ਜੂਨੀਅਰ ਹਾਕੀ: ਭਾਰਤੀ ਪੁਰਸ਼ ਟੀਮ ਨੇ ਜਰਮਨੀ ਨੂੰ ਸ਼ੂਟਆਊਟ ’ਚ ਹਰਾਇਆ
ਬਰੇਡਾ (ਨੈਦਰਲੈਂਡਜ਼), 30 ਮਈ
ਭਾਰਤ ਦੀ ਜੂਨੀਅਰ ਪੁਰਸ਼ ਹਾਕੀ ਟੀਮ ਨੇ ਆਪਣੇ ਯੂਰਪ ਦੌਰੇ ਦੀ ਸਮਾਪਤੀ ਜਰਮਨੀ ’ਤੇ ਸ਼ੂਟਆਊਟ ਰਾਹੀਂ ਜਿੱਤ ਨਾਲ ਕੀਤੀ ਜਦਕਿ ਮਹਿਲਾ ਟੀਮ ਨੇ ਓਰੇਂਜ ਰੂਡ ਕਲੱਬ ਨਾਲ 2-2 ਨਾਲ ਡਰਾਅ ਖੇਡਿਆ। ਪੁਰਸ਼ ਟੀਮ ਨੇ ਇੱਥੇ ਨਿਯਮਤ ਸਮੇਂ ਵਿੱਚ ਮੁਕਾਬਲਾ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਲਟੀਜ਼ ਵਿੱਚ 3-1 ਨਾਲ ਜਿੱਤ ਦਰਜ ਕੀਤੀ।
ਸ਼ੂਟ ਆਊਟ ਵਿੱਚ ਗੁਰਜੋਤ ਸਿੰਘ, ਦਿਲਰਾਜ ਸਿੰਘ ਅਤੇ ਮਨਮੀਤ ਸਿੰਘ ਨੇ ਗੋਲ ਕੀਤੇ। ਇਸ ਤੋਂ ਪਹਿਲਾਂ ਨਿਯਮਤ ਸਮੇਂ ਵਿੱਚ ਮੁਕੇਸ਼ ਟੋਪੋ ਨੇ 33ਵੇਂ ਮਿੰਟ ਵਿੱਚ ਗੋਲ ਕੀਤਾ ਸੀ। ਭਾਰਤੀ ਟੀਮ ਨਿਯਮਤ ਸਮੇਂ ’ਚ ਜਿੱਤ ਵੱਲ ਵਧ ਰਹੀ ਸੀ ਪਰ ਜਰਮਨੀ ਨੇ ਮੈਚ ਖਤਮ ਹੋਣ ਤੋਂ ਚਾਰ ਮਿੰਟ ਪਹਿਲਾਂ ਬਰਾਬਰੀ ਕਰ ਲਈ ਜਿਸ ਮਗਰੋਂ ਮੈਚ ਦਾ ਨਤੀਜਾ ਤੈਅ ਕਰਨ ਲਈ ਸ਼ੂਟਆਊਟ ਦਾ ਸਹਾਰਾ ਲੈਣਾ ਪਿਆ। ਪੰਜ ਮੈਚਾਂ ਵਿੱਚ ਜੂਨੀਅਰ ਪੁਰਸ਼ ਟੀਮ ਦੀ ਇਹ ਦੂਜੀ ਜਿੱਤ ਹੈ। ਟੀਮ ਨੇ 20 ਮਈ ਨੂੰ ਐਂਟਵਰਪ ਵਿੱਚ ਆਪਣੇ ਸ਼ੁਰੂਆਤੀ ਮੈਚ ਵਿੱਚ ਪੈਨਲਟੀ ਜ਼ਰੀਏ ਬੈਲਜੀਅਮ ਨੂੰ 4-2 (2-2) ਨਾਲ ਹਰਾਇਆ ਸੀ। ਇਸੇ ਤਰ੍ਹਾਂ ਟੀਮ ਨੂੰ ਬੈਲਜੀਅਮ (2-3), ਬ੍ਰੇਡੇਸ ਹਾਕੀ ਵੇਰੇਨਿਗਿੰਗ ਪੁਸ਼ (4-5) ਅਤੇ ਜਰਮਨੀ (2-3) ਖ਼ਿਲਾਫ਼ ਹਾਰ ਝੱਲਣੀ ਪਈ ਸੀ।
ਮਹਿਲਾ ਟੀਮ ਨੇ ਓਰੇਂਜ ਰੂਡ ਖ਼ਿਲਾਫ਼ ਡਰਾਅ ਖੇਡਣ ਤੋਂ ਇਲਾਵਾ ਦੋ ਜਿੱਤਾਂ ਦਰਜ ਕੀਤੀਆਂ ਜਦਕਿ ਦੋ ਹਾਰਾਂ ਦਾ ਸਾਹਮਣਾ ਕਰਨਾ ਪਿਆ। ਆਖਰੀ ਮੈਚ ਵਿੱਚ ਸੰਜਨਾ ਹੋਰੋ ਨੇ 18ਵੇਂ ਮਿੰਟ ਵਿੱਚ ਗੋਲ ਕਰ ਕੇ ਭਾਰਤ ਨੂੰ ਲੀਡ ਦਿਵਾਈ। ਓਰੇਂਜ ਰੂਡ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਭਾਰਤੀ ਡਿਫੈਂਸ ਨੇ ਦੋਵਾਂ ਨੂੰ ਨਾਕਾਮ ਕਰ ਦਿੱਤਾ ਅਤੇ ਅੱਧੇ ਸਮੇਂ ਤੱਕ ਭਾਰਤੀ ਟੀਮ 1-0 ਨਾਲ ਅੱਗੇ ਰਹੀ। ਓਰੇਂਜ ਰੂਡ ਨੇ ਤੀਜੇ ਕੁਆਰਟਰ ਵਿੱਚ ਤਿੰਨ ਪੈਨਲਟੀ ਕਾਰਨਰਾਂ ’ਤੇ ਦੋ ਗੋਲ ਕਰ ਕੇ 2-1 ਦੀ ਲੀਡ ਲੈ ਲਈ ਸੀ ਪਰ ਅਨੀਸ਼ਾ ਸਾਹੂ ਨੇ 58ਵੇਂ ਮਿੰਟ ’ਤੇ ਗੋਲ ਕਰ ਕੇ ਸਕੋਰ ਬਰਾਬਰ ਕਰ ਦਿੱਤਾ। -ਪੀਟੀਆਈ