ਕਬਾੜ ਦੇ ਗੋਦਾਮ ਨੂੰ ਅੱਗ ਲੱਗੀ, ਲੱਖਾਂ ਦਾ ਨੁਕਸਾਨ
ਜਗਤਾਰ ਸਿੰਘ ਨਹਿਲ
ਲੌਂਗੋਵਾਲ, 14 ਨਵੰਬਰ
ਪਿੰਡ ਸ਼ੇਰੋਂ ਵਿੱਚ ਰਿਹਾਇਸ਼ੀ ਇਲਾਕੇ ਵਿਚ ਬਣੇ ਇੱਕ ਕਬਾੜ ਦੇ ਗੋਦਾਮ ਨੂੰ ਲੰਘੀ ਰਾਤ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਅਤੇ ਪੂਰੀ ਇਮਾਰਤ ਮਲਬੇ ਦੇ ਢੇਰ ’ਚ ਤਬਦੀਲ ਹੋ ਗਈ। ਮਕਾਨ ਮਾਲਕ ਨਿਰਮਲ ਸਿੰਘ ਨੇ ਦੱਸਿਆ ਕਿ ਉਸਨੇ ਆਪਣਾ ਮਕਾਨ ਕਬਾੜ ਦਾ ਕੰਮ ਕਰਦੇ ਗੋਪਾਲ ਚੰਦ ਵਾਸੀ ਲੌਂਗੋਵਾਲ ਨੂੰ ਕਿਰਾਏ ’ਤੇ ਦਿੱਤਾ ਹੋਇਆ ਸੀ।
ਬੀਤੀ ਰਾਤ ਡੇਢ ਵਜੇ ਦੇ ਕਰੀਬ ਮਕਾਨ ਦੀ ਛੱਤ ਡਿੱਗਣ ਕਾਰਨ ਜ਼ੋਰਦਾਰ ਖੜਕਾ ਹੋਇਆ ਤਾਂ ਨੇੜਲੇ ਗੁਆਂਢੀਆਂ ਨੇ ਆ ਕੇ ਮੌਕੇ ’ਤੇ ਵੇਖਿਆ ਕਿ ਗੋਦਾਮ ’ਚੋਂ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਲੋਕਾਂ ਵੱਲੋਂ ਅੱਗ ਬੁਝਾਉਣ ਦੀ ਕੋਸਿਸ਼ ਕੀਤੀ ਗਈ ਪਰ ਜਦੋਂ ਅੱਗ ਕਾਬੂ ਹੇਠ ਨਾ ਆਈ ਤਾਂ ਇਸਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੇ ਕਈ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਮਕਾਨ ਵਿਚ ਪਿਆ ਲੱਖਾਂ ਰੁਪਏ ਦਾ ਸਾਮਾਨ ਜਿਸ ਵਿਚ ਗੱਤਾ, ਪਲਾਸਟਿਕ ਦਾ ਸਾਮਾਨ, ਰੱਦੀ ਆਦਿ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਤੇਜ਼ ਸੀ ਕਿ ਮਕਾਨ ’ਤੇ ਪਈਆਂ ਗਾਡਰੀਆਂ ਦੂਹਰੀਆਂ ਹੋ ਗਈਆਂ ਅਤੇ ਬਾਲੇ ਸੜ ਕੇ ਕੋਲਾ ਹੋ ਗਏ, ਜਿਸ ਕਾਰਨ ਮਕਾਨ ਦੀ ਛੱਤ ਡਿੱਗ ਪਈ। ਇਸ ਘਟਨਾ ਕਾਰਨ ਮਕਾਨ ਮਾਲਕ ਨਿਰਮਲ ਸਿੰਘ ਅਤੇ ਕਿਰਾਏਦਾਰ ਗੋਪਾਲ ਚੰਦ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਿੰਡ ਦੇ ਮੋਹਤਬਰਾਂ ਨੇ ਇਸ ਘਟਨਾ ਵਿਚ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
ਕਬਾੜ ਦੀ ਦੁਕਾਨ ਨੂੰ ਅੱਗ ਲੱਗੀ
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਕਸਬਾ ਬਲਬੇੜ੍ਹਾ ’ਚ ਮਛਾਲ ਐਂਟਰਪਰਾਈਜਜਿ਼ ਦੀ ਦੁਕਾਨ ’ਤੇ ਅੱਗ ਲੱਗ ਗਈ, ਜਿਸ ਕਾਰਨ ਕਬਾੜ ਸੜ ਕੇ ਸੁਆਹ ਹੋ ਗਿਆ। ਦੁਕਾਨ ਮਾਲਕ ਗੇਂਦਾ ਰਾਮ ਨੇ ਦੱਸਿਆ ਕਿ ਉਹ ਦੀਵਾਲੀ ਦੀ ਰਾਤ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। ਜਦੋਂ ਸਵੇਰੇ ਆ ਕੇ ਦੇਖਿਆ ਤਾਂ ਬਜਿਲੀ ਦੇ ਸ਼ਾਰਟ-ਸਰਕਟ ਕਾਰਨ ਲਿਫਾਫੇ, ਗੱਤਾ, ਪੱਲੀਆਂ ਆਦਿ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਕਿਹਾ ਕਿ ਅੱਗ ਨਾਲ ਲਗਪਗ ਢਾਈ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਸਨੇ ਪ੍ਰਸ਼ਾਸਨ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਇਨਵਰਟਰ ਕਾਰਨ ਘਰ ’ਚ ਅੱਗ ਲੱਗੀ
ਲਹਿਰਾਗਾਗਾ (ਰਾਮੇਸ਼ ਭਾਰਦਵਾਜ): ਲਹਿਰਾਗਾਗਾ ਦੇ ਵਾਰਡ ਨੰਬਰ-15 ਵਿੱਚ ਰਾਤ ਨੂੰ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਘਰੇਲੂ ਸਾਮਾਨ ਸੜ ਕੇ ਸੁਆਹ ਹੋ ਗਿਆ। ਘਰ ਦੇ ਮਾਲਕ ਸੰਦੀਪ ਤੇ ਸੀਮਾ ਰਾਣੀ ਨੇ ਭਰੇ ਮਨ ਨਾਲ ਦੱਸਿਆ ਕਿ ਇਨਵਰਟਰ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਉਹ ਕੁਝ ਸਮੇਂ ਲਈ ਘਰ ਤੋਂ ਬਾਹਰ ਗਏ ਹੋਏ ਸਨ। ਜਦੋਂ ਆ ਕੇ ਦੇਖਿਆ ਤਾਂ ਅੱਗ ਨਾਲ ਐੱਲਈਡੀ, ਅਲਮਾਰੀ, ਬੱਚਿਆਂ ਦੇ ਕੱਪੜੇ, ਗਹਿਣੇ ਆਦਿ ਸੜ ਗਏ ਸਨ। ਇਸ ਹਾਦਸੇ ਦਾ ਪਤਾ ਲੱਗਦੇ ਹੀ ਸਿਟੀ ਇੰਚਾਰਜ ਸਰਬਜੀਤ ਸਿੰਘ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਇਸ ਮੌਕੇ ਪ੍ਰਗਟ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਗ਼ਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ।