ਫ਼ਿਲਮ ‘Loveyapa' ਵਿਚਲਾ ਜੁਨੈਦ ਤੇ ਖ਼ੁਸ਼ੀ ਦਾ ਗੀਤ 'ਕੌਣ ਕਿੰਨਾ ਜ਼ਰੂਰੀ ਸੀ' ਰਿਲੀਜ਼
‘ਕੌਣ ਕਿੰਨਾ ਜ਼ਰੂਰੀ ਸੀ, ਖੋ ਕੇ ਪਤਾ ਲੱਗਦੈ’
ਮੁੰਬਈ, 23 ਜਨਵਰੀ
ਜੁਨੈਦ ਖਾਨ ਅਤੇ ਖੁਸ਼ੀ ਕਪੂਰ ਦੀ ਅਦਾਕਾਰੀ ਵਾਲੀ ਫਿਲਮ "ਲਵਯਾਪਾ" ਫਿਲਮ ਪ੍ਰੇਮੀਆਂ ਵਿੱਚ ਆਪਣੀ ਚਰਚਾ ਛੇੜਨ ਵਿਚ ਕਾਮਯਾਬ ਰਹੀ ਹੈ। ਇਸ ਲੜੀ ਨੂੰ ਅਗਾਂਹ ਜਾਰੀ ਰੱਖਦਿਆਂ ਨਿਰਮਾਤਾਵਾਂ ਨੇ ਇਸ ਆਗਾਮੀ ਰੋਮਾਂਟਿਕ ਮਨੋਰੰਜਨ ਫਿਲਮ ਦਾ ਇਕ ਹੋਰ ਗੀਤ ’ਕੌਣ ਕਿੰਨਾ ਜ਼ਰੂਰੀ ਸੀ’ ਵੀਰਵਾ ਨੂੰ ਰਿਲੀਜ਼ ਕੀਤਾ ਹੈ, ਜਿਸ ਨੇ ਰਿਲੀਜ਼ ਹੁੰਦਿਆਂ ਹੀ ਲੱਖਾਂ ਵਿਊਜ਼ ਹਾਸਲ ਕਰ ਲਏ ਹਨ।
ਪੰਜਾਬੀ ਬੋਲਾਂ ਉਤੇ ਆਧਾਰਤ ਇਹ ਦਿਲਕਸ਼ ਜਜ਼ਬਾਤੀ ਗੀਤ ਵਿਛੋੜੇ ਦੇ ਦਰਦ ਨੂੰ ਦਰਸਾਉਂਦਾ ਹੈ। ਜੁਨੈਦ ਖਾਨ ਅਤੇ ਖੁਸ਼ੀ ਕਪੂਰ 'ਤੇ ਫਿਲਮਾਇਆ ਗਿਆ "ਕੌਣ ਕਿੰਨਾ ਜ਼ਰੂਰੀ ਸੀ, ਖੋ ਕੇ ਪਤਾ ਲੱਗਦੈ" ਵਿਸ਼ਾਲ ਮਿਸ਼ਰਾ ਵੱਲੋਂ ਗਾਇਆ ਗਿਆ ਹੈ। ਇਸ ਦੇ ਬੋਲ ਧਰੁਵ ਯੋਗੀ ਨੇ ਲਿਖੇ ਹਨ ਤੇ ਇਸ ਨੂੰ ਧੁਨਾਂ ਸੁਯਸ਼ ਰਾਏ ਅਤੇ ਸਿਧਾਰਥ ਸਿੰਘ ਨੇ ਦਿੱਤੀਆਂ ਹਨ।
ਇਸ ਤੋਂ ਪਹਿਲਾਂ, ਨਿਰਮਾਤਾਵਾਂ ਨੇ ਫਿਲਮ ਦੇ ਦੋ ਟਰੈਕ, "ਲਵਯਾਪਾ ਹੋ ਗਿਆ" ਅਤੇ "ਰਹਿਣਾ ਤੇਰੇ ਕੋਲ" ਰਿਲੀਜ਼ ਕੀਤੇ ਸਨ। ਇਸ ਦੌਰਾਨ, "ਲਵਯਾਪਾ" ਵਿੱਚ ਆਪਣੀ ਭੂਮਿਕਾ ਦੀ ਤਿਆਰੀ ਦੇ ਹਿੱਸੇ ਵਜੋਂ, ਜੁਨੈਦ ਖਾਨ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਤਿੰਨ ਮਹੀਨੇ ਬਿਤਾਏ। ਦਿੱਲੀ ਦੀ ਆਪਣੀ ਫੇਰੀ ਦੌਰਾਨ ਉਸਨੇ ਚਾਂਦਨੀ ਚੌਕ ਤੋਂ ਲੋਧੀ ਗਾਰਡਨ ਤੱਕ ਸ਼ਹਿਰ ਦੇ ਹਰ ਕੋਨੇ ਦੀ ਪੜਚੋਲ ਕੀਤੀ, ਉਥੋਂ ਸ਼ਹਿਰ ਦੀ ਜੀਵਨ ਸ਼ੈਲੀ ਅਤੇ ਸੱਭਿਆਚਾਰ ੂ ਚੰਗੀ ਤਰ੍ਹਾਂ ਜਾਣਿਆ ਅਤੇ ਫਿਰ ਉਸ ਨੂੰ ਆਪਣੀ ਅਦਾਕਾਰੀ ਵਿਚ ਢਾਲਣ ਦੀ ਕੋਸ਼ਿਸ਼ ਕੀਤੀ।
ਦੱਸਣਯੋਗ ਹੈ ਕਿ "ਲਵਯਾਪਾ" ਤਾਮਿਲ ਬਲਾਕਬਸਟਰ "ਲਵ ਟੂਡੇ" ਦਾ ਹਿੰਦੀ ਰੀਮੇਕ ਹੈ। ਅਦਵੈਤ ਚੰਦਨ ਦੇ ਨਿਰਦੇਸ਼ਨ ਹੇਠ ਬਣੀ, "ਲਵਯਾਪਾ" ਨੂੰ ਫੈਂਟਮ ਸਟੂਡੀਓਜ਼ ਨੇ ਏਜੀਐਸ ਐਂਟਰਟੇਨਮੈਂਟ ਦੇ ਸਹਿਯੋਗ ਨਾਲ ਫੰਡ ਕੀਤਾ ਹੈ। ਜੁਨੈਦ ਖਾਨ ਅਤੇ ਖੁਸ਼ੀ ਕਪੂਰ ਤੋਂ ਇਲਾਵਾ ਫਿਲਮ ਵਿੱਚ ਗ੍ਰੂਸ਼ਾ ਕਪੂਰ, ਆਸ਼ੂਤੋਸ਼ ਰਾਣਾ, ਤਨਵਿਕਾ ਪਾਰਲੀਕਰ, ਕੀਕੂ ਸ਼ਾਰਦਾ, ਦੇਵੀਸ਼ੀ ਮਦਾਨ, ਆਦਿੱਤਿਆ ਕੁਲਸ਼੍ਰੇਸ਼ਠ, ਨਿਖਿਲ ਮਹਿਤਾ, ਜੇਸਨ ਥਾਮ, ਯੂਨਸ ਖਾਨ, ਯੁਕਤਮ ਖੋਸਲਾ ਅਤੇ ਕੁੰਜ ਆਨੰਦ ਸਹਾਇਕ ਕਲਾਕਾਰਾਂ ਵਜੋਂ ਨਜ਼ਰ ਆਉਣਗੇ।
ਫਿਲਮ ਦੇ ਤਕਨੀਕੀ ਅਮਲੇ ਦੀ ਗੱਲ ਕਰੀਏ ਤਾਂ ਅੰਤਰਾ ਲਹਿਰੀ ਸੰਪਾਦਨ ਵਿਭਾਗ ਦੀ ਮੁਖੀ ਹੈ, ਜਦੋਂ ਕਿ ਰਾਜੇਸ਼ ਨਾਰੇ ਕੈਮਰਾ ਵਰਕ ਲਈ ਜ਼ਿੰਮੇਵਾਰ ਹਨ। ਡਰਾਮੇ ਦਾ ਸਕ੍ਰੀਨਪਲੇ ਸਨੇਹਾ ਦੇਸਾਈ ਨੇ ਲਿਖਿਆ ਹੈ। "ਲਵਯਾਪਾ" 7 ਫਰਵਰੀ 2025 ਨੂੰ ਦੇਸ਼ ਭਰ ਦੇ ਸਿਨੇਮਾ ਹਾਲਾਂ ਵਿੱਚ ਪਹੁੰਚਣ ਦੀ ਯੋਜਨਾ ਹੈ। -ਆਈਏਐਨਐਸ