ਸਾਹਿਤਕ ਸਮਾਗਮ ਵਿੱਚ ਜੁਗਰਾਜ ਧੌਲਾ ਦੀ ਪੁਸਤਕ ਲੋਕ ਅਰਪਣ
ਪਰਸ਼ੋਤਮ ਬੱਲੀ
ਬਰਨਾਲਾ, 11 ਨਵੰਬਰ
ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿੱਚ ਸੰਤ ਰਾਮ ਉਦਾਸੀ ਦੀ ਬਰਸੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਯਸ਼ੋਧਰਾ’ ਉੱਪਰ ਗੋਸ਼ਟੀ ਕਰਵਾਈ ਗਈ ਜਿਸ ’ਤੇ ਪਰਚਾ ਪੜ੍ਹਦਿਆਂ ਡਾ. ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ‘ਯਸ਼ੋਧਰਾ’ ਵਿੱਚ ਜਿੱਥੇ ਮਿਥ ਦੀ ਪੁਨਰ ਸਿਰਜਣਾ ਕੀਤੀ ਗਈ ਹੈ ਉੱਥੇ ਨਵੇਂ ਅਰਥ ਵੀ ਪ੍ਰਦਾਨ ਕੀਤੇ ਗਏ ਹਨ। ਡਾ. ਸੁਰਜੀਤ ਬਰਾੜ ਨੇ ਨਾਵਲ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ‘ਯਸ਼ੋਧਰਾ’ ਇਤਿਹਾਸਕ ਨਾਵਲ ਹੈ। ਯਸ਼ੋਧਰਾ ਮਹਾਤਮਾ ਬੁੱਧ ਦੀ ਪਤਨੀ ਹੈ ਜੋ ਨਾਵਲ ਦੀ ਨਾਇਕਾ ਹੈ ਅਤੇ ਸਾਰਾ ਨਾਵਲ ਯਸ਼ੋਧਰਾ ਦੇ ਜੀਵਨ ਬਿਰਤਾਂਤ ਤੇ ਕੇਂਦਰਿਤ ਕੀਤਾ ਗਿਆ ਹੈ। ਇਸ ਮੌਕੇ ਜਗਰਾਜ ਧੌਲਾ ਦੀ ਪੁਸਤਕ ‘ਪੰਜਾਬੀ ਵਿਆਹਾਂ ਦੀਆਂ ਰਸਮਾਂ ਅਤੇ ਰੀਤਾਂ’ ਦਾ ਲੋਕ ਅਰਪਣ ਵੀ ਕੀਤਾ ਗਿਆ। ਅਖ਼ੀਰ ’ਚ ਹੋਏ ਕਵੀ ਦਰਬਾਰ ਵਿਚ ਰਘਵੀਰ ਸਿੰਘ ਗਿੱਲ ਕੱਟੂ, ਪਾਲ ਸਿੰਘ ਲਹਿਰੀ ਤੇ ਸੁਰਜੀਤ ਸਿੰਘ ਦੇਹੜ ਆਦਿ ਨੇ ਕਵਿਤਾਵਾਂ ਤੇ ਗੀਤ ਸੁਣਾਏ।