ਰਿਸ਼ਵਤ ਦੇ ਦੋਸ਼ ’ਚ ਜੂਨੀਅਰ ਸਹਾਇਕ ਸੀਨੀਅਰ ਕਾਂਸਟੇਬਲ ਤੇ ਹੋਮ ਗਾਰਡ ਜਵਾਨ ਗ੍ਰਿਫ਼ਤਾਰ
ਹੁਸ਼ਿਆਰਪੁਰ: ਵਿਜੀਲੈਂਸ ਨੇ ਨਗਰ ਪੰਚਾਇਤ ਮਾਹਿਲਪੁਰ ’ਚ ਤਾਇਨਾਤ ਜੂਨੀਅਰ ਸਹਾਇਕ ਸ਼ੀਸ਼ਪਾਲ ਨੂੰ 24 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਰਵਿੰਦਰ ਕੁਮਾਰ ਵਾਸੀ ਊਨਾ ਦੀ ਸ਼ਿਕਾਇਤ ’ਤੇ ਕੀਤੀ ਗਈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ ਦੱਸਿਆ ਸੀ ਕਿ ਉਹ 2011 ਤੋਂ 2016 ਤੱਕ ਨਗਰ ਪੰਚਾਇਤ ਮਾਹਿਲਪੁਰ ਵਿੱਚ ਸੈਕਸ਼ਨ ਅਫ਼ਸਰ ਵਜੋਂ ਤਾਇਨਾਤ ਸੀ। ਉਸ ਵਿਰੁੱਧ ਥਾਣਾ ਮਾਹਿਲਪੁਰ ਵਿੱਚ ਦਰਜ ਹੋਏ ਕੇਸ ਵਿੱਚ ਦੋਸ਼ੀ ਪਾਏ ਜਾਣ ਉਪਰੰਤ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਨੇ ਆਪਣਾ ਪੀਐਫ ਜਾਰੀ ਕਰਵਾਉਣ ਲਈ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਵਿੱਚ ਅਰਜ਼ੀਆਂ ਦਿੱਤੀਆਂ ਸਨ। ਜੂਨੀਅਰ ਸਹਾਇਕ ਸ਼ੀਸ਼ਪਾਲ ਨੇ ਇਹ ਰਕਮ ਜਾਰੀ ਕਰਵਾਉਣ ਬਦਲੇ ਉਸ ਤੋਂ ਰਿਸ਼ਵਤ ਮੰਗੀ ਸੀ ਤੇ ਸ਼ਿਕਾਇਤਕਰਤਾ ਨੇ 24 ਹਜ਼ਾਰ ਰੁਪਏ ਖਾਤੇ ਵਿੱਚ ਪਾ ਦਿੱਤੇ ਸਨ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਉਪਰੰਤ ਵਿਜੀਲੈਂਸ ਨੇ ਮੁਲਜ਼ਮ ਸ਼ੀਸ਼ਪਾਲ ਖ਼ਿਲਾਫ਼ ਕੇਸ ਦਰਜ ਕਰ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸੇ ਤਰ੍ਹਾਂ ਵਿਜੀਲੈਂਸ ਬਿਉੂਰੋ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ, ਹੋਮ ਗਾਰਡ ਜੁਝਾਰ ਸਿੰਘ ਅਤੇ ਇੱਕ ਹੋਰ ਵਿਅਕਤੀ ਰੋਹਿਤ ਹੰਸ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਨੂੰ ਪੰਜਾਬ ਰੋਡਵੇਜ਼ ਡਿੱਪੂ ਹੁਸ਼ਿਆਰਪੁਰ ਵਿੱਚ ਤਾਇਨਾਤ ਕੰਡਕਟਰ ਗੁਰਮੇਲ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਕਕਰਤਾ ਨੇ ਵਿਜੀਲੈਂਸ ਫਲਾਇੰਗ ਸਕੁਐਡ ਮੁਹਾਲੀ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਦੇ ਕਬਜ਼ੇ ਵਿੱਚੋਂ ਅਫੀਮ ਬਰਾਮਦ ਕਰਨ ਮਗਰੋਂ ਉਸ ਨੂੰ ਬਲੈਕਮੇਲ ਕਰ ਕੇ 2.50 ਲੱਖ ਰੁਪਏ ਰਿਸ਼ਵਤ ਮੰਗੀ ਸੀ। ਸ਼ਿਕਾਇਤ ਦੀ ਜਾਂਚ ਤੋਂ ਬਾਅਦ ਵਿਜੀਲੈਂਸ ਨੇ ਰੋਹਿਤ ਹੰਸ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ। ਬਾਅਦ ਵਿੱਚ ਸੀਨੀਅਰ ਕਾਂਸਟੇਬਲ ਕਿੰਦਰ ਸਿੰਘ ਤੇ ਹੋਮਗਾਰਡ ਜੁਝਾਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਕਾਂਸਟੇਬਲ ਅਮਿਤ ਅਜੇ ਫ਼ਰਾਰ ਹੈ। -ਪੱਤਰ ਪ੍ਰੇਰਕ