ਜੂਨੀਅਰ ਹਾਕੀ: ਜੰਮੂ-ਕਸ਼ਮੀਰ, ਉੜੀਸਾ ਅਤੇ ਤਾਮਿਲਨਾਡੂ ਵੱਲੋਂ ਜਿੱਤਾਂ ਦਰਜ
ਹਤਿੰਦਰ ਮਹਿਤਾ
ਜਲੰਧਰ, 15 ਸਤੰਬਰ
ਜੰਮੂ-ਕਸ਼ਮੀਰ, ਉੜੀਸਾ ਅਤੇ ਤਾਮਿਲਨਾਡੂ ਨੇ ਅੱਜ 14ਵੀਂ ਹਾਕੀ ਇੰਡੀਆ ਜੂਨੀਅਰ ਕੌਮੀ ਹਾਕੀ ਚੈਂਪੀਅਨਸ਼ਿਪ ਦੇ ਲੀਗ ਗੇੜ ਦੇ ਆਖਰੀ ਦਿਨ ਆਪੋ-ਆਪਣੇ ਮੈਚ ਜਿੱਤ ਕੇ ਤਿੰਨ-ਤਿੰਨ ਅੰਕ ਹਾਸਲ ਕੀਤੇ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਹਾਕੀ ਪੰਜਾਬ ਵੱਲੋਂ ਕਰਵਾਈ ਜਾ ਰਹੀ ਇਸ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੁਕਾਬਲੇ 16 ਸਤੰਬਰ ਨੂੰ ਖੇਡੇ ਜਾਣਗੇ। ਪਹਿਲੇ ਮੈਚ ਵਿੱਚ ਜੰਮੂ ਕਸ਼ਮੀਰ ਨੇ ਰਾਜਸਥਾਨ ਨੂੰ 6-2 ਨਾਲ ਹਰਾਇਆ ਪਰ ਦੋਵੇਂ ਟੀਮਾਂ ਕੁਆਰਟਰ ਫਾਈਨਲ ਵਿੱਚ ਨਹੀਂ ਪਹੁੰਚ ਸਕੀਆਂ। ਦੂਜੇ ਮੈਚ ਵਿੱਚ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਦੀਆਂ ਟੀਮਾਂ 2-2 ਨਾਲ ਬਰਾਬਰ ਰਹੀਆਂ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ। ਇਹ ਦੋਵੇਂ ਟੀਮਾਂ ਵੀ ਕੁਆਰਟਰ ਫਾਈਨਲ ’ਚ ਪਹੁੰਚਣ ਤੋਂ ਖੁੰਝ ਗਈਆਂ। ਇਸੇ ਤਰ੍ਹਾਂ ਤੀਜੇ ਮੈਚ ਵਿੱਚ ਉੜੀਸਾ ਨੇ ਦਾਦਰਾ ਨਗਰ ਹਵੇਲੀ ਨੂੰ 5-2 ਨਾਲ ਹਰਾ ਕੇ ਆਪਣੇ ਪੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਅਗਲੇ ਮੈਚ ਵਿੱਚ ਝਾਰਖੰਡ ਨੇ ਗੁਜਰਾਤ ਨੂੰ 27-0 ਦੇ ਵੱਡੇ ਫਰਕ ਨਾਲ ਹਰਾਇਆ। ਇਹ ਇਸ ਚੈਂਪੀਅਨਸ਼ਿਪ ਦਾ ਸਭ ਤੋਂ ਵੱਡਾ ਸਕੋਰ ਹੈ। ਪੰਜਵੇਂ ਮੈਚ ਵਿੱਚ ਤਾਮਿਲਨਾਡੂ ਨੇ ਬੰਗਾਲ ਨੂੰ 6-0 ਦੇ ਫਰਕ ਨਾਲ ਹਰਾਇਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਹਰਚਰਨ ਸਿੰਘ, ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ, ਕੌਮਾਂਤਰੀ ਖਿਡਾਰੀ ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਕੁਰ ਓਬਰਾਏ (ਫਲੈਸ ਹਾਕੀ), ਸੁਰਜੀਤ ਹਾਕੀ ਕਮੇਟੀ ਦੇ ਮੈਂਬਰ ਰਾਮ ਪ੍ਰਤਾਪ ਅਤੇ ਹਾਕੀ ਪੰਜਾਬ ਦੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ।