ਜੁਲਾਣਾ ਪੁਲੀਸ ਨੇ ਕਤਲ ਦੀ ਗੁੱਥੀ ਸੁਲਝਾਈ, ਦੋ ਗ੍ਰਿਫ਼ਤਾਰ
ਪੱਤਰ ਪ੍ਰੇਰਕ
ਜੀਂਦ, 26 ਅਗਸਤ
ਪੁਲੀਸ ਨੇ ਜੁਲਾਣਾ ਥਾਣਾ ਖੇਤਰ ਵਿੱਚ ਹੋਏ ਅੰਨ੍ਹੇ ਕਤਲ ਦੇ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮੁਰਾਰੀ ਲਾਲ ਨੇ ਦੱਸਿਆ ਕਿ 5 ਅਗਸਤ ਨੂੰ ਜੁਲਾਣਾ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਸੁੰਦਰ ਬ੍ਰਾਂਚ ਨਹਿਰ ਵਿੱਚ ਖਰੈਂਟੀ ਪੁਲ ਕੋਲ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਲਾਸ਼ ਦੀ ਪਛਾਣ ਕੀਤੀ। ਲਾਸ਼ ਵਿਜੈ ਉਰਫ ਜੜੇਜਾ ਵਾਸੀ ਲਿਜਵਾਨਾ ਕਲਾਂ ਦੀ ਸੀ। ਇਸ ਸਬੰਧੀ ਵਿਜੈ ਦੇ ਸਾਲੇ ਸੰਜੇ ਵਾਸੀ ਡਾਬਲਾ ਜ਼ਿਲ੍ਹਾ ਝੱਜਰ ਵੱਲੋਂ
ਪੁਲੀਸ ਨੂੰ ਸਿਕਾਇਤ ਦਿੱਤੀ ਗਈ। ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਵਿਜੈ ਦਾ ਫੋਨ ’ਤੇ ਕਿਸੇ ਨਾਲ ਝਗੜਾ ਹੋਇਆ ਸੀ। ਮਗਰੋਂ ਉਹ ਘਰੋਂ ਬਾਹਰ ਗਿਆ ਪਰ ਵਾਪਸ ਘਰ ਨਹੀਂ ਆਇਆ। ਇਸ ਸ਼ਿਕਾਇਤ ’ਤੇ ਜੁਲਾਣਾ ਥਾਨੇ ਵਿੱਚ ਕਤਲ ਦਾ ਕੇਸ ਦਰਜ ਹੋਇਆ। ਐੱਸਪੀ ਸੁਮਿਤ ਕੁਮਾਰ ਦੇ ਹੁਕਮਾਂ ਅਨੁਸਾਰ ਜੁਲਾਣਾ ਥਾਣਾ ਅਤੇ ਡਿਟੈਕਟਿਵ ਸਟਾਫ ਜੀਂਦ ਦੀ ਟੀਮ ਬਣਾ ਕੇ ਇਸ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲੀਸ ਟੀਮ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਮੁਲਜ਼ਮਾਂ ਦੀ ਪਛਾਣ ਸ਼ੀਸ਼ਪਾਲ ਉਰਫ ਪਾਲੀ ਵਾਸੀ ਜੁਲਾਣਾ ਅਤੇ ਸੁਖਵਿੰਦਰ ਉਰਫ ਦੀਪਕ ਵਾਸੀ ਗੜ੍ਹੀ ਉਜੀਮਾ ਵਜੋਂ ਕੀਤੀ ਗਈ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮ ਪਹਿਲਾਂ ਵੀ ਫੜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਵਿਜੈ ਦਾ ਕਤਲ ਯੋਜਨਾ ਬਣਾ ਕੇ ਕੀਤਾ ਗਿਆ।