For the best experience, open
https://m.punjabitribuneonline.com
on your mobile browser.
Advertisement

ਮੁਖ਼ਤਾਰ ਅੰਸਾਰੀ ਦੀ ਮੌਤ ਦੀ ਜੁਡੀਸ਼ਲ ਜਾਂਚ ਦੇ ਹੁਕਮ

07:22 AM Mar 30, 2024 IST
ਮੁਖ਼ਤਾਰ ਅੰਸਾਰੀ ਦੀ ਮੌਤ ਦੀ ਜੁਡੀਸ਼ਲ ਜਾਂਚ ਦੇ ਹੁਕਮ
ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਵਿੱਚ ਮੁਖ਼ਤਾਰ ਅੰਸਾਰੀ ਦੇ ਘਰ ਅੱਗੇ ਇਕੱਠੇ ਹੋਏ ਲੋਕ। -ਫੋਟੋ: ਪੀਟੀਆਈ
Advertisement

ਲਖਨਊ, 29 ਮਾਰਚ
ਗੈਂਗਸਟਰ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਦੀ ਜੁਡੀਸ਼ਲ ਜਾਂਚ ਦੇ ਹੁਕਮ ਦਿੱਤੇ ਗਏ ਹਨ। ਬਾਂਦਾ ਚੀਫ਼ ਜੁਡੀਸ਼ਲ ਮੈਜਿਸਟਰੇਟ ਭਗਵਾਨ ਦਾਸ ਗੁਪਤਾ ਨੇ ਐੱਮਪੀ-ਐੱਮਐੱਲਏ ਕੋਰਟ ਬਾਂਦਾ ਦੇ ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਗਰਿਮਾ ਸਿੰਘ ਨੂੰ ਮਾਮਲੇ ਦੀ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਜਾਂਚ ਰਿਪੋਰਟ ਇਕ ਮਹੀਨੇ ਅੰਦਰ ਦੇਣ ਲਈ ਕਿਹਾ ਹੈ। ਉਧਰ ਪੋਸਟਮਾਰਟਮ ਮਗਰੋਂ ਮੁਖਤਾਰ ਅੰਸਾਰੀ ਦੀ ਦੇਹ ਨੂੰ ਅੱਜ ਭਾਰੀ ਸੁਰੱਖਿਆ ਹੇਠ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਯੂਸੁਫ਼ਪੁਰ ਲਿਜਾਇਆ ਗਿਆ ਜਿਥੇ ਉਸ ਨੂੰ ਕਾਲੀ ਬਾਗ ਕਬਰਿਸਤਾਨ ’ਚ ਸਪੁਰਦ-ਏ-ਖਾਕ ਕੀਤਾ ਜਾਵੇਗਾ। ਐਂਬੂਲੈਂਸ ’ਚ ਮੁਖਤਾਰ ਅੰਸਾਰੀ ਦਾ ਪੁੱਤਰ ਉਮਰ ਅੰਸਾਰੀ ਵੀ ਮੌਜੂਦ ਸੀ ਜਿਸ ਨੇ ਦੋਸ਼ ਲਾਇਆ ਹੈ ਕਿ ਉਸ ਦੇ ਪਿਤਾ ਨੂੰ ਜੇਲ੍ਹ ਅੰਦਰ ਜ਼ਹਿਰ ਦੇ ਕੇ ਮਾਰਿਆ ਗਿਆ ਹੈ। ਜ਼ਿਕਰਯੋਗ ਹੈ ਕਿ 63 ਵਰ੍ਹਿਆਂ ਦੇ ਅੰਸਾਰੀ ਨੂੰ ਜ਼ਿਲ੍ਹਾ ਜੇਲ੍ਹ ਤੋਂ ਬਾਂਦਾ ਦੇ ਰਾਣੀ ਦੁਰਗਾਵਤੀ ਮੈਡੀਕਲ ਕਾਲਜ ’ਚ ਵੀਰਵਾਰ ਦੇਰ ਸ਼ਾਮ ਬੇਹੋਸ਼ੀ ਦੀ ਹਾਲਤ ’ਚ ਲਿਆਂਦਾ ਗਿਆ ਸੀ ਜਿਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਗਾਜ਼ੀਪੁਰ ਦੇ ਸੰਸਦ ਮੈਂਬਰ ਅਫ਼ਜ਼ਲ ਅੰਸਾਰੀ ਨੇ ਮੰਗਲਵਾਰ ਨੂੰ ਦੋਸ਼ ਲਾਇਆ ਸੀ ਕਿ ਉਸ ਦੇ ਭਰਾ ਨੂੰ ਜੇਲ੍ਹ ’ਚ ਜ਼ਹਿਰ ਦਿੱਤਾ ਗਿਆ ਹੈ ਜਿਸ ਕਾਰਨ ਉਸ ਦੀ ਹਾਲਤ ਵਿਗੜਦੀ ਜਾ ਰਹੀ ਹੈ। ਪੂਰੇ ਯੂਪੀ ’ਚ ਦਫ਼ਾ 144 ਲਾਗੂ ਕੀਤੀ ਗਈ ਹੈ ਅਤੇ ਬਾਂਦਾ, ਮਊ, ਗਾਜ਼ੀਪੁਰ ਤੇ ਵਾਰਾਨਸੀ ’ਚ ਪੁਲੀਸ ਦੇ ਨਾਲ ਨਾਲ ਸੀਆਰਪੀਐੱਫ ਦੀਆਂ ਟੁੱਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਗਾਜ਼ੀਪੁਰ ’ਚ ਵੱਡੀ ਗਿਣਤੀ ਲੋਕ ਮੁਖਤਾਰ ਅੰਸਾਰੀ ਦੀ ਰਿਹਾਇਸ਼ ਦੇ ਬਾਹਰ ਇਕੱਠੇ ਹੋ ਗਏ ਸਨ। -ਪੀਟੀਆਈ

Advertisement

ਸ਼ੱਕੀ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋਵੇ: ਅਖਿਲੇਸ਼

ਲਖਨਊ: ਮਾਫ਼ੀਆ ਡਾਨ ਤੋਂ ਸਿਆਸਤਦਾਨ ਬਣੇ ਮੁਖਤਾਰ ਅੰਸਾਰੀ ਦੀ ਮੌਤ ਮਗਰੋਂ ਉੱਤਰ ਪ੍ਰਦੇਸ਼ ’ਚ ਅਮਨ ਕਾਨੂੰਨ ਦੇ ਹਾਲਾਤ ’ਤੇ ਸਵਾਲ ਚੁਕਦਿਆਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਸ਼ੱਕੀ ਕੇਸਾਂ ਦੀ ਜਾਂਚ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ‘ਐਕਸ’ ’ਤੇ ਪਾਈ ਪੋਸਟ ’ਚ ਅਖਿਲੇਸ਼ ਨੇ ਕਿਹਾ ਕਿ ਕਿਸੇ ਵੀ ਥਾਂ ਅਤੇ ਹਰ ਹਾਲਾਤ ’ਚ ਕਿਸੇ ਦੀ ਜ਼ਿੰਦਗੀ ਬਚਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਕੈਦੀ ਦੀ ਅਜਿਹੇ ਹਾਲਾਤ ’ਚ ਮੌਤ ਹੋਣ ਨਾਲ ਲੋਕਾਂ ਦਾ ਭਰੋਸਾ ਨਿਆਂ ਪ੍ਰਕਿਰਿਆ ਤੋਂ ਉੱਠ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਲੋਕਾਂ ਦੀ ਰਾਖੀ ਨਹੀਂ ਕਰ ਸਕਦੀ ਹੈ, ਉਸ ਨੂੰ ਸੱਤਾ ’ਚ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਵੀ ਅੰਸਾਰੀ ਦੀ ਮੌਤ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਉਨ੍ਹਾਂ ‘ਐਕਸ’ ’ਤੇ ਪਾਈ ਪੋਸਟ ’ਚ ਕਿਹਾ ਕਿ ਮੁਖਤਾਰ ਅੰਸਾਰੀ ਦੀ ਮੌਤ ਦੀ ਸਚਾਈ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। -ਪੀਟੀਆਈ

ਵਿਰੋਧੀ ਧਿਰ ਵੱਲੋਂ ਮੁੱਦੇ ਦਾ ਭਾਵਨਾਤਮਕ ਤੌਰ ’ਤੇ ਲਾਹਾ ਲੈਣ ਦੀ ਕੋਸ਼ਿਸ਼: ਭਾਜਪਾ

ਨਵੀਂ ਦਿੱਲੀ: ਮੁਖਤਾਰ ਅੰਸਾਰੀ ਦੀ ਮੌਤ ’ਤੇ ਉੱਤਰ ਪ੍ਰਦੇਸ਼ ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਵਿਰੋਧੀ ਪਾਰਟੀਆਂ ’ਤੇ ਭਾਜਪਾ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਫਿਰਕੂ ਸਦਭਾਵਨਾ ਨੂੰ ਵਿਗਾੜਨ ਲਈ ਹਰ ਮੁੱਦੇ ਦਾ ਭਾਵਨਾਤਮਕ ਤੌਰ ’ਤੇ ਲਾਹਾ ਲੈਣ ਦੀ ਆਦਤ ਹੈ। ਸਾਬਕਾ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਫਿਰਕੂ ਜ਼ਹਿਰ ਫੈਲਾ ਰਹੀਆਂ ਹਨ। ਉਧਰ ਅੰਸਾਰੀ ਦੇ ਇਸ਼ਾਰੇ ’ਤੇ ਮਾਰੇ ਗਏ ਭਾਜਪਾ ਆਗੂ ਅਤੇ ਵਿਧਾਇਕ ਕ੍ਰਿਸ਼ਨਾਨੰਦ ਰਾਏ ਦੀ ਪਤਨੀ ਅਲਕਾ ਰਾਏ ਨੇ ਉਸ ਦੀ ਮੌਤ ਨੂੰ ‘ਰੱਬੀ ਨਿਆਂ’ ​​ਦੱਸਿਆ। ਉਸ ਦੇ ਪੁੱਤਰ ਪਿਯੂਸ਼ ਰਾਏ ਨੇ ਅੰਸਾਰੀ ਦੀ ਮੌਤ ਪਿੱਛੇ ਕਿਸੇ ਸਾਜ਼ਿਸ਼ ਹੋਣ ਦੀਆਂ ਅਫ਼ਵਾਹਾਂ ਨੂੰ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਤੁਸ਼ਟੀਕਰਨ ਦੀ ਰਾਜਨੀਤੀ ਕਾਰਨ ਲਗਾਏ ਗਏ ਗਲਤ ਦੋਸ਼ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×