ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੁਗਨੀ ਜਾ ਵੜੀ ਮੁਲਤਾਨ...

10:31 AM Nov 08, 2023 IST

ਡਾ. ਗੁਲਾਮ ਮੁਸਤਫਾ ਡੋਗਰ

‘ਜੁਗਨੀ’ ਪੰਜਾਬ ਦਾ ਹਰਮਨਪਿਆਰਾ ਗੌਣ ਹੈ। ‘ਜੁਗਨੀ’ ਬਣਨ ਦੀ ਕਹਾਣੀ ਬਹੁਤ ਦਿਲਚਸਪ ਹੈ। ਦਰਅਸਲ, ਇਹ ‘ਜੁਬਲੀ’ ਸ਼ਬਦ ਦਾ ਵਿਗੜਿਆ ਹੋਇਆ ਰੂਪ ਹੈ। ‘ਜੁਬਲੀ’ ਸ਼ਬਦ ਦਾ ਉਚਾਰਣ ਗਲਤ ਤੌਰ ’ਤੇ ‘ਜੁਗਨੀ’ ਕਰ ਦਿੱਤਾ। ਇਹ ਬਰਤਾਨੀਆ ਦੀ ਮਲਿਕਾ ਵਿਕਟੋਰੀਆ ਦੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਮੌਕੇ ਪੈਦਾ ਹੋਇਆ। ਜਦੋਂ ਇਹ ਗੋਲਡਨ ਜੁਬਲੀ ਧੂਮਧਾਮ ਨਾਲ ਮਨਾਈ ਗਈ ਤਾਂ ਅਨਪੜ੍ਹ ਲੋਕ ਜੁਬਲੀ ਸ਼ਬਦ ਦਾ ਉਚਾਰਣ ਨਹੀਂ ਕਰ ਸਕੇ। ਆਪਣੀ ਸੌਖ ਲਈ ਉਨ੍ਹਾਂ ਨੇ ਇਸ ਨੂੰ ‘ਜੁਗਨੀ’ ਕਹਿ ਦਿੱਤਾ। ਫਿਰ ਇਹ ਇੰਨਾ ਹਰਮਨਪਿਆਰਾ ਹੋ ਗਿਆ ਕਿ ਜੁਗਨੀ ਗੌਣ ਬੱਚੇ ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਿਆ। ਆਓ ਹੁਣ ਇਸ ਨਾਲ ਜੁੜੀ ਇਤਿਹਾਸਕ ਘਟਨਾ ਦਾ ਜ਼ਿਕਰ ਕਰਦੇ ਹਾਂ ਜਿੱਥੋਂ ‘ਜੁਗਨੀ’ ਪੈਦਾ ਹੋਈ।
ਲਹਿੰਦੇ ਪੰਜਾਬ ਦੀ ਵਿਧਾਨ ਸਭਾ ਲਾਹੌਰ ਦੇ ਮਾਲ ਰੋਡ ’ਤੇ ਸਥਤਿ ਹੈ। ਇਸ ਦੀ ਇਮਾਰਤ 17 ਨਵੰਬਰ 1935 ਨੂੰ ਬਣ ਕੇ ਤਿਆਰ ਹੋਈ। ਇਕੱਠੇ ਪੰਜਾਬ ਦੀ ਵਿਧਾਨ ਸਭਾ ਦੇ ਬਿਲਕੁਲ ਸਾਹਮਣੇ ਇੱਕ ਛੋਟਾ ਜਿਹਾ ਪਾਰਕ ਸੀ, ਜਿੱਥੇ ਇੱਕ ਵੱਡਾ ਚਬੂਤਰਾ ਬਣਿਆ ਹੋਇਆ ਸੀ। ਇਸ ਚਬੂਤਰੇ ਉੱਤੇ ਬਰਤਾਨੀਆ ਦੀ ਮਲਿਕਾ ਵਿਕਟੋਰੀਆ ਦਾ ਇੱਕ ਬਹੁਤ ਵੱਡਾ ਬੁੱਤ ਗੱਡਿਆ ਹੋਇਆ ਸੀ। ਚਬੂਤਰਾ ਅਤੇ ਬੁੱਤ ਦੋਵੇਂ ਹੀ ਚਿੱਟੇ ਰੰਗ ਦੇ ਸੰਗਮਰਮਰ ਦੇ ਬਣੇ ਹੋਏ ਸਨ ਅਤੇ ਵੇਖਣ ਵਿੱਚ ਬਹੁਤ ਹੀ ਖ਼ੂਬਸੂਰਤ ਸਨ। ਮਲਿਕਾ ਵਿਕਟੋਰੀਆ ਉਸ ਬੁੱਤ ਵਿੱਚ ਬੈਠੀ ਹੋਈ ਵਿਖਾਈ ਗਈ ਸੀ, ਉਸ ਦੇ ਹੱਥ ਵਿੱਚ ਇੱਕ ਡੰਡਾ ਫੜਿਆ ਹੋਇਆ ਸੀ। 1973 ਦੇ ਨੇੜੇ-ਤੇੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸਲਾਮੀ ਮੁਲਕਾਂ ਦੀ ਇੱਕ ਵਿਸ਼ਵ ਕਾਨਫਰੰਸ ਕਰਵਾਈ। ਉਸ ਤੋਂ ਬਾਅਦ ਉਸ ਦੀ ਯਾਦ ਵਿੱਚ ਵਿਧਾਨ ਸਭਾ ਦੇ ਸਾਹਮਣੇ ਇੱਕ ਮਿਨਾਰ ਬਣਾਇਆ ਗਿਆ। ਇਹ ਉਹ ਜਗ੍ਹਾ ਹੀ ਸੀ ਜਿੱਥੇ ਮਲਿਕਾ ਵਿਕਟੋਰੀਆ ਦਾ ਬੁੱਤ ਸੀ। ਇਸ ਕਰਕੇ ਮਲਿਕਾ ਵਿਕਟੋਰੀਆ ਦੇ ਬੁੱਤ ਨੂੰ ਉੱਥੋਂ ਚੁੱਕ ਕੇ ਲਾਹੌਰ ਦੇ ਇੱਕ ਅਜਾਇਬ ਘਰ ਵਿੱਚ ਰਖਵਾ ਦਿੱਤਾ ਗਿਆ। ਅੱਜ ਅਸੀਂ ਇਸੇ ਹੀ ਮਲਿਕਾ ਵਿਕਟੋਰੀਆ ਦੀ ਗੱਲ ਕਰਨ ਲੱਗੇ ਹਾਂ। ਜਿਸ ਦੀ ਵਜ੍ਹਾ ਨਾਲ ਪੰਜਾਬੀ ਜ਼ੁਬਾਨ ਗੌਣ ਵਿੱਚ ਇੱਕ ਨਵੀਂ ਕਿਸਮ ਨੇ ਜਨਮ ਲਿਆ। ਅੱਜ ਵੀ ਪੰਜਾਬ ਦੇ ਲੋਕ ਉਸ ਨਵੀਂ ਕਿਸਮ ਨੂੰ ਬੜੇ ਸ਼ੌਕ ਦੇ ਨਾਲ ਗਾਉਂਦੇ ਹਨ।
ਇਸ ਨਵੀਂ ਕਿਸਮ ਨੂੰ ਅਸੀਂ ਜੁਗਨੀ ਆਖਦੇ ਹਾਂ। ਮਲਿਕਾ ਵਿਕਟੋਰੀਆ 1837 ਤੋਂ ਲੈ ਕੇ 1901 ਤਕ ਬਰਤਾਨੀਆ ਦੀ ਮਲਿਕਾ ਰਹੀ। ਆਪਣੇ ਮਰਨ ਤੋਂ ਬਾਅਦ ਵੀ ਉਹ ਦੁਨੀਆ ’ਤੇ ਆਪਣੇ ਨਾਂ ਦੇ ਨਾਲ ਜੁੜੀਆਂ ਕੁਝ ਚੀਜ਼ਾਂ ਛੱਡ ਗਈ। ਜਿਨ੍ਹਾਂ ਵਿੱਚ ਇੱਕ ਤਾਂ ਇਮਾਰਤਾਂ ਦਾ ਵਿਕਟੋਰੀਆ ਡਿਜ਼ਾਈਨ ਸੀ। ਦੂਸਰਾ ਵਿਕਟੋਰੀਆ ਫਰਨੀਚਰ, ਤੀਸਰਾ ਵਿਕਟੋਰੀਆ ਬੱਘੀ ਜਿਸ ਨੂੰ ਅਸੀਂ ਟਾਂਗਾ ਵੀ ਕਹਿੰਦੇ ਹਾਂ ਅਤੇ ਚੌਥਾ ਵਿਕਟੋਰੀਆ ਕਰਾਸ ਜੋ ਜੰਗ ਵਿੱਚ ਫ਼ੌਜੀਆਂ ਨੂੰ ਉਨ੍ਹਾਂ ਦੀ ਬਹਾਦਰੀ ਕਾਰਨ ਦਿੱਤਾ ਜਾਂਦਾ ਹੈ, ਜਿਵੇਂ ਭਾਰਤ ਵਿੱਚ ਪਰਮਵੀਰ ਚੱਕਰ ਦਿੱਤਾ ਜਾਂਦਾ ਹੈ। ਗੋਰਿਆਂ ਦੀ ਹਕੂਮਤ ਖ਼ਤਮ ਹੋਈ ਤਾਂ ਪੰਜਾਬੀ ਬਾਕੀ ਸਭ ਚੀਜ਼ਾਂ ਭੁੱਲ ਗਏ, ਪ੍ਰੰਤੂ ਮਲਿਕਾ ਵਿਕਟੋਰੀਆ ਦੀ ਇੱਕ ਯਾਦ ਰਹਿ ਗਈ ਜਿਸ ਨੂੰ ਉਹ ਭੁਲਾ ਨਾ ਸਕੇ ਤੇ ਉਹ ਸੀ ਜੁਗਨੀ। ਪੰਜਾਬੀਆਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਜੁਗਨੀ ਦੀ ਪੂਰੀ ਜਾਣਕਾਰੀ ਨਹੀਂ, ਇਸ ਦੇ ਬਾਵਜੂਦ ਉਹ ਇਸ ਦਾ ਪੂਰਾ ਅਨੰਦ ਲੈਂਦੇ ਹਨ। ਮਲਿਕਾ ਵਿਕਟੋਰੀਆ ਨੇ 1887 ਵਿੱਚ ਆਪਣੀ ਮਲਿਕਾ ਹੋਣ ਦੇ 50 ਸਾਲ ਮੁਕੰਮਲ ਹੋਣ ਤੋਂ ਬਾਅਦ ਆਪਣੀ ਤਾਜਪੋਸ਼ੀ ਦੀ ਗੋਲਡਨ ਜੁਬਲੀ ਮਨਾਈ। ਉਸ ਵਕਤ ਮਲਿਕਾ ਨੇ ਦੋ ਕੰਮ ਕੀਤੇ। ਇੱਕ ਤਾਂ ਉਸ ਵਕਤ ਸਲਤਨਤ ਵਿੱਚ ਉਸ ਨੇ ਆਪਣੀ ਯਾਦ ਵਿੱਚ ਕਈ ਇਮਾਰਤਾਂ ਬਣਵਾਈਆਂ। ਦੂਸਰਾ ਕੰਮ ਉਸ ਨੇ ਇਹ ਕੀਤਾ ਕਿ ਲੰਡਨ ਤੋਂ ਲੈ ਕੇ ਹਿੰਦੁਸਤਾਨ ਤੱਕ ਉਸ ਨੇ ਆਪਣੇ ਨਾਂ ਦੀ ਇੱਕ ਜੁਬਲੀ ਮਸ਼ਾਲ ਫੇਰੀ।
