For the best experience, open
https://m.punjabitribuneonline.com
on your mobile browser.
Advertisement

ਜੁਗਨੀ ਜਾ ਵੜੀ ਲੁਧਿਆਣੇ...

10:12 AM Dec 02, 2023 IST
ਜੁਗਨੀ ਜਾ ਵੜੀ ਲੁਧਿਆਣੇ
Advertisement

ਜੁਗਨੀ ਪੰਜਾਬੀ ਲੋਕਾਂ ਦੀ ਜੀਵਨ ਗਾਥਾ ਹੈ। ਪੰਜਾਬੀ ਲੋਕ ਗੀਤਾਂ ਦਾ ਮੁੱਖ ਬੰਦ। ਇਸ ਨੂੰ ਜ਼ਿੰਦਗੀ ਦਾ ਸਾਰ ਵੀ ਕਿਹਾ ਜਾਂਦੈ। ਜੁਗਨੀ ਦੀ ਬਿਰਤਾਂਤਕ ਜੁਗਤ ਨੇ ਸਾਡੇ ਵਿਰਸੇ ਦੀ ਸ਼ਾਨ ਨੂੰ ਬਰਕਰਾਰ ਰੱਖਿਐ। ਪੰਜਾਬੀਆਂ ਦੇ ਦਿਲਾਂ ਦੀ ਤਾਲ, ਲੈਅ ਤੇ ਤਾਨ ਹੈ। ਧੁਰ ਅੰਦਰਲੇ ਮਨ ਦੀ ਹੂਕ। ਗਾਇਕ ਜਦੋਂ ਵਜਦ ਵਿੱਚ ਆ ਕੇ ਗਾਉਂਦੇ ਨੇ, ਤਾਂ ਲੱਗਦੈ ਜਿਵੇਂ ਸੱਚੀ ਸੁੱਚੀ ਰੂਹ ਦਾ ਪਰਵਿਦਗਾਰ ਨਾਲ ਆਪੇ ਦਾ ਪ੍ਰਗਟਾਵਾ ਹੋ ਰਿਹਾ ਹੋਵੇ। ਜੁਗਨੀ, ਤਵੀਤ ਵਰਗਾ ਪਵਿੱਤਰ ਗਹਿਣਾ ਜਾਪਦੀ ਹੈ!
ਵਾਹ ਵਾਹ ਮੌਜ ਜਵਾਨੀ ਵਾਲੀ, ਸ਼ਹਿਦ ਗੁੜੇ ਤੋਂ ਮਿੱਠੀ,
ਆਈ ਜਵਾਨੀ ਹਰ ਕੋਈ ਵੇਂਹਦਾ, ਜਾਂਦੀ ਕਿਸੇ ਨਾ ਡਿੱਠੀ,
ਕੀ ਮੁਨਿਆਦ ਓ ਬੰਦਿਆ ਤੇਰੀ, ਆਖਰ ਹੋਣਾ ਮਿੱਟੀ,
ਸੱਚੇ ਇਸ਼ਕ ਨੇ ਤਾਜ਼ਾ ਰਹਿਣਾ, ਭਾਵੇਂ ਦਾੜ੍ਹੀ ਹੋ ਜੇ ਚਿੱਟੀ,
ਓਏ ਪੀਰ ਮੇਰਿਆ ਜੁਗਨੀ ਕਹਿੰਦੀ ਆ,
ਉਹ ਨਾਮ ਸਾਈਂ ਦਾ ਲੈਂਦੀ ਆ...
ਲੋਕ ਧਾਰਾ ਦੇ ਪ੍ਰਮੁੱਖ ਸਾਹਿਤਕਾਰ ਡਾ. ਵਣਜਾਰਾ ਬੇਦੀ ਦਾ ਕਥਨ ਹੈ: “ਜੁਗਨੀ ਪੰਜਾਬ ਦਾ ਇੱਕ ਪ੍ਰਸਿੱਧ ਕਾਵਿ-ਰੂਪ ਹੈ, ਜਿਸ ਵਿੱਚ ਜੁਗਨੀ ਦਾ ਜੱਸ ਗਾਇਆ ਜਾਂਦਾ ਹੈ। ਇਸ ਕਾਵਿ-ਰੂਪ ਵਿੱਚ ਜੁਗਨੀ ਇੱਕ ਰੁਮਾਂਚਿਕ ਮੁਟਿਆਰ ਦੀ ਪ੍ਰਤੀਕ ਹੈ, ਜੋ ਜਿੱਥੇ ਵੀ ਜਾਂਦੀ ਹੈ, ਆਪਣੇ ਹੁਸਨ ਨਾਲ ਤਰਥੱਲੀ ਲੈ ਆਉਂਦੀ ਹੈ...ਕਈ ਵਾਰ ਨਗਰ ਵਿਸ਼ੇਸ਼ ਦੀ ਵਿਸ਼ੇਸ਼ਤਾ ਜੁਗਨੀ ਦਾ ਅੰਗ ਬਣ ਜਾਂਦੀ ਹੈ।” ਸ਼ੀਸ਼ਾ ਹਾਜ਼ਰ ਐ:
W ਜੁਗਨੀ ਜਾ ਵੜੀ ਪਟਿਆਲੇ,
ਉੱਥੇ ਵਿਕਦੇ ਰੇਸ਼ਮੀ ਨਾਲੇ,
ਅੱਧੇ ਚਿੱਟੇ ਤੇ ਅੱਧੇ ਕਾਲੇ,
ਓ ਪੀਰ ਮੇਰਿਆ ਵੇ ਜੁਗਨੀ...
W ਜੁਗਨੀ ਜਾ ਵੜੀ ਬੰਬਈ,
ਉਹਦੀ ਭੱਜ ਪੱਸਲੀ ਗਈ,
ਉਹਨੂੰ ਨਵੀਂ ਪੁਆਉਣੀ ਪਈ,
ਵੀਰ ਮੇਰਿਆ ਜੁਗਨੀ ਪਿੱਤਲ ਦੀ,
ਮੈਂ ਦੇਖੀ ਸ਼ਹਿਰੋਂ ਨਿੱਕਲਦੀ...
ਜੁਗਨੀ ਦਾ ਇਤਿਹਾਸ ਪੁਰਾਣਾ ਹੈੈ। ਇਹ ਕਈ ਭਾਸ਼ਾਵਾਂ ਵਿੱਚ ਰੰਗ ਬੰਨ੍ਹਦੀ ਹੈ। ਇਹ ਦੋਹਾਂ ਪੰਜਾਬਾਂ ਦੀਆਂ ਮਹਿਫ਼ਿਲਾਂ ਦੀ ਰਕਾਨ ਹੈ। ਜੁਗਨੀ ਤੋਂ ਬਿਨਾਂ ਗਾਇਕੀ ਦਾ ਪਿੜ ਅਧੂਰਾ ਹੀ ਰਹਿੰਦਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚਿੰਤਕ ਮਰਹੂਮ ਪ੍ਰੋ. ਦਰਬਾਰਾ ਸਿੰਘ ਦੱਸਦੇ ਹੁੰਦੇ ਸਨ ਕਿ ਜੁਗਨੀ ਸਮੇਂ ਦੀ ਸਜੀਵਤਾ ਹੈ, ਤਤਕਾਲੀ ਘਟਨਾਵਾਂ ਨੂੰ ਮਾਲਾ ਦੇ ਮਣਕਿਆਂ ਵਾਂਗ ਪਰੋਣ ਦੀ ਕਲਾ। ਕ੍ਰਿਆਸ਼ੀਲਤਾ ਦੀ ਤਰਜਮਾਨੀ ਕਰਦੀ ਹੈ। ਜੁਗਨੀ ਦੇ ਕਈ ਵੱਖਰੇ ਰੂਪ ਹਨ। ਕੁੱਝ ਲੋਕਾਂ ਦਾ ਮੰਨਣਾ ਹੈ ਕਿ ਸਿੱਧ, ਯੋਗੀ, ਪੀਰ ਧਾਤ ਦੀ ਤਵੀਤ ਬਣਾ ਕੇ ਰੇਸ਼ਮ ਦੀ ਡੋਰੀ ਨਾਲ ਆਪਣੇ ਗਲੇ ਵਿੱਚ ਲਟਕਾ ਲੈਂਦੇ ਸਨ ਜਾਂ ਡੌਲੇ ਨਾਲ ਬੰਨ੍ਹਦੇ ਸਨ, ਜਿਸਨੂੰ ‘ਯੋਗ ਗ੍ਰਹਿਣੀ’ ਕਿਹਾ ਜਾਂਦਾ ਸੀ। ਸਮੇਂ ਦੇ ਨਾਲ ਇਸ ਦਾ ਨਾਮ ‘ਯੋਗਿਨੀ’ ਅਤੇ ਬਾਅਦ ਵਿੱਚ ‘ਜੁਗਨੀ’ ਬਣ ਗਿਆ। ਜਦੋਂ ਕਿਸੇ ਕਾਬਿਲ ਸ਼ਾਗਿਰਦ ਨੂੰ ਗੱਦੀ ਸੌਂਪਣੀ ਹੁੰਦੀ ਸੀ, ਤਾਂ ਵੀ ਉਸ ਨੂੰ ਜੁਗਨੀ ਨਾਲ ਨਿਵਾਜਿਆ ਜਾਂਦਾ ਸੀ। ਜੁਗਨੀ ਤੋਂ ਸੋਹਣੀ ਮੁਟਿਆਰ ਦਾ ਭਾਵ ਵੀ ਲਿਆ ਜਾਂਦੈ...ਕਿਸੇ ਲੋਕ ਗੀਤ ਦੀ ਨਾਇਕਾ ਵਾਂਗ...ਸ਼ਹਿਰੋ ਸ਼ਹਿਰ ਘੁੰਮ ਕੇ ਗਾਉਣ ਵਾਲੀ। ਇੱਕ ਹੋਰ ਰੂਪ ਰੌਸ਼ਨੀ ਦੇ ਪ੍ਰਤੀਕ ਜੁਗਨੂੰ ਦੀ ਮਾਦਾ ਨੂੰ ਵੀ ਜੁਗਨੀ ਦਾ ਨਾਂ ਦਿੱਤਾ ਗਿਆ ਹੈ। ਨਾਮ ਜਪਣ ਵੇਲੇ ਹੱਥ ਨਾਲ ਫੇਰਨ ਵਾਲੀ ਮਾਲਾ ਨੂੰ ਜੁਗਨੀ ਦਾ ਖਿਤਾਬ ਵੀ ਪ੍ਰਚੱਲਿਤ ਹੈ। ਲੱਗਦੈ, ਜਿਵੇਂ ਸਾਡੇ ਜੀਵਨ ਦੀਆਂ ਅਟੁੱਟ ਸਾਂਝਾਂ ਦਾ ਨਾਮ ਹੈ ਜੁਗਨੀ!
ਜੁਗਨੀ ਦੀ ਗਾਇਨ ਕਲਾ ਬਾਰੇ ਇਤਿਹਾਸਕਾਰਾਂ ਦੀ ਸਮਾਂ ਸਾਰਣੀ ’ਚ ਮੱਤਭੇਦ ਹਨ। ਕੁੱਝ ਕੁ ਇਸ ਦਾ ਮੁੱਢ ਸੰਨ 1887 ਵਿੱਚ ਅਤੇ ਦੂਸਰਾ ਵਰਗ ਇਸ ਨੂੰ 1906 ਦਾ ਦੁਆਲਾ ਦੱਸਦੇ ਹਨ। ਇਹ ਧਾਰਨਾ ਹੈ ਕਿ ਅੰਗਰੇਜ਼ਾਂ ਦਾ ਅੱਧੀ ਦੁਨੀਆ ’ਤੇ ਰਾਜ ਭਾਗ ਚੱਲਦਾ ਰਿਹੈ। ਕਿਹਾ ਜਾਂਦਾ ਸੀ ਕਿ ਗੋਰਿਆਂ ਦੇ ਰਾਜ ਵਿੱਚ ਕਦੇ ਸੂਰਜ ਨਹੀਂ ਛਿਪਦਾ। ਬਰਤਾਨੀਆ ਦੀ ਮਲਿਕਾ ਵਿਕਟੋਰੀਆ ਨੇ ਸਾਮਰਾਜ ਦੇ ਪੰਜਾਹ ਸਾਲ ਪੂਰੇ ਹੋਣ ’ਤੇ ਜਸ਼ਨ ਮਨਾਉਣ ਦਾ ਹੁਕਮ ਦਿੱਤਾ। ਕਿਹਾ ਗਿਆ ਕਿ ਬਸਤੀ ਦੇ ਹਰੇਕ ਜ਼ਿਲ੍ਹੇ ਵਿੱਚ ਜਿੱਥੇ ਗੋਰੀ ਹਕੂਮਤ ਦਾ ਰਾਜ ਹੈ, ਇੱਕ ਜੋਤ ਜਗਾ ਕੇ ਘੁਮਾਈ ਜਾਵੇਗੀ। ਇਸ ਨੂੰ ‘ਜੁਬਲੀ ਫਲੇਮ’ ਦਾ ਨਾਂ ਦਿੱਤਾ ਗਿਆ। ਸੋਨੇ ਦੇ ਕਲਸ਼ ਵਿੱਚ ਰੱਖੀ ਇਹ ਜੋਤ, ਜਿੱਥੇ ਵੀ ਜਾਂਦੀ ਸੀ, ਅਹਿਲਕਾਰਾਂ ਵੱਲੋਂ ਵੱਡਾ ਇਕੱਠ ਕਰ ਕੇ ਅੰਗਰੇਜ਼ਾਂ ਦੀ ਮਹਿਮਾ ਦਾ ਗੁਣ-ਗਾਨ ਕੀਤਾ ਜਾਂਦਾ ਸੀ। ਪ੍ਰਾਪਤੀਆਂ ਦੇ ਸੋਹਲੇ ਗਾਏ ਜਾਂਦੇ। ਹਿੰਦੁਸਤਾਨ ਵਿੱਚ 1857 ਦੇ ਵਿਦਰੋਹ ਤੋਂ ਬਾਅਦ ਕੋਈ ਵੱਡੀ ਰਾਜਨੀਤਕ ਸਰਗਰਮੀ ਨਹੀਂ ਸੀ ਵਿੱਢੀ ਗਈ, ਪਰ ਅੰਦਰੋਂ ਅੰਦਰ ਹਕੂਮਤ ਦੇ ਖ਼ਿਲਾਫ਼ ਅੱਗ ਸੁਲਘ ਰਹੀ ਸੀ।
ਕੁੱਝ ਬਾਗ਼ੀ ਸੁਰਾਂ ਨੇ ਮਾਝੇ ਦੇ ਦੋ ਕਵੀਸ਼ਰਾਂ (ਮੁਹੰਮਦ) ਮਾਂਦਾ ਅਤੇ ਬਿਸ਼ਨਾ (ਜੱਟ) ਨੂੰ ਤਿਆਰ ਕੀਤਾ। ਜਿੱਥੇ ਵੀ ਸਰਕਾਰੀ ਇਕੱਠ ਹੁੰਦਾ, ਮਾਂਦਾ ਤੇ ਬਿਸ਼ਨਾ ਉੱਥੇ ਪਹੁੰਚ ਜਾਂਦੇ ਅਤੇ ਆਪਣਾ ਵੱਖਰਾ ਅਖਾੜਾ ਲਗਾ ਲੈਂਦੇ। ਮੌਕੇ ’ਤੇ ਜੋੜੇ ਹੋਏ ਜੁਗਨੀ ਦੇ ਛੰਦ ਪਿੜ ਵਿੱਚ ਗਾ ਕੇ ਧਮੱਚੀ ਪੁੱਟ ਦਿੰਦੇ। ਭਾਸ਼ਾ ਦੀ ਸਰਲਤਾ ਨੇ ਰਾਤੋ ਰਾਤ ਦੋਵਾਂ ਨੂੰ ਹਰਦਿਲ ਅਜ਼ੀਜ਼ ਬਣਾ ਦਿੱਤਾ। ਮਾਂਦਾ ਢੱਡ ਅਤੇ ਬਿਸ਼ਨਾ ਕਿੰਗਰੀ ਵਜਾ ਕੇ ਰੰਗ ਬੰਨ੍ਹਦੇ ਸਨ। ਅਨਪੜ੍ਹ ਹੋਣ ਕਾਰਨ ‘ਜੁਬਲੀ’ ਨੂੰ ‘ਜੁਗਨੀ’ ਬਣਾ ਧਰਿਆ। ਜੁਗਨੀ ਦੇ ਬਗ਼ਾਵਤੀ ਸੁਰਾਂ ਨੇ ਗੋਰਿਆਂ ਨੂੰ ਤ੍ਰੇਲੀਆਂ ਲਿਆ ਦਿੱਤੀਆਂ:
W ਜੁਗਨੀ ਜਾ ਵੜੀ ਲੁਧਿਆਣੇ,
ਲੋਕੀਂ ਮਰਦੇ ਭੁੱਖਣ ਭਾਣੇ
ਉਹਨੂੰ ਪੈ ਗਏ ਅੰਨ੍ਹੇ ਕਾਣੇ,
ਮਾਰਨ ਮੁੱਕੀਆਂ ਮੰਗਣ ਦਾਣੇ
ਕਿੱਥੋਂ ਦੇਈਏ ਰੋਟੀ ਮਹਿੰਗੀ ਆ
ਪੀਰ ਮੇਰਿਆ ਉਏ ਜੁਗਨੀ ਕਹਿੰਦੀ ਆ...
W ਇਹ ਜੁਗਨੀ ਨਹੀਂ ਹੈ ਲੋਕਾਂ ਦੀ,
ਇਹ ਕਾਲੀਆਂ ਚਿੱਟੀਆਂ ਜੋਕਾਂ ਦੀ
ਇਹ ਜਾਂਦੀ ਖ਼ੂਨ ਸੁਕਾਈ ਆ,
ਇਹਨੇ ਕਿਹੜੀ ਜੋਤ ਜਗਾਈ ਆ।
ਜਾਬਰ ਹਾਕਮਾਂ ਦੇ ਵਿਰੋਧ ਵਿੱਚ ਕਈ ਤਰ੍ਹਾਂ ਦੇ ਛੰਦ ਬਣ ਗਏ ਜੋ ਲੋਕਾਂ ਦੀ ਜ਼ੁਬਾਨ ਉੱਤੇ ਚੜ੍ਹ ਗਏ:
ਜੁਗਨੀ ਜਾ ਵੜੀ ਮਜੀਠੇ, ਕੋਈ ਰੰਨ ਨਾ ਚੱਕੀ ਪੀਠੇ,
ਪੁੱਤ ਗੱਭਰੂ ਮੁਲਕ ਵਿੱਚ ਮਾਰੇ,
ਰੋਵਣ ਅੱਖੀਆਂ ਪਰ ਬੁੱਲ੍ਹ ਸੀ ਸੀਤੇ,
ਪੀਰ ਮੇਰਿਆ ਜੁਗਨੀ ਆਈ ਆ,
ਇਨ੍ਹਾਂ ਕਿਹੜੀ ਜੋਤ ਜਗਾਈ ਆ।
ਜੁਬਲੀ ਜਸ਼ਨਾਂ ਦੇ ਸਮਾਗਮ ਮਾਂਦਾ ਅਤੇ ਬਿਸ਼ਨਾ ਦੇ ਅਖਾੜਿਆਂ ਮੂਹਰੇ ਫਿੱਕੇ ਪੈ ਗਏ। ਹਕੂਮਤ ਨੂੰ ਬਗ਼ਾਵਤ ਦੀ ਬੂ ਆਉਣ ਲੱਗੀ। ਮਾਂਦਾ ਅਤੇ ਬਿਸ਼ਨੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਭਾਰੀ ਤਸ਼ੱਦਦ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਜਾਬਰਾਂ ਨੇ ਉਨ੍ਹਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਤਾਂ ਸਦਾ ਲਈ ਅਮਰ ਹੋ ਚੁੱਕੀ ਸੀ।
ਅਜੋਕੇ ਸਮੇਂ ਵਿੱਚ ਅਨੇਕਾਂ ਗਵੱਈਆਂ ਨੇ ਜੁਗਨੀ ਦੀ ਜੋਤ ਨੂੰ ਨਿਰੰਤਰ ਬਲਦਾ ਰੱਖਿਆ। ਲਹਿੰਦੇ ਪੰਜਾਬ ਵਿੱਚ ਨਵਾਬ ਨੈਬ ਕੋਟੀਆ (ਘੁਮਿਆਰ) ਅਤੇ ਚਿਮਟੇ ਵਾਲੇ ਆਲਮ ਲੁਹਾਰ ਨੇ ਜੁਗਨੀ ਨੂੰ ਘਰ ਘਰ ਦਾ ਸ਼ਿੰਗਾਰ ਬਣਾ ਦਿੱਤਾ ਹੈ। ਨੈਬ ਕੋਟੀਏ ਦੀ ਜੁਗਨੀ ਦੀ ਇੱਕ ਝਲਕ:
ਅੱਵਲ ਸਿਫ਼ਤ ਖੁਦਾ ਦੀ ਆਖਾਂ, ਜਿਹੜਾ ਪਰਵਰਦਿਗਾਰ,
ਦੂਜੀ ਸਿਫ਼ਤ ਰਸੂਲ ਇਲ-ਇਲਹਾ ਦੀ, ਆਖਾਂ ਹਮਦ ਹਜ਼ਾਰ,
ਤੀਜੀ ਸਿਫ਼ਤ ਉਨ੍ਹਾਂ ਦੀ ਆਖਾਂ, ਜਿਹੜੇ ਪਿਆਰੇ ਯਾਰ,
ਨਾਮ ਨਵਾਬ ਤੇ ਜਾਤ ਕੰਮੀ ਦੀ, ਜੁਗਨੀ ਕਰਾਂ ਤਿਆਰ,
ਪੀਰ ਮੇਰਿਆ ਓਏ ਜੁਗਨੀ...
ਦੋਵਾਂ ਦੇ ਬਹੁਤੇ ਛੰਦਾਂ ਵਿੱਚ ਸਮਾਨਤਾ ਝਲਕਦੀ ਹੈ:
W ਏ ਵੇ ਅੱਲਾ ਵਾਲਿਆਂ ਦੀ ਜੁਗਨੀ ਜੀ
ਏ ਵੇ ਨਬੀ ਪਾਕ ਦੀ ਜੁਗਨੀ ਜੀ
ਏ ਵੇ ਮੌਲਾ ਅਲੀ ਵਾਲੀ ਜੁਗਨੀ ਜੀ
ਏ ਵੇ ਮੇਰੇ ਪੀਰ ਦੀ ਜੁਗਨੀ ਜੀ...
W ਮੇਰੀ ਜੁਗਨੀ ਦੇ ਧਾਗੇ ਬੱਗੇ,
ਜੁਗਨੀ ਉਹਦੇ ਮੂੰਹੋਂ ਫੱਬੇ,
ਜੀਹਨੂੰ ਸੱਟ ਇਸ਼ਕ ਦੀ ਲੱਗੇ,
ਓ ਪੀਰ ਮੇਰਿਆ ਜੁਗਨੀ ਕਹਿੰਦੀ ਆ,
ਜਿਹੜੀ ਨਾਮ ਅਲੀ ਦਾ ਲੈਂਦੀ ਆ...
ਆਲਮ ਲੁਹਾਰ ਨੇ ਇੱਕ ਕਦਮ ਹੋਰ ਅੱਗੇ ਜਾ ਕੇ ਜੁਗਨੀ ਨੂੰ ਨਵੀਂ ਰੰਗਤ ਵਿੱਚ ਰੰਗਿਆ ਹੈ:
ਆਸ਼ਕ ਲੋਕ ਤੇ ਕਮਲੇ ਰਮਲੇ, ਦੁਨੀਆ ਬੜੀ ਸਿਆਣੀ,
ਚਿੱਟੇ ਦਿਨ ਤੇ ਕਾਲੀਆਂ ਰਾਤਾਂ, ਖਾਂਦੇ ਜਾਣ ਜੁਆਨੀ,
ਕੀ ਬੁਨਿਆਦ ਐ ਬੰਦਿਆ ਤੇਰੀ, ਤੂੰ ਫ਼ਾਨੀ ਮੈਂ ਫ਼ਾਨੀ,
ਰੰਗੇ ਜਾਈਏ ਜੇ ਮਿਲ ਜਾਵੇ, ਢੋਲ ਦਿਲਾਂ ਦਾ ਜਾਨੀ,
ਓ ਮੈਂ ਗਾਵਾਂ ਜੁਗਨੀ...
ਚੜ੍ਹਦੇ ਪੰਜਾਬ ਵਿੱਚ ਗੁਰਮੀਤ ਬਾਵਾ ਨੇ ਜੋ
ਸ਼ਿੱਦਤ ਨਾਲ ਜੁਗਨੀ ਗਾਈ ਹੈ, ਉਸ ਦਾ ਕੋਈ
ਸਾਨੀ ਨਹੀਂ। ਇੱਕ ਕੰਨ ’ਤੇ ਹੱਥ ਧਰ ਕੇ ਅਤੇ ਦੂਜੀ
ਬਾਂਹ ਉੱਚੀ ਕਰ ਕੇ ਜਦੋਂ ਹੇਕ ਲਾਉਂਦੀ ਹੈ ਤਾਂ ਲੱਗਦੈ ਕਿ ਖੁਦਾ ਦੀ ਇਬਾਦਤ ਹੋ ਰਹੀ ਹੈ। ਆਸਾ ਸਿੰਘ ਮਸਤਾਨਾ, ਕੁਲਦੀਪ ਮਾਣਕ, ਗੁਰਦਾਸ ਮਾਨ ਅਤੇ ਰੱਬੀ ਸ਼ੇਰਗਿੱਲ ਨੇ ਵੀ ਵੱਖਰੇ ਰੂਪ ਵਿੱਚ ਜੁਗਨੀ ਦੀ ਪੇਸ਼ਕਾਰੀ ਕੀਤੀ ਹੈ। ਜੁਗਨੀ ਦੀ ਜੋਤ ਸਦਾ ਜਗਦੀ ਰਹੀ ਰਹੇ, ਮੁਹੱਬਤਾਂ ਦੇ ਦੀਪ ਜਗਾਉਂਦੀ ਰਹੇ, ਹਨੇਰੇ ਰਾਹਾਂ ਨੂੰ ਰੁਸ਼ਨਾਉਂਦੀ ਰਹੇ; ਪੰਜਾਬੀਆਂ ਦੀ ਇਹੀ ਅਰਦਾਸ ਹੈ, ਇਹੀ ਅਰਜ਼ੋਈ ਹੈ!
ਸੰਪਰਕ: 89684-33500

Advertisement

Advertisement
Advertisement
Author Image

sukhwinder singh

View all posts

Advertisement