ਜੂਨੀਅਰ ਵਿਸ਼ਵ ਨਿਸ਼ਾਨੇਬਾਜ਼ੀ: ਭਾਰਤੀ ਤਿਕੜੀ ਨੇ ਸੋਨ ਤਗ਼ਮਾ ਜਿੱਤਿਆ
ਲੀਮਾ (ਪੇਰੂ), 4 ਅਕਤੂਬਰ
ਮੁਕੇਸ਼ ਨੇਲਾਵੱਲੀ, ਰਾਜਵਰਧਨ ਪਾਟਿਲ ਅਤੇ ਹਰਸਿਮਰ ਸਿੰਘ ਰੱਤਾ ਦੀ ਭਾਰਤੀ ਟੀਮ ਨੇ ਇੱਥੇ ਆਈਐੱਸਐੱਸਐੱਫ ਵਿਸ਼ਵ ਜੂਨੀਅਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੀ 25 ਮੀਟਰ ਰੈਪਿਡ ਫਾਇਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। ਟੂਰਨਾਮੈਂਟ ਵਿੱਚ ਭਾਰਤ ਦਾ ਇਹ 11ਵਾਂ ਸੋਨ ਤਗ਼ਮਾ ਹੈ। ਇਸ ਤੋਂ ਇਲਾਵਾ ਭਾਰਤ ਨੇ ਇੱਕ ਚਾਂਦੀ ਅਤੇ ਚਾਰ ਕਾਂਸੇ ਦੇ ਤਗ਼ਮੇ ਵੀ ਜਿੱਤੇ ਹਨ। ਇਸ ਤਰ੍ਹਾਂ ਭਾਰਤ ਕੁੱਲ 16 ਤਗਮਿਆਂ ਨਾਲ ਸੂਚੀ ਵਿਚ ਸਿਖਰ ’ਤੇ ਬਰਕਰਾਰ ਹੈ। ਚੀਨ ਤਿੰਨ ਸੋਨੇ ਅਤੇ ਇਕ ਚਾਂਦੀ ਦੇ ਤਗਮੇ ਨਾਲ ਦੂਜੇ ਸਥਾਨ ’ਤੇ ਹੈ। ਮੁਕਾਬਲੇ ਵਿੱਚ ਮੁਕੇਸ਼ ਦਾ ਇਹ ਚੌਥਾ ਸੋਨ ਤਗ਼ਮਾ ਹੈ। ਉਸ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਵਿਅਕਤੀਗਤ ਸੋਨ ਤਗ਼ਮਾ ਵੀ ਜਿੱਤਿਆ ਸੀ। ਮੁਕੇਸ਼ ਅਤੇ ਰਾਜਵਰਧਨ ਦੋਵਾਂ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਦੇ ਵਿਅਕਤੀਗਤ ਫਾਈਨਲ ਵਿੱਚ ਜਗ੍ਹਾ ਬਣਾਈ ਪਰ ਉੱਥੇ ਉਹ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਰਾਜਵਰਧਨ ਫਾਈਨਲ ’ਚ ਚੌਥੇ ਜਦਕਿ ਮੁਕੇਸ਼ ਪੰਜਵੇਂ ਸਥਾਨ ’ਤੇ ਰਿਹਾ। -ਪੀਟੀਆਈ