ਦਸਤਕ ਤਾਂ ਦਿਓ
ਡਾ. ਗੁਰਬਖ਼ਸ਼ ਸਿੰਘ ਭੰਡਾਲ
ਅੱਜਕੱਲ੍ਹ ਬਹੁਤ ਘੱਟ ਲੋਕ ਸਾਡੇ ਦਰਾਂ ’ਤੇ ਦਸਤਕ ਦਿੰਦੇ ਹਨ ਕਿਉਂਕਿ ਅਸੀਂ ਦਸਤਕ ਦਾ ਹੁੰਗਾਰਾ ਹੀ ਨਹੀਂ ਭਰਦੇ। ਅਸੀਂ ਘਰਾਂ ਨੂੰ ਹਾਊਸ ਨੰਬਰ ਬਣਾ ਲਿਆ ਏ ਅਤੇ ਹਾਊਸ ਨੰਬਰ ਬਣੇ ਘਰਾਂ ਵਿੱਚੋਂ ਹੁੰਗਾਰੇ ਦੀ ਆਸ ਕਿੰਝ ਰੱਖੋਗੇ? ਕਦੇ ਵਕਤ ਸੀ ਕਿ ਲੋਕ ਬਿਨਾਂ ਦਸਤਕ ਤੋਂ ਹੀ ਘਰ ਆ ਜਾਂਦੇ ਅਤੇ ਨਿੱਕੇ ਜਿਹੇ ਘਰ ਨੂੰ ਵੱਡੇ ਅਰਥ ਦੇ ਦਿੰਦੇ। ਉਨ੍ਹਾਂ ਸਮਿਆਂ ਵਿੱਚ ਘਰ ਤਾਂ ਨਿੱਕੇ ਸਨ, ਪਰ ਲੋਕਾਂ ਦੇ ਦਿਲ ਵੱਡੇ ਸਨ। ਕਿਸੇ ਨੂੰ ਜੀ-ਆਇਆਂ ਕਹਿਣ ਲਈ ਵਿਹੜੇ ਦਾ ਵੱਡਾ ਹੋਣਾ ਜ਼ਰੂਰੀ ਨਹੀਂ, ਪਰ ਘਰ ਵਾਲੇ ਵੱਡੇ ਹੋਣੇ ਚਾਹੀਦੇ ਹਨ।
ਯਾਦ ਰੱਖਣਾ! ਸਿਰਫ਼ ਆਪਣੇ ਹੀ ਆਪਣਿਆਂ ਦੇ ਦਰਾਂ ’ਤੇ ਦਸਤਕ ਦਿੰਦੇ ਨੇ। ਜੇਕਰ ਆਪਣੇ ਹੀ ਆਪਣਿਆਂ ਲਈ ਦਰ ਨਹੀਂ ਖੋਲ੍ਹਣਗੇ ਤਾਂ ਕੌਣ ਦਰਵਾਜ਼ਾ ਖੋਲ੍ਹੇਗਾ? ਬੰਦ ਦਰਾਂ ਤੋਂ ਵਾਪਸ ਪਰਤਦੀ ਦਸਤਕ ਦੀ ਖਾਮੋਸ਼ੀ, ਦਰਵਾਜ਼ਿਆਂ ’ਤੇ ਇੱਕ ਚੁੱਪ ਚਿਪਕਾ ਜਾਂਦੀ ਹੈ ਅਤੇ ਇਸ ਚੁੱਪ ਨੂੰ ਤੋੜਨ ਲਈ ਬਹੁਤ ਤਰਦੱਦ ਕਰਨਾ ਪੈਂਦਾ। ਦਸਤਕ ਬਹੁਤ ਰੂਪਾਂ ਵਿੱਚ ਸਾਡੇ ਸਨਮੁੱਖ ਹੁੰਦੀ ਹੈ। ਅਸੀਂ ਦਸਤਕ ਨੂੰ ਕਿਸ ਰੂਪ ਵਿੱਚ, ਕਿੰਝ ਤੇ ਕਦੋਂ ਮਿਲਦੇ ਹਾਂ? ਇਸ ਦਾ ਹੁੰਗਾਰਾ ਕਿਵੇਂ ਭਰਦੇ ਹਾਂ? ਕੀ ਅਸੀਂ ਇਸ ਦਾ ਸੁਆਗਤ ਕਰਦੇ ਹਾਂ ਜਾਂ ਨਿਰਾਦਰੀ ਕਰਕੇ ਵਾਪਸ ਮੋੜਦੇ ਹਾਂ, ਇਹੀ ਤਾਂ ਮਨੁੱਖ ਦਾ ਅਜਿਹਾ ਅੰਦਰਲਾ ਸੱਚ ਹੁੰਦਾ ਹੈ ਜਿਸ ਤੋਂ ਕਈ ਵਾਰ ਬੰਦਾ ਖ਼ੁਦ ਵੀ ਅਣਜਾਣ ਹੁੰਦਾ। ਸੁਪਨੇ ਜਦ ਮਸਤਕ ’ਤੇ ਦਸਤਕ ਦਿੰਦੇ ਹਨ ਤਾਂ ਸਾਡੇ ਨੈਣਾਂ ਵਿੱਚ ਉਤਰਨ ਲਈ ਲਿਲਕਦੇ ਹਨ, ਪਰ ਅਸੀਂ ਇਨ੍ਹਾਂ ਨੂੰ ਬੇਧਿਆਨ ਕਰਦੇ ਹਾਂ ਤਾਂ ਮਸੋਸੇ ਸੁਪਨਿਆਂ ਦੇ ਦਰਦ ਵਿੱਚ ਸਰਦ ਹੋ ਜਾਂਦੇ ਹਾਂ, ਚਾਅ ਅਤੇ ਭਵਿੱਖੀ ਦਿਸਹੱਦਿਆਂ ਨੂੰ ਜਾਂਦੀ ਪਗਡੰਡੀ ਰਾਹ ਵਿੱਚ ਹੀ ਦਮ ਤੋੜ ਜਾਂਦੀ ਹੈ।
ਕੁਦਰਤ ਦੀ ਇਨਾਇਤ ਜਦ ਪੱਤਝੜ ਦੀਆਂ ਬਰੂਹਾਂ ’ਤੇ ਦਸਤਕ ਦਿੰਦੀ ਹੈ ਤਾਂ ਬਹਾਰਾਂ ਦੀ ਆਮਦ ਕੁਦਰਤ ਨੂੰ ਰੰਗ ਬਿਰੰਗਤਾ ਨਾਲ ਲਬਰੇਜ਼ ਕਰਦੀ ਹੈ। ਇਹੀ ਸੁੰਦਰਤਾ ਮਨੁੱਖ ਦੀ ਮਾਨਸਿਕਤਾ ਨੂੰ ਬੰਦਿਆਈ ਦੇ ਰਾਹ ਤੋਰਦੀ ਹੈ। ਇਨ੍ਹਾਂ ਰਾਹਾਂ ਵਿੱਚੋਂ ਹੀ ਮਨੁੱਖ ਨੂੰ ਅਸੀਮ ਨਿਆਮਤਾਂ ਹਾਸਲ ਹੁੰਦੀਆਂ ਹਨ। ਕੁਦਰਤ ਅਤੇ ਮਨੁੱਖ ਦੀ ਇਕਸੁਰਤਾ ਦਾ ਰਾਜ਼ ਹੀ ਕੁਦਰਤ ਦੀ ਹਰ ਦਸਤਕ ਨੂੰ ਸੁਣਨਾ ਅਤੇ ਸਾਜ਼ਗਾਰ ਤਰੀਕੇ ਨਾਲ ਇਸ ਦਸਤਕ ਦਾ ਹੁੰਗਾਰਾ ਭਰਨਾ ਹੁੰਦਾ ਹੈ। ਇਹ ਚਾਨਣੀ ਦੀ ਮਿੰਨੀ ਮਿੰਨੀ ਟਕੋਰ ਹੀ ਹੁੰਦੀ ਹੈ ਜਿਹੜੀ ਛੱਤ ’ਤੇ ਕੋਲ-ਕੋਲ ਲੇਟਿਆਂ ਮੁਹੱਬਤੀ ਜਿਊੜਿਆਂ ਦੇ ਮਨਾਂ ਵਿੱਚ ਮਿਲਾਪ ਦੀ ਤਾਂਘ ਪੈਦਾ ਕਰਦੀ ਹੈ। ਫਿਰ ਚਾਨਣੀ ਦੀ ਚਾਦਰ ਹੇਠ ਦੋ ਰੂਹਾਂ ਦਾ ਮਿਲਾਪ ਰਾਤ ਨੂੰ ਰੰਗੀਨੀ ਬਖ਼ਸ਼ਦਾ ਹੈ।
