For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ

07:54 AM Aug 18, 2024 IST
ਗੁਰਦੁਆਰਾ ਨਨਕਾਣਾ ਸਾਹਿਬ ਦੀ ਯਾਤਰਾ
Advertisement

ਹਰਪ੍ਰੀਤ ਸਿੰਘ ਸਵੈਚ

ਚੜ੍ਹਦੇ ਪੰਜਾਬ ਦਾ ਲਗਭਗ ਹਰ ਸਿੱਖ ਰੋਜ਼ਾਨਾ ਇਹ ਅਰਦਾਸ ਕਰਦਾ ਹੈ ਕਿ ਜਿਨ੍ਹਾਂ ਗੁਰਧਾਮਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਹੈ, ਉਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੋਣ। ਕਈਆਂ ਦੀਆਂ ਉਮਰਾਂ ਗੁਜ਼ਰ ਜਾਂਦੀਆਂ ਹਨ ਪਰ ਵਿੱਛੜੇ ਗੁਰਧਾਮਾਂ ਦੇ ਦੀਦਾਰ ਨਹੀਂ ਹੋ ਪਾਉਂਦੇ। ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਮੌਕੇ ਪਾਕਿਸਤਾਨ ਭੇਜੇ ਗਏ ਜਥੇ ਨਾਲ ਪਹਿਲੇ ਪਾਤਸ਼ਾਹ ਦੀ ਜਨਮ ਭੂਮੀ ਅਤੇ ਸਿੱਖਾਂ ਲਈ ਅਤਿ ਸ਼ਰਧਾ ਦੇ ਕੇਂਦਰ ਗੁਰਦੁਆਰਾ ਨਨਕਾਣਾ ਸਾਹਿਬ ਦੇ ਦਰਸ਼ਨਾਂ ਦਾ ਸਬੱਬ ਬਣ ਗਿਆ।
ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ’ਤੇ ਪਹੁੰਚਦਿਆਂ ਹੀ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਬੜੀ ਗਰਮਜੋਸ਼ੀ ਨਾਲ ਸਾਡਾ ਇਸਤਕਬਾਲ ਕੀਤਾ। ਰੇਲਵੇ ਸਟੇਸ਼ਨ ਤੋਂ ਡੇਢ ਕੁ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਉਸ ਮੁਕੱਦਸ ਸਥਾਨ ’ਤੇ ਪਹੁੰਚੇ ਜਿੱਥੇ ਸਿੱਖ ਇਤਿਹਾਸ ਦਾ ਪਹਿਲਾ ਪੰਨਾ ਲਿਖਿਆ ਗਿਆ ