ਜੂਨੀਅਰ ਹਾਕੀ: ਉੜੀਸਾ ਤੇ ਝਾਰਖੰਡ ਕੁਆਰਟਰ ਫਾਈਨਲ ’ਚ
ਹਤਿੰਦਰ ਮਹਿਤਾ
ਜਲੰਧਰ, 13 ਸਤੰਬਰ
ਉੜੀਸਾ ਅਤੇ ਝਾਰਖੰਡ ਦੀਆਂ ਟੀਮਾਂ ਇਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੀ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈਆਂ ਹਨ। ਅੱਜ ਦੇ ਪਹਿਲੇ ਮੈਚ ਵਿੱਚ ਉੜੀਸਾ ਨੇ ਅਰੁਣਾਚਲ ਪ੍ਰਦੇਸ਼ ਨੂੰ 8-0 ਨਾਲ ਹਰਾ ਕੇ ਤਿੰਨ ਅੰਕ ਹਾਸਲ ਕੀਤੇ। ਉੜੀਸਾ ਵੱਲੋਂ ਅਰੋਦਿਤ ਇੱਕਾ ਅਤੇ ਦੀਪਕ ਪ੍ਰਧਾਨ ਨੇ ਦੋ-ਦੋ ਜਦਕਿ ਵਿਲਸਨ ਇੱਕਾ, ਕਰਨ ਲਾਕੜਾ, ਪ੍ਰੇਮ ਦਿਆਲ ਗਿਰੀ ਅਤੇ ਦਿਓਨਾਥ ਨਾਨਵਰ ਨੇ ਇੱਕ-ਇੱਕ ਗੋਲ ਕੀਤਾ। ਦੂਜੇ ਮੈਚ ਵਿੱਚ ਦਾਦਰਾ ਨਗਰ ਹਵੇਲੀ ਨੇ ਅਸਾਮ ਨੂੰ 11-0 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵਲੋਂ ਪ੍ਰਮੋਦ ਪਾਲ ਨੇ ਹੈਟ੍ਰਿਕ ਕੀਤੀ। ਉਸ ਨੇ ਕੁੱਲ ਛੇ ਗੋਲ ਕੀਤੇ। ਇਸ ਤੋਂ ਇਲਾਵਾ ਦਾਦਰਾ ਨਗਰ ਹਵੇਲੀ ਲਈ ਮੋਹਨ ਕ੍ਰਿਸ਼ਨ ਨੇ ਦੋ ਜਦਕਿ ਅਕਾਸ਼, ਘਨਸ਼ਾਮ ਯਾਦਵ ਅਤੇ ਰੁਦਰਾਸ਼ਨ ਮੌਰਿਆ ਨੇ ਇੱਕ-ਇੱਕ ਗੋਲ ਕੀਤਾ।
ਤੀਜੇ ਮੈਚ ਵਿੱਚ ਆਂਧਰਾ ਪ੍ਰਦੇਸ਼ ਨੇ ਕੇਰਲ ਨੂੰ 3-1 ਦੇ ਫਰਕ ਨਾਲ ਹਰਾ ਕੇ ਤਿੰਨ ਹਾਸਲ ਕੀਤੇ। ਆਂਧਰਾ ਪ੍ਰਦੇਸ਼ ਵੱਲੋਂ ਕੁਮਾਰ ਮੀਤਾ ਸਾਈ, ਅਖਿਲ ਵੈਂਕਟ ਅਤੇ ਡੀ. ਸੁਬਰਾਮਨੀਅਮ ਨੇ ਇੱਕ-ਇੱਕ ਗੋਲ ਕੀਤਾ ਜਦਕਿ ਕੇਰਲਾ ਵੱਲੋਂ ਇਕਲੌਤਾ ਗੋਲ ਮੁਹੰਮਦ ਅਸਲਮ ਨੇ ਕੀਤਾ। ਚੌਥੇ ਮੈਚ ਵਿੱਚ ਕਰਨਾਟਕ ਨੇ ਦਿੱਲੀ ਨੂੰ 6-1 ਨਾਲ ਹਰਾਇਆ ਅਤੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਦੀ ਉਮੀਦ ਕਾਇਮ ਰੱਖੀ। ਇਸੇ ਤਰ੍ਹਾਂ ਬੰਗਾਲ ਨੇ ਗੁਜਰਾਤ ਨੂੰ 3-0 ਨਾਲ ਹਰਾਇਆ, ਜਦਕਿ ਝਾਰਖੰਡ ਅਤੇ ਤਾਮਿਲਨਾਡੂ ਦੀਆਂ ਟੀਮਾਂ ਵਿਚਾਲੇ ਮੈਚ 1-1 ਨਾਲ ਡਰਾਅ ਰਿਹਾ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਝਾਰਖੰਡ ਦੀ ਟੀਮ ਨੇ 4 ਅੰਕਾਂ ਨਾਲ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਗੁਰਜੀਤ ਕੌਰ, ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ, ਜ਼ਿਲ੍ਹਾ ਸਿੱਖਿਆ ਅਫਸਰ ਜਲੰਧਰ ਗੁਰਿੰਦਰਜੀਤ ਕੌਰ, ਡਾਕਟਰ ਕੁਲਵੰਤ ਸਿੰਘ (ਕੇਜੀਐੱਮ), ਡਾਕਟਰ ਸ਼ਿਲਪੀ ਜੇਤਲੀ, ਐੱਨਆਰਆਈ ਕੁਲਵੰਤ ਸਿੰਘ ਨਿੱਜਰ ਅਤੇ ਅਮਨਦੀਪ ਕੋਂਡਲ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ।