਕਾਂ ਨੂੰ ਜਾਣੂੰ ਕਰਵਾਉਣਗੇ।
ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਨੈਲ ਸਿੰਘ ਆਹੀ ਨੇ ਕਿਹਾ ਕਿ ਉਹ ਚੋਣ ਪਿੜ ਵਿਚ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾਉਣਗੇ। ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਰਵਾਇਤੀ ਪਾਰਟੀਆਂ ਦੇ ਅੰਦਰੂਨੀ ਤੇ ਬਾਹਰੀ ਕਾਟੋ-ਕਲੇਸ਼ ਤੋਂ ਭਲੇ ਦੀ ਆਸ ਨਹੀਂ ਹੋ ਸਕਦੀ। ਉਹ ਮੂਲ ਰੂਪ ਵਿਚ ਬਰਨਾਲਾ ਜ਼ਿਲ੍ਹੇ ਨਾਲ ਸਬੰਧ ਰਖਦੇ ਹਨ ਪਰ ਇਸ ਹਲਕੇ ਵਿਚ ਜ਼ਿਲ੍ਹਾ ਤੇ ਸੈਸ਼ਨ ਜੱਜ ਸੇਵਾਵਾਂ ਦੇਣ ਮਗਰੋਂ ਸੇਵਾ ਮੁਕਤੀ ’ਤੇ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਣ ਕਮੇਟੀ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਿਰੋਜ਼ਪੁਰ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਵੋਟਰਾਂ ਨਾਲ ਸੰਪਰਕ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×