ਕਣੀਆਂ ਦੀ ਸੰਗੀਤਕ ਦਸਤਕ ਹੀ ਤਪਦੇ ਮਾਰੂਥਲਾਂ ਨੂੰ ਠੰਢਕ ਪਹੁੰਚਾਉਂਦੀ ਹੈ ਅਤੇ ਪਿਆਸੇ ਦੀ ਪਿਆਸ ਮਿਟਾਉਂਦੀ ਹੈ। ਇਹ ਕਣੀਆਂ ਹੀ ਹੁੰਦੀਆਂ ਹਨ ਜਿਹੜੀਆਂ ਮੋਹਲੇਧਾਰ ਮੀਂਹ ਬਣ ਕੇ ਨਦੀਆਂ-ਨਾਲਿਆਂ ਦੀਆਂ ਜਨਮਦਾਤੀਆਂ ਬਣਦੀਆਂ ਹਨ। ਫਿਰ ਦਰਿਆਵਾਂ ਦਾ ਰੂਪ ਧਾਰ ਹੌਲੀ ਹੌਲੀ ਸਮੁੰਦਰ ਵਿੱਚ ਸਮਾ ਜਾਣ ਲਈ ਕਾਹਲੀ ਕਰਦੀਆਂ ਹਨ ਕਿਉਂਕਿ ਬਹੁਤ ਬਿਖੜਾ ਪਰ ਸੁਖਦਮਈ ਸਫ਼ਰ ਹੁੰਦਾ ਹੈ ਕਿਸੇ ਕਣੀ ਦਾ ਸਮੁੰਦਰ ਬਣ ਜਾਣਾ। ਜਦ ਕਿਸੇ ਦਾ ਬੋਲ, ਸ਼ਬਦ, ਇਸ਼ਾਰਾ ਜਾਂ ਹਰਕਤ ਤੁਹਾਡੇ ਜ਼ਿਹਨ ਵਿੱਚ ਦਸਤਕ ਰਾਹੀਂ ਨਾਦੀ ਰੂਪ ਵਿੱਚ ਪ੍ਰਗਟ ਹੁੰਦੀ ਹੈ ਤਾਂ ਕਈ ਵਾਰ ਇਹ ਉਮਰਾਂ ਦਾ ਸਾਥ ਬਣ ਜਾਂਦੀ ਹੈ, ਕਈ ਵਾਰ ਔਕੜਾਂ ਭਰੇ ਰਾਹਾਂ ਦਾ ਹਮਸਫ਼ਰ ਹੋ ਜਾਂਦੀ ਹੈ, ਕਈ ਵਾਰ ਸੁਪਨਿਆਂ ਦੀ ਸਾਂਝ ਪੈਦਾ ਹੋ ਜਾਂਦੀ ਹੈ, ਕਈ ਵਾਰ ਤਰਜੀਹਾਂ ਦਾ ਮੇਲ ਹੋ ਜਾਂਦਾ ਹੈ ਅਤੇ ਵਿਰਲੇ ਵਕਤ ਇਹ ਦਸਤਕ ਦਿਲ ਤੋਂ ਦਿਲ ਤੀਕ ਦਾ ਪੈਂਡਾ ਤੈਅ ਕਰਕੇ ਇੱਕਮਿਕਤਾ ਦਾ ਸਬੱਬ ਵੀ ਬਣਦੀ ਹੈ। ਇਸ ਸਬੱਬ ਵਿੱਚ ਅੰਤਰੀਵ ਦਾ ਸੰਪੂਰਨ ਰੂਪ ਵਿੱਚ ਪਿਘਲ ਜਾਣਾ ਸੁਭਾਵਕ ਹੁੰਦਾ ਹੈ।
ਜਨਮ ਤੋਂ ਬਾਅਦ ਬੱਚੇ ਦੀ ਪਹਿਲੀ ਕਿਲਕਾਰੀ ਇਸ ਜਹਾਨ ਵਿੱਚ ਆਗਮਨ ਦਾ ਸ਼ੁਭ ਸੰਦੇਸ਼ ਹੈ। ਨਵੀਂ ਦੁਨੀਆ, ਨਵੇਂ ਲੋਕ ਅਤੇ ਨਵਾਂ ਚੌਗਿਰਦਾ ਅਤੇ ਇਸ ਨਵੇਂਪਣ ਵਿੱਚ ਹੌਲੀ ਹੌਲੀ ਬੱਚੇ ਦਾ ਮਾਸੂਮਪੁਣਾ, ਸਾਦਗੀ , ਕੋਮਲਤਾ ਅਤੇ ਪਾਕੀਜ਼ਗੀ ਪਲੀਤ ਹੋ ਜਾਂਦੀ ਹੈ। ਫਿਰ ਬੱਚਾ ਇੱਕ ਮਨੁੱਖ ਬਣ ਜਾਂਦਾ ਹੈ, ਪਰ ਬਹੁਤ ਫ਼ਰਕ ਹੁੰਦਾ ਹੈ ਬੱਚੇ ਤੇ ਮਨੁੱਖ ਵਿੱਚ, ਕਿਉਂਕਿ ਬੱਚਾ ਹਮੇਸ਼ਾਂ ਇਨਸਾਨ ਹੁੰਦਾ ਹੈ ਅਤੇ ਜਦ ਕਿ ਵਿਰਲਾ ਟਾਵਾਂ ਮਨੁੱਖ ਹੀ ਇਨਸਾਨ ਕਹਿਲਾਉਣ ਦਾ ਹੱਕਦਾਰ ਹੈ।
ਕਈ ਵਾਰ ਉਡੀਕ ਕਰਦਿਆਂ,
ਦਰ ਹਿਰਖ਼ ਵੀ ਕਰਦਾ;
ਬੰਦ ਦਰ ਬੜਾ ਉਡੀਕਦਾ ਰਿਹਾ
ਕਿ ਕਦੇ ਤਾਂ ਕੋਈ ਆਵੇ
ਜੰਗਾਲੇ ਦਰਾਂ ਨੂੰ ਖੜਕਾਵੇ
ਘਰ ਦਰ ਨੂੰ ਖੋਲ੍ਹੇ
ਪਾਣੀ ਡੋਲ੍ਹੇ
ਤੇ ਤੇਲ ਚੋਵੇ
ਤੇ ਉਹ ਪੋਲੇ ਪੋਲੇ ਪੱਬੀਂ ਅੰਦਰ ਆਵੇ
ਤੇ ਜ਼ਿੰਦਗੀ ਦੇ ਜਸ਼ਨ ਮਨਾਵੇ
ਤੇ ਘਰ, ਘਰ ਬਣ ਜਾਵੇ।
ਤੇ ਸੱਚੀਂ ਇੱਕ ਦਿਨ ਜਦ ਮੇਰੇ ਦਰੀਂਂ ਸੱਜਣਾਂ ਨੇ ਦਸਤਕ ਦਿੱਤੀ। ਮੈਂ ਬੂਹਾ ਖੋਲ੍ਹਿਆ। ਸਾਹਮਣੇ ਬਹਾਰ ਖੜ੍ਹੀ ਮੁਸਕਰਾ ਰਹੀ ਸੀ। ਦਰਾਂ ’ਤੇ ਰੂਹ ਦਾ ਪਾਣੀ ਅਤੇ ਪਾਕੀਜ਼ਗੀ ਦਾ ਤੇਲ ਚੋਇਆ। ਬਹਾਰ ਨੇ ਅੰਦਰ ਆ ਕੇ ਮੇਰੇ ਮਕਾਨ ਨੂੰ ਘਰ ਬਣਾ ਦਿੱਤਾ। ਕੰਧਾਂ ਜਿਊਣ ਜੋਗੀਆਂ ਹੋ ਗਈਆਂ। ਰੌਸ਼ਨਦਾਨਾਂ ਵਿੱਚ ਚਾਨਣ ਬਰਸਣ ਲੱਗਾ ਅਤੇ ਖਿੜਕੀਆਂ ਨੇ ਤਾਜ਼ਗੀ ਨੂੰ ਕਮਰੇ ਦੀ ਹੁੰਮਸੀ ਹਵਾ ਦੇ ਨਾਮ ਲਾਇਆ। ਜਦ ਬੁੱਢੇ ਮਾਪੇ ਸਿਵਿਆਂ ਦੀ ਰਾਖ਼ ਬਣਨ ਤੋਂ ਪਹਿਲਾਂ ਆਪਣੇ ਪ੍ਰਦੇਸੀ ਬੱਚਿਆਂ ਨੂੰ ਮਿਲਣ ਲਈ ਤਾਂਘਦੇ ਹੋਣ। ਬੱਚਿਆਂ ਦੀ ਦਸਤਕ ਸੁਣਨ ਲਈ ਅਹੁਲਦੇ ਹੋਣ, ਪਰ ਬੱਚੇ ਉਨ੍ਹਾਂ ਦੀ ਉਡੀਕ ਪੂਰੀ ਕਰਨ ਦੀ ਬਜਾਏ ਬੇਰੁਖੀ ਵਿੱਚ ਧਕੇਲ ਦੇਣ ਅਤੇ ਮਾਪੇ ਆਪਣੇ ਬੁੱਢੇ ਦਰਾਂ ’ਤੇ ਬੈਠੇ ਹੀ ਆਪਣੇ ਆਪ ਨੂੰ ਹੂੰਝਆਂ ਵਿੱਚ ਖੋਰਦੇ ਆਖਰੀ ਸਫ਼ਰ ’ਤੇ ਤੁਰ ਜਾਣ ਤਾਂ ਦਸਤਕ ਦੀ ਨਮੋਸ਼ੀ ਦਾ ਕਿੰਝ ਸਾਹਮਣਾ ਕਰਨਗੇ ਬੱਚੇ? ਯਾਦ ਰੱਖਣਾ! ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਕਿਸੇ ਨੇ ਨਹੀਂ ਕਹਿਣਾ, “ਬੱਚੜਿਆਂ ਕਦੋਂ ਪਿੰਡ ਆਵੇਂਗਾ? ਤੈਨੂੰ ਮਿਲਣ ਨੂੰ ਬਹੁਤ ਜੀਅ ਕਰਦਾ ਹੈ, ਭੈੜਿਆ ਕਦੇ ਤਾਂ ਆਪਣੇ ਬੱਚਿਆਂ ਨੂੰ ਮਿਲਾ ਜਾ। ਅਸੀਂ ਆਪਣੇ ਪੋਤੇ-ਪੋਤਰੀਆਂ/ਦੋਹਤੇ-ਦੋਹਤਰੀਆਂ ਨਾਲ ਲਾਡ ਲਡਾ ਸਕੀਏ।” ਫਿਰ ਇੱਕ ਅਫ਼ਸੋਸ ਅਤੇ ਪਛਤਾਵਾ ਹੀ ਤੁਹਾਡੇ ਜੀਵਨ ਦਾ ਹਿੱਸਾ ਬਣ ਸਾਰੀ ਉਮਰ ਧੁਖਦੀ ਧੂਣੀ ਵਰਗੇ ਪਲਾਂ ਨੂੰ ਜਿਊਣ ਲਈ ਮਜਬੂਰ ਕਰੇਗਾ ਬਸ਼ਰਤੇ ਕਿ ਤੁਹਾਡੀ ਆਤਮਾ ਜਿਉਂਦੀ ਹੋਵੇ। ਵਰਨਾ ਰੋਬੋਟ ਵਰਗੇ ਬੱਚਿਆਂ ’ਚ ਕਦੋਂ ਹੁੰਦੀਆਂ ਨੇ ਭਾਵਨਾਵਾਂ? ਉਨ੍ਹਾਂ ਲਈ ਕਿਸੇ ਦੀਆਂ ਭਾਵਨਾਵਾਂ ਦੀ ਕੋਈ ਤਰਜੀਹ ਨਹੀਂ। ਭਾਵੇਂ ਉਹ ਉਨ੍ਹਾਂ ਦੇ ਮਾਪੇ ਹੋਣ, ਭੈਣ/ਭਰਾ ਹੋਣ ਜਾਂ ਆਪਣੇ ਹੀ ਬੱਚੇ ਹੋਣ।
ਸੁਬ੍ਹਾ ਦਸਤਕ ਦਿੰਦੀ ਤਾਂ ਸੂਰਜ ਧਰਤੀ ਦੇ ਵਿਹੜੇ ਉਤਰਦਾ। ਰਿਸ਼ਮਾਂ ਧਰਤੀ ਨੂੰ ਸੋਨਰੰਗੀ ਕਰਦੀਆਂ। ਫੁੱਲ-ਪੱਤੀਆਂ ’ਤੇ ਪਈ ਤਰੇਲ ਵਿੱਚੋਂ ਰੰਗ ਲਿਸ਼ਕਦੇ। ਆਲ੍ਹਣਿਆਂ ਵਿੱਚ ਹਿੱਲਜੁਲ ਹੁੰਦੀ। ਪੰਛੀਆਂ ਦੇ ਪਰਾਂ ਵਿੱਚ ਭਰੀ ਜਾਂਦੀ ਪਰਵਾਜ਼ ਅਤੇ ਉਹ ਨਵੇਂ ਅੰਦਾਜ਼ ਨਾਲ ਨਵੇਂ ਅੰਬਰਾਂ ਦੀ ਤਲਾਸ਼ ਵਿੱਚ ਉੱਚੀ ਉਡਾਣ ਭਰਦੇ। ਫਿਜ਼ਾ ਵਿੱਚ ਤਾਜ਼ਗੀ ਹੁੰਦੀ ਅਤੇ ਇਹੀ ਤਰੋ-ਤਾਜ਼ਗੀ ਮਨੁੱਖੀ ਸੋਚ ਅਤੇ ਸੰਵੇਦਨਾ ਵਿੱਚ ਪੈਦਾ ਹੁੰਦੀ। ਇਸ ਵਿੱਚੋਂ ਹੀ ਮਨੁੱਖੀ ਬਿਰਤੀਆਂ ਨੂੰ ਕੁਝ ਨਵਾਂ, ਨਰੋਇਆ ਤੇ ਚੰਗੇਰਾ ਕਰਨ ਦੀ ਹਿੰਮਤ ਅਤੇ ਹੌਸਲਾ ਮਿਲਦਾ। ਸੁਪਨਿਆਂ, ਸੋਚਾਂ, ਸੇਧਾਂ ਅਤੇ ਸਫਲਤਾਵਾਂ ਦਾ ਇੱਕ ਨਵਾਂ ਕਾਫ਼ਲਾ ਪਿੰਡ ਦੀ ਜੂਹ ’ਚੋਂ ਬਾਹਰ ਨਿਕਲ, ਨਵੀਆਂ ਪਗਡੰਡੀਆਂ ਸਿਰਜਣ ਦੇ ਆਹਰ ਵਿੱਚ ਰੁੱਝ ਜਾਂਦਾ। ਇਹੀ ਰੁਝੇਵਾਂ ਹੀ ਜ਼ਿੰਦਗੀ ਨੂੰ ਨਵੇਂ ਅਰਥ ਦਿੰਦਾ ਅਤੇ ਇਸ ਨੂੰ ਜਿਉਣ ਜੋਗਾ ਕਰਦਾ।
ਦਸਤਕ ਦਰਦ ਵੀ ਅਤੇ ਦਰਿਆਦਿਲੀ ਵੀ, ਦਿੱਬ-ਦ੍ਰਿਸ਼ਟੀ ਵੀ ਅਤੇ ਦਵਾ-ਦਾਰੂ ਵੀ ਹੈ। ਦਰਿੰਦਗੀ ਵੀ ਅਤੇ ਦੰਭ ਵੀ ਹੈ। ਦੱਛਣਾ ਵੀ ਅਤੇ ਦਾਨ ਵੀ। ਦਮਦਾਰੀ ਵੀ ਅਤੇ ਦਿਲਦਾਰੀ ਵੀ। ਦਿਲ-ਲਗੀ ਵੀ ਤੇ ਦੋਖੀ ਵੀ। ਇਹ ਤਾਂ ਦਸਤਕ ਦੇਣ ਵਾਲੇ ਦੀ ਤਾਸੀਰ ’ਤੇ ਨਿਰਭਰ ਕਰਦਾ ਹੈ। ਜਦ ਦਰਦ ਕਿਸੇ ਦਰ ’ਤੇ ਦਸਤਕ ਦਿੰਦਾ ਹੈ ਤਾਂ ਇਹ ਦਰਾਂ ਦੀ ਦਲੇਰੀ, ਸਿਰੜ, ਸਾਧਨਾ ਅਤੇ ਸਖ਼ਤ ਜਾਨ ਨੂੰ ਪਰਖਦਾ ਤਾਂ ਕਿ ਪਤਾ ਲੱਗ ਸਕੇ ਕਿ ਕੋਈ ਦਰਦ ਨੂੰ ਕਿਵੇਂ ਮਿਲਦਾ? ਇਸ ਦੇ ਸਨਮੁੱਖ ਹੋ ਇਸ ਵਿੱਚੋਂ ਕਿਹੜੀ ਅਰਥਕਾਰੀ ਕਰਦਾ? ਜ਼ਿੰਦਗੀ ਨੂੰ ਕਿਹੜੇ ਪੈਮਾਨੇ ਨਾਲ ਤੋਲਦਾ ਅਤੇ ਇਸ ਦੀਆਂ ਤਰਤੀਬਾਂ ਨਿਰਧਾਰਤ ਕਰਦਾ ਹੈ। ਦਸਤਕ ਇੰਝ ਵੀ ਦਸਤਕ ਦਿੰਦੀ ਹੈ। ਸਰਘੀ ਨੇ ਦਸਤਕ ਦਿੱਤੀ ਤਾਂ ਅੰਬਰ ਨੇ ਬੂਹਾ ਖੋਲ੍ਹਿਆ। ਸੂਰਜ ਦੀਆਂ ਕਿਰਨਾਂ ਨੇ ਧਰਤੀ ਦਾ ਮੁੱਖ ਚੁੰਮ ਲਿਆ।
ਬਹਾਰ ਨੇ ਦਸਤਕ ਦਿੱਤੀ ਤਾਂ ਟਾਹਣੀਆਂ ਨੇ ਅੰਗੜਾਈ ਭਰੀ। ਕਰੂੰਬਲਾਂ ਨੇ ਅੱਖ ਪੁੱਟੀ ਅਤੇ ਬਿਰਖ਼-ਵਿਹੜਾ ਭਰ ਗਿਆ। ਬੰਦ ਦਰਾਂ ’ਤੇ ਸੱਜਣ ਨੇ ਦਸਤਕ ਦਿੱਤੀ। ਬੂਹਾ ਖੁੱਲ੍ਹਿਆ। ਘਰ ਮਹਿਕ ਨਾਲ ਭਰ ਗਿਆ। ਮੈਂ ਬੰਦ ਪਿਆ ਜੰਗਾਲਿਆ ਗੇਟ ਖੋਲ੍ਹਿਆ। ਮਕਾਨ, ਘਰ ਬਣ ਗਿਆ। ਮੈਂ ਕਮਰੇ ਵਿੱਚ ਪੈਰ ਪਾਇਆ ਪਸਰੀ ਹੋਈ ਚੁੱਪ ਗਾਉਣ ਲੱਗ ਪਈ। ਮੈਂ ਬਿਸਤਰੇ ’ਤੇ ਲੇਟ ਸੁਸਤਾਉਣ ਲੱਗਾ, ਪਲੰਘ, ਸੇਜ ਬਣ ਗਿਆ। ਸੰਦਲੀ ਸੁਪਨਾ ਨੈਣਾਂ ’ਚ ਤਾਰੀ ਹੋਇਆ। ਅੱਖਾਂ ’ਚ ਲਾਲ ਡੋਰੇ ਉਤਰ ਆਏ। ਮਨ ’ਚ ਜਿਊਣ ਦਾ ਚਾਅ ਮਚਲਣ ਲੱਗਾ। ਉਮਰ ਪਿਛਲਖੁਰੀ ਹੋ ਤੁਰੀ। ਪ੍ਰਦੇਸ ਨੂੰ ਤੁਰਨ ਲੱਗਿਆਂ ਮੈਂ ਘਰੋਂ ਬਾਹਰ ਪੈਰ ਪੁੱਟਿਆ। ਦਰਾਂ ਨੇ ਲੇਰ ਮਾਰੀ। ਮੇਰੀ ਨਿਗਾਹ ਪਿਛਾਂਹ ਨੂੰ ਪਰਤੀ। ਮੇਰੇ ਲਈ ਬਹੁਤ ਔਖਾ ਸੀ ਅਗਾਂਹ ਨੂੰ ਤੁਰਦਿਆਂ, ਪਿਛਾਂਹ ਨੂੰ ਝਾਕਦੇ ਰਹਿਣਾ। ਮੈਂ ਵੱਟ ’ਤੇ ਪੈਰ ਧਰਿਆ। ਖੇਤ ’ਚ ਉੱਗੀ ਕਬਰ ਦੀ ਧਾਅ ਨਿਕਲ ਗਈ। ਮੈਂ ਸਬਮਰਸੀਬਲ ਮੋਟਰ ਦਾ ਬਟਣ ਨੱਪਿਆ। ਧਰਤੀ ਦੇ ਹੰਝੂਆਂ ਨਾਲ ਪਾਣੀ ਖਾਰਾ ਹੋ ਗਿਆ। ਮੈਂ ਪਹਿਲੀ ਵਾਰ ਵਾਹਗੇ ਦੀ ਲੀਕ ਟੱਪਿਆ। ਪੁਰਖ਼ਿਆਂ ਦੀ ਧਰਤੀ ਪੈਰਾਂ ਨੂੰ ਚਿੰਬੜ ਗਈ।
ਚੌਰਸਤੇ ’ਚ ਬੰਬ ਫਟਿਆ। ਸਮੇਂ ਦੀ ਵੱਖੀ ਉੱਧੜ ਗਈ ਅਤੇ ਖੂਨ ’ਚ ਰੰਗੀ ਗਈ ਮਾਂ-ਧਰਤ। ਮਨਾਂ ’ਚ ਸੌੜੀਆਂ ਵਲਗਣਾਂ ਉੱਗੀਆਂ। ਵਿਚਾਰਾਂ ਨੂੰ ਦਫ਼ਨਾਉਣ ਲਈ ਕਬਰਾਂ ਘਟ ਗਈਆਂ। ਪੌਣ ਨੇ ਦਰਦੀਲੀ ਹੂਕ ਦਾ ਹੁੰਗਾਰਾ ਭਰਿਆ।
ਦਸਤਕ ਸਿਰਫ਼ ਦਰਾਂ ’ਤੇ ਹੀ ਨਹੀਂ ਦਿੱਤੀ ਜਾਂਦੀ। ਮਨਾਂ ’ਤੇ ਦਸਤਕ ਦਿਓ ਅਤੇ ਜੇਕਰ ਦੂਸਰੇ ਪਾਸਿਉਂ ਦਸਤਕ ਦਾ ਹੁੰਗਾਰਾ ਮਿਲ ਜਾਵੇ ਤਾਂ ਜ਼ਿੰਦਗੀ ਮਿਲ ਜਾਂਦੀ ਹੈ ਅਤੇ ਜੇਕਰ ਦਸਤਕ ਨੂੰ ਨਿਰਾਸ਼ ਮੁੜਨਾ ਪਵੇ ਤਾਂ ਮਨ ਦਾ ਮਰਨਾ ਹੋ ਜਾਂਦਾ ਹੈ।
ਅਕਸਰ ਹੀ;
ਕਦੇ ਵੀ ਦਸਤਕ ਦੇ ਦਿੰਦੀਆਂ,
ਕੋਈ ਵੇਲਾ ਨਾ ਮਨ ਦੀਆਂ ਰੁੱਤਾਂ ਦਾ।
ਕੀਹਦਾ, ਕਾਹਤੋਂ, ਕੋਈ ਮਾਣ ਕਰੇ,
ਇਨ੍ਹਾਂ ਬੰਦਿਆਂ ਵਰਗੇ ਬੁੱਤਾਂ।
ਮਾਪੇ ਘਰਾਂ ’ਚ ਕਬਰਾਂ ਬਣ ਗਏ,
ਦੱਸੋ! ਕੀ ਆਸਰਾ ਪੁੱਤਾਂ ਦਾ।
ਜੇ ਮਨ ਦੀ ਬਸਤੀ ਉੱਜੜ ਜਾਵੇ,
ਕੀ ਕਰਨਾ ਧਨ ਦੀਆਂ ਲੁੱਟਾਂ ਦਾ।
ਜੋ ਤਨ ਦੀ ਚਾਦਰ ਬਣ ਨਾ ਸਕੇ
ਕੀ ਫਾਇਦਾ ਖਿੜਦੇ ਫੁੱਟਾਂ ਦਾ।
ਜੋ ਜੀਵਨ-ਦਾਨੀ ਬਣੀਆਂ ਨਾ,
ਕੀ ਲਾਭ ਆ ਅੰਮ੍ਰਿਤ ਘੁੱਟਾਂ ਦਾ।
ਕਦੇ ਕਦੇ ਰੂਹਾਂ ’ਤੇ ਵੀ ਦਸਤਕ ਦੇਣਾ। ਦੇਖਣਾ ਕਿੰਨੀਆਂ ਕੁ ਰੂਹਾਂ ਇਸ ਦਸਤਕ ਦਾ ਹੁੰਗਾਰਾ ਭਰਦੀਆਂ ਅਤੇ ਕਿੰਨੀਆਂ ਕੁ ਇਸ ਦਸਤਕ ਨੂੰ ਦਰ-ਕਿਨਾਰ ਕਰਦੀਆਂ ਹਨ। ਤੁਹਾਡੀ ਦਸਤਕ ਦਾ ਹੁੰਗਾਰਾ ਭਰਨ ਵਾਲੀਆਂ ਰੂਹਾਂ, ਤੁਹਾਡੀ ਰੂਹ ਦੀਆਂ ਹਾਣੀ ਹੁੰਦੀਆਂ ਹਨ। ਉਨ੍ਹਾਂ ਲਈ ਰੂਹ ਤੋਂ ਰੂਹ ਤੀਕ ਦਾ ਫਾਸਲਾ ਤੈਅ ਕਰਨਾ ਸਭ ਤੋਂ ਅਜ਼ੀਮ ਅਹਿਸਾਸ ਹੈ। ਜਦ ਰੂਹਾਂ ਮਿਲਦੀਆਂ ਤਾਂ ਜ਼ਿੰਦਗੀ ਨੂੰ ਜ਼ਿੰਦਗੀ ਕਹਿਣਾ ਦਾ ਹੁਨਰ ਹਾਸਲ ਹੁੰਦਾ ਹੈ। ਜਦ ਕੋਈ ਰੂਹ ਦੇ ਦਰਵਾਜ਼ੇ ’ਤੇ ਪੋਲੀ ਜਿਹੀ ਦਸਤਕ ਦੇ ਤੁਹਾਨੂੰ ਗੂੜ੍ਹੀ ਨੀਂਦ ਤੋਂ ਜਗਾਉਂਦਾ, ਤੁਹਾਨੂੰ ਅੰਤਰੀਵ ਦੀ ਯਾਤਰਾ ’ਤੇ ਤੋਰਦਾ। ਆਪੇ ਦੀ ਖੋਜ ਵਿੱਚੋਂ ਅਸੀਮਤ ਅਤੇ ਅਮੁੱਲ ਪਰਤਾਂ ਨੂੰ ਫਰੋਲਣ ਦੀ ਸੋਝੀ ਦਿੰਦਾ। ਇਨ੍ਹਾਂ ਨੂੰ ਜੀਵਨ-ਜਾਚ ਬਣਾਉਣ ਲਈ ਪ੍ਰੇਰਿਤ ਕਰਦਾ ਤਾਂ ਅਜਿਹੀ ਦਸਤਕ ਦੇ ਸਦਕੇ ਜਾਣਾ ਚਾਹੀਦਾ। ਅਜਿਹਾ ਕਦੇ-ਕਦਾਈਂ ਹੀ ਵਾਪਰਦਾ ਜਦ ਅਸੀਂ ਆਪਣੇ ਆਪ ਨੂੰ ਮਿਲਣਾ ਲੋਚਦੇ ਹਾਂ।