ਇਹ ਮਸ਼ਾਲ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਅੱਜਕੱਲ੍ਹ ਓਲੰਪਿਕ ਦੀ ਮਸ਼ਾਲ ਕੱਢੀ ਜਾਂਦੀ ਹੈ। ਕਿਸੇ ਇੱਕ ਵਿਅਕਤੀ ਵੱਲੋਂ ਇਹ ਮਸ਼ਾਲ ਫੜੀ ਜਾਂਦੀ ਹੈ ਅਤੇ ਉਹ ਵੱਖਰੇ-ਵੱਖਰੇ ਮੁਲਕਾਂ ਵਿੱਚ ਇਸ ਨੂੰ ਚੁੱਕ ਕੇ ਚੱਲਦਾ ਹੈ। ਉਸ ਮਸ਼ਾਲ ਵਿੱਚ ਜਿਵੇਂ ਅੱਗ ਬਲਦੀ ਹੈ ਉਸੇ ਤਰ੍ਹਾਂ ਦੀ ਰੋਸ਼ਨੀ ਹੁੰਦੀ ਹੈ। ਉਸ ਵਕਤ ਤੱਕ ਜਿੰਨੇ ਮੁਲਕ ਮਲਿਕਾ ਦੀ ਸਲਤਨਤ ਵਿੱਚ ਸ਼ਾਮਲ ਸਨ, ਜੁਬਲੀ ਮਸ਼ਾਲ ਨੂੰ ਉਨ੍ਹਾਂ ਸਾਰਿਆਂ ਮੁਲਕਾਂ ਵਿੱਚ ਲਜਿਾਇਆ ਜਾਣਾ ਸੀ। ਉਨ੍ਹਾਂ ਮੁਲਕਾਂ ਦੀ ਗਿਣਤੀ ਘੱਟੋ-ਘੱਟ 68 ਦੇ ਕਰੀਬ ਸੀ। ਅਫ਼ਰੀਕਾ ਅਤੇ ਹਿੰਦੁਸਤਾਨ ਵੀ ਉਸ ਦੀ ਸਲਤਨਤ ਵਿੱਚ ਸ਼ਾਮਲ ਸਨ। ਜਦੋਂ ਇਹ ਮਸ਼ਾਲ ਹਿੰਦੁਸਤਾਨ ਆਈ ਤਾਂ ਉਸ ਨੂੰ ਹਿੰਦੁਸਤਾਨ ਦੇ ਹਰ ਜ਼ਿਲ੍ਹੇ ਵਿੱਚ ਲਜਿਾਇਆ ਗਿਆ। ਇੱਕ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਇਸ ਮਸ਼ਾਲ ਨੂੰ ਪਿਛਲੇ ਡਿਪਟੀ ਕਮਿਸ਼ਨਰ ਪਾਸੋਂ ਹਾਸਲ ਕਰਦਾ ਸੀ ਤੇ ਉਹ ਇਸ ਮਸ਼ਾਲ ਨੂੰ ਆਪਣੇ ਪੂਰੇ ਜ਼ਿਲ੍ਹੇ ਵਿੱਚ ਫੇਰਦਾ ਸੀ। ਉਸ ਜ਼ਿਲ੍ਹੇ ਦੇ ਲੋਕ ਇਸ ਮਸ਼ਾਲ ਦਾ ਨੱਚ, ਟੱਪ ਤੇ ਗਾਣੇ ਗਾ ਕੇ ਸਵਾਗਤ ਕਰਦੇ ਅਤੇ ਇਸ ਜਲੂਸ ਵਿੱਚ ਆਪ ਵੀ ਨਾਲ ਸ਼ਾਮਲ ਹੁੰਦੇ ਸਨ। ਜਦੋਂ ਇਹ ਮਸ਼ਾਲ ਪੰਜਾਬ ਵਿੱਚ ਪਹੁੰਚੀ ਜੋ ਪੰਜਾਬ ਅੱਜਕੱਲ ਤਿੰਨ ਚਾਰ ਸੂਬਿਆਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਲਹਿੰਦਾ ਪੰਜਾਬ ਅਤੇ ਚੜ੍ਹਦੇ ਪੰਜਾਬ ਦੇ ਤਿੰਨ ਸੂਬੇ। ਜਦੋਂ ਮਸ਼ਾਲ ਇੱਥੇ ਆਈ ਤਾਂ ਪੰਜਾਬੀਆਂ ਨੇ ਵੀ ਉਸੇ ਤਰ੍ਹਾਂ ਇਸ ਮਸ਼ਾਲ ਦਾ ਗਾ, ਵਜਾ ਕੇ ਸਵਾਗਤ ਕੀਤਾ। ਇਸ ਤਰ੍ਹਾਂ ਦਾ ਸ਼ੋਅ/ਜਲੂਸ ਹਕੂਮਤ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਸੀ ਹੋ ਸਕਦਾ। ਲੋਕ ਤਾਂ ਉਸ ਵੇਲੇ ਆਪਣੇ ਘਰਾਂ ਤੋਂ ਬਾਹਰ ਹੀ ਨਹੀਂ ਸਨ ਨਿਕਲਦੇ। ਇਸ ਵਾਸਤੇ ਇਸ ਨੂੰ ਕਾਮਯਾਬ ਕਰਨ ਲਈ ਅੰਗਰੇਜ਼ਾਂ ਦੇ ਮੁਕਾਮੀ ਨੌਕਰਾਂ ਦੀ ਡਿਊਟੀ ਲੱਗੀ ਹੋਈ ਸੀ। ਜਿਸ ਵਿੱਚ ਸਰਕਾਰੀ ਅਫ਼ਸਰ ਤਾਂ ਹੈ ਹੀ ਸਨ ਇਸ ਦੇ ਨਾਲ ਪਿੰਡਾਂ ਦੇ ਨੰਬਰਦਾਰ, ਚੌਕੀਦਾਰ, ਸਫ਼ੈਦ ਪੋਸ਼, ਜ਼ੇਲਦਾਰ, ਖ਼ਾਨ, ਸਰਦਾਰ, ਚੌਧਰੀ, ਰਾਜੇ, ਮਹਾਰਾਜੇ ਸਭ ਮਲਿਕਾ ਦੀ ਚਾਪਲੂਸੀ ਕਰਨ ਵਾਸਤੇ ਵੱਧ-ਚੜ੍ਹ ਕੇ ਇਸ ਜਲੂਸ ਨੂੰ ਕਾਮਯਾਬ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ। ਇੱਕ ਪੂਰੇ ਜ਼ਿਲ੍ਹੇ ਵਿੱਚ ਇਸ ਜੁਬਲੀ ਮਸ਼ਾਲ ਨੂੰ ਘੁੰਮਾਉਣ ਤੋਂ ਬਾਅਦ ਉਸ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਉਸ ਨੂੰ ਅਗਲੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਹੱਦ ’ਤੇ ਜਾ ਕੇ ਉਸ ਨੂੰ ਸੌਂਪ ਦਿੰਦਾ ਸੀ। ਅਗਲੇ ਜ਼ਿਲ੍ਹੇ ਵਿੱਚ ਵੀ ਇਸ ਮਸ਼ਾਲ ਦਾ ਉਸੇ ਤਰ੍ਹਾਂ ਗਾ, ਵਜਾ ਕੇ ਸਵਾਗਤ ਕੀਤਾ ਜਾਂਦਾ ਸੀ। ਜਦੋਂ ਇਹ ਮਸ਼ਾਲ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਆਈ ਤੇ ਪੰਜਾਬ ਦੇ ਜਾਗਰੀਦਾਰੀ, ਖ਼ਾਨ, ਵਡੇਰੇ, ਚੌਧਰੀ ਆਦਿ ਨੇ ਸੋਚਿਆ ਕਿ ਆਪਾ ਬਾਕੀ ਸੂਬਿਆਂ ਨਾਲੋਂ ਕੁਝ ਵੱਧ-ਚੜ੍ਹ ਕੇ ਅਤੇ ਵੱਖਰੀ ਕਿਸਮ ਨਾਲ ਇਸ ਦਾ ਸੁਆਗਤ ਕਰਨਾ ਹੈ ਤਾਂ ਕਿ ਮਲਿਕਾ ਨੂੰ ਖੁਸ਼ ਕੀਤਾ ਜਾ ਸਕੇ। ਉਨ੍ਹਾਂ ਨੇ ਇਸ ਜੁਬਲੀ ਮਸ਼ਾਲ ਦੀ ਸ਼ਾਨ ਵਿੱਚ ਗਾਣੇ ਤਿਆਰ ਕਰਵਾਉਣੇ ਸ਼ੁਰੂ ਕਰ ਦਿੱਤੇ।
ਪੰਜਾਬ ਵਿੱਚ ਗਾਉਣ, ਵਜਾਉਣ ਵਾਲੇ ਲੋਕ ਪਹਿਲਾਂ ਮਰਾਸੀ ਹੀ ਹੁੰਦੇ ਸਨ। ਮਰਾਸੀ ਸਾਰੇ ਹੀ ਮੁਸਲਮਾਨ ਹੁੰਦੇ ਸਨ। ਪੰਜਾਬ ਵਿੱਚ ਸੰਗੀਤ ਨਾਲ ਸਬੰਧਤ ਕਈ ਘਰਾਣੇ ਮਸ਼ਹੂਰ ਸਨ, ਜਿਵੇਂ ਪਟਿਆਲਾ ਘਰਾਣਾ, ਸ਼ਾਮਚੁਰਾਸੀ ਘਰਾਣਾ, ਗਵਾਲੀਅਰ ਘਰਾਣਾ ਅਤੇ ਇੱਕ ਹੋਰ ਬੜਾ ਮਸ਼ਹੂਰ ਘਰਾਨਾ ਸੀ ਜਿਸ ਨੂੰ ਕਸੂਰ ਘਰਾਣਾ ਵੀ ਕਿਹਾ ਜਾਂਦਾ ਸੀ। ਕਸੂਰ ਘਰਾਣੇ ਦੇ ਫਨਕਾਰ ਬਹੁਤ ਵੱਡੇ ਉਸਤਾਦ ਤੇ ਗਵੱਈਏ ਸਨ। ਇਸ ਘਰਾਨੇ ਨਾਲ ਤਲੱਕ ਨੂਰਜਹਾਂ ਦਾ ਵੀ ਸੀ ਅਤੇ ਬਾਅਦ ਵਿੱਚ ਗਾਇਕ ਅਫ਼ਸ਼ਾਂ, ਸਾਇਰਾ ਬਾਨੋ ਅਤੇ ਉਸਤਾਦ ਬੜੇ ਗੁਲਾਮ ਅਲੀ ਖ਼ਾਨ। ਇਸ ਮੌਕੇ ’ਤੇ ਹਰ ਫਨਕਾਰ ਕੋਈ ਨਾ ਕੋਈ ਗਾਣਾ ਬਣਾ ਰਿਹਾ ਸੀ। ਕਸੂਰ ਘਰਾਣੇ ਦੇ ਦੋ ਮਰਾਸੀ ਸਕੇ ਭਾਈਆਂ ਵੱਲੋਂ ਇੱਕ ਗਾਣਾ ਤਿਆਰ ਕੀਤਾ ਗਿਆ। ਜਿਵੇਂ ਕਿ ਉਸ ਵਕਤ ਸਾਡੇ ਮੁਲਕ ਵਿੱਚ 12% ਤੋਂ ਵੀ ਘੱਟ ਲੋਕ ਪੜ੍ਹੇ ਲਿਖੇ ਸਨ। ਉੱਥੇ ਹੀ ਇਹ ਦੋਵੇਂ ਭਰਾ ਵੀ ਅਨਪੜ੍ਹ ਸਨ। ਉਨ੍ਹਾਂ ਵੱਲੋਂ ਗਾਣਾ ਬਣਾ ਤਾਂ ਲਿਆ, ਪਰ ਜਦੋਂ ਉਹ ਗਾਣਾ ਗਾਉਂਦੇ ਸਨ, ਉਨ੍ਹਾਂ ਦੇ ਅਨਪੜ੍ਹ ਹੋਣ ਕਾਰਨ ਜੁਬਲੀ ਸ਼ਬਦ ਉਨ੍ਹਾਂ ਦੀ ਜ਼ੁਬਾਨ ’ਤੇ ਚੜ੍ਹਦਾ ਨਹੀਂ ਸੀ। ਦੂਸਰਾ ਸ਼ੇਅਰੋ-ਸ਼ਾਇਰੀ ਵਿੱਚ ਉਹ ਫਿਟ ਨਹੀਂ ਸੀ ਬੈਠ ਰਿਹਾ। ਤੀਸਰਾ ਉਸ ਵਕਤ ਕੋਈ ਡੈਂਟਿਸਟ ਨਹੀਂ ਸਨ ਹੁੰਦੇ। ਲੋਕਾਂ ਦੇ ਮੂੰਹ ’ਚੋਂ ਜਦੋਂ ਦੰਦ ਨਿਕਲ ਜਾਂਦੇ ਸਨ ਤਾਂ ਉਹ ਲੁਆ ਨਹੀਂ ਸੀ ਸਕਦੇ। ਜਦੋਂ ਉਹ ਅੱਖਰ ਜੁਬਲੀ ਬੋਲਦਾ ਸੀ ਤਾਂ ਉਸ ਦੇ ਮੂੰਹ ਵਿੱਚੋਂ ਫੂਕ ਨਿਕਲ ਜਾਂਦੀ ਸੀ ਅਤੇ ਸ਼ਬਦ ਸਹੀ ਨਹੀਂ ਸੀ ਬੋਲਿਆ ਜਾਂਦਾ। ਇਸ ਸਾਰੇ ਕੰਮ ਨੂੰ ਆਸਾਨ ਕਰਨ ਵਾਸਤੇ ਇਨ੍ਹਾਂ ਦੋਵਾਂ ਭਾਈਆਂ ਨੇ ਜੁਬਲੀ ਦੀ ਜਗ੍ਹਾ ਉਸ ਨੂੰ ਜੁਗਨੀ ਕਰ ਦਿੱਤਾ, ਜਿਸ ਨੂੰ ਅੱਜਕੱਲ੍ਹ ਅਸੀਂ ਜੁਗਨੀ ਆਖਦੇ ਹਾਂ। ਆਪਣੇ ਟੱਪਿਆਂ ਅਤੇ ਸ਼ੇਅਰਾਂ ਵਿੱਚ ਉਨ੍ਹਾਂ ਇਸ ਸ਼ਬਦ ਨੂੰ ਫਿਟ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਪੰਜਾਬੀ ਤਾਂ ਵੈਸੇ ਵੀ ਅੱਖਰਾਂ ਨੂੰ ਆਪਣੀ ਆਸਾਨੀ ਦੇ ਮੁਤਾਬਿਕ ਢਾਲ ਲੈਂਦੇ ਹਾਂ ਅਤੇ ਵਿਗਾੜ ਵੀ ਲੈਂਦੇ ਹਾਂ। ਇਨ੍ਹਾਂ ਭਰਾਵਾਂ ਨੇ ਵੀ ਇੰਜ ਹੀ ਜੁਬਲੀ ਨੂੰ ਜੁਗਨੀ ਬਣਾ ਦਿੱਤਾ।
ਇਨ੍ਹਾਂ ਵੱਲੋਂ ਗਾਇਆ ਗਾਣਾ ਜੁਗਨੀ ਜਿੰਨੇ ਵੀ ਜਲੂਸ ਨਿਕਲੇ ਉਨ੍ਹਾਂ ਸਭ ਵਿੱਚ ਗਾਇਆ ਗਿਆ ਅਤੇ ਬਹੁਤ ਮਸ਼ਹੂਰ ਹੋਇਆ। ਇਹ ਬਿਲਕੁਲ ਉਸੇ ਤਰ੍ਹਾਂ ਹੀ ਸੀ ਜਿਵੇਂ ਪੰਜਾਬੀ ਦੇ ਟੱਪੇ ਜਾਂ ਮਾਹੀਏ ਹੁੰਦੇ ਹਨ। ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਇਹ ਮਸ਼ਾਲ ਫਿਰਾਈ ਗਈ ਅਤੇ ਇਹ ਜੁਗਨੀ ਗਾਈ ਗਈ। ਜਿਵੇਂ ਜਿਵੇਂ ਇਹ ਮਸ਼ਾਲ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾਂਦੀ, ਉਸੇ ਮੁਤਾਬਿਕ ਉਸ ਸ਼ਹਿਰ ਦਾ ਨਾਮ ਜੁਗਨੀ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਤਾਂ ਕਿ ਉਸ ਇਲਾਕੇ ਦੇ ਲੋਕਾਂ ਨੂੰ ਵੀ ਜੁਗਨੀ ਆਪਣੀ ਲੱਗੇ। ਵੇਖਿਆ ਜਾਵੇਂ ਤਾਂ ਜੁਗਨੀ ਦੇ ਟੱਪਿਆਂ ਵਿੱਚ ਇਸੇ ਤਰ੍ਹਾਂ ਹੁੰਦਾ ਹੈ ਜਿਵੇਂ : ਜੁਗਨੀ ਜਾ ਵੜੀ ਮੁਲਤਾਨ ਜਿੱਥੇ ਬੜੇ-ਬੜੇ ਭਲਵਾਨ ਤੇ ਜੁਗਨੀ ਜਾ ਵੜੀ ਮਦੱਰਸੇ ਮਾਸਟਰ ਖਿੜਕੀ ਓਹਲੇ ਹੱਸੇ, ਜੁਗਨੀ ਜਾ ਵੜੀ ਜਲੰਧਰ, ਜੁਗਨੀ ਜਾ ਵੜੀ ਗੁਜਰਾਤ ਤੇ ਇਸੇ ਤਰ੍ਹਾਂ ਹੀ ਬਹੁਤ ਸਾਰਿਆਂ ਇਲਾਕਿਆਂ ਦੀਆਂ ਚੀਜ਼ਾਂ ਨੇ ਨਾਂ ਸ਼ਾਮਲ ਕਰ ਦਿੱਤੇ। ਮਲਿਕਾ ਵਿਕਟੋਰੀਆ ਨੂੰ ਮਰਿਆ ਅੱਜ ਸਵਾ ਸਦੀ ਬੀਤ ਗਈ ਹੈ। ਨਵੀਂ ਪੜ੍ਹੀ ਨੂੰ ਪਤਾ ਹੀ ਨਹੀਂ ਹੋਣਾ ਕੀ ਮਲਿਕਾ ਵਿਕਟੋਰੀਆ ਕੌਣ ਹੈ। ਮਲਿਕਾ ਵਿਕਟੋਰੀਆ ਦੀ ਗੋਲਡਨ ਜੁਬਲੀ ਦੀ ਵਜ੍ਹਾ ਦੇ ਨਾਲ ਜੁਗਨੀ ਵਜੂਦ ਵਿੱਚ ਆਈ ਤੇ ਅੱਜ ਵੀ ਕਾਇਮ ਹੈ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੋਵਾਂ ਵਿੱਚ ਹੀ ਸਾਡੇ ਫਨਕਾਰ ਇਸ ਨੂੰ ਬਹੁਤ ਸ਼ੌਕ ਦੇ ਨਾਲ ਗਾਉਂਦੇ ਹਨ ਅਤੇ ਲੋਕ ਬਹੁਤ ਸ਼ੌਕ ਤੇ ਮਾਣ ਨਾਲ ਸੁਣਦੇ ਹਨ।

Advertisement

ਸੰਪਰਕ: 00447878132209

Advertisement
Advertisement