ਜੂਨੀਅਰ ਹਾਕੀ: ਉੁੱਤਰ ਪ੍ਰਦੇਸ਼, ਉਤਰਾਖੰਡ ਤੇ ਮਨੀਪੁਰ ਵੱਲੋਂ ਜਿੱਤਾਂ ਦਰਜ
ਹਤਿੰਦਰ ਮਹਿਤਾ
ਜਲੰਧਰ, 12 ਸਤੰਬਰ
ਹਾਕੀ ਪੰਜਾਬ ਵੱਲੋਂ ਇੱਥੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੀ ਜਾ ਰਹੀ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੌਰਾਨ ਮਹਾਰਾਸ਼ਟਰ, ਉੱਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ ਅਤੇ ਬਿਹਾਰ ਦੀਆਂ ਟੀਮਾਂ ਨੇ ਆਪੋ-ਆਪਣੇ ਲੀਗ ਮੈਚ ਜਿੱਤ ਕੇ ਤਿੰਨ-ਤਿੰਨ ਅੰਕ ਹਾਸਲ ਕੀਤੇ। ਪਹਿਲੇ ਮੈਚ ਵਿੱਚ ਉਤਰਾਖੰਡ ਨੇ ਛੱਤੀਸਗੜ੍ਹ ਨੂੰ 7-5 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਨਵੀਨ ਪ੍ਰਸਾਦ ਅਤੇ ਦੀਪਕ ਸਿੰਘ ਨੇ ਦੋ-ਦੋ, ਜਦਕਿ ਅਰਪਿਤ ਕੋਹਲੀ, ਬਿਸਤ ਮਹਿੰਦਰਾ ਅਤੇ ਸੂਰਜ ਗੁਪਤਾ ਨੇ ਇਕ-ਇੱਕ ਗੋਲ ਕੀਤਾ। ਦੂਜੇ ਮੈਚ ਵਿੱਚ ਉੱਤਰ ਪ੍ਰਦੇਸ਼ ਨੇ ਪੁਡੂਚੇਰੀ ਨੂੰ 6-1 ਦੇ ਫਰਕ ਨਾਲ ਹਰਾਇਆ। ਉੱਤਰ ਪ੍ਰਦੇਸ਼ ਵੱਲੋਂ ਤ੍ਰਿਲੋਕੀ ਅਤੇ ਖਾਨ ਫ਼ਹਾਦ ਨੇ ਦੋ-ਦੋ, ਜਦਕਿ ਆਸ਼ੂ ਮੌਰਿਆ ਅਤੇ ਸਿਧਾਂਤ ਸਿੰਘ ਨੇ ਇੱਕ-ਇੱਕ ਗੋਲ ਕੀਤਾ। ਤੀਜੇ ਮੈਚ ਵਿਚ ਮਹਾਰਾਸ਼ਟਰ ਨੇ ਗੋਆ ਨੂੰ 17-1 ਦੇ ਵੱਡੇ ਫਰਕ ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਇਸੇ ਤਰ੍ਹਾਂ ਮਨੀਪੁਰ ਨੇ ਹਿਮਾਚਲ ਪ੍ਰਦੇਸ਼ ਨੂੰ 2-0, ਝਾਰਖੰਡ ਨੇ ਬੰਗਾਲ ਨੂੰ 5-1 ਅਤੇ ਬਿਹਾਰ ਨੇ ਤਿਲੰਗਾਨਾ ਨੂੰ 3-1 ਨਾਲ ਹਰਾਇਆ।
ਅੱਜ ਦੇ ਮੈਚਾਂ ਵਿੱਚ ਮੁੱਖ ਮਹਿਮਾਨ ਓਲੰਪੀਅਨ ਸਮੀਰ ਦਾਦ, ਓਲੰਪੀਅਨ ਬਲਵਿੰਦਰ ਸ਼ੰਮੀ, ਨਿਤਿਨ ਮਹਾਜਨ ਅਤੇ ਜਤਿਨ ਮਹਾਜਨ (ਅਲਫਾ ਹਾਕੀ), ਪੀਏਪੀ ਜਲੰਧਰ ਦੇ ਖੇਡ ਸਕੱਤਰ ਨਰੇਸ਼ ਡੋਗਰਾ, ਐੱਸਪੀ ਹੈਡਕੁਆਰਟਰ ਜਲੰਧਰ ਸੁਖਵਿੰਦਰ ਸਿੰਘ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਮਿਲਿੰਦ ਬੁਚਕੇ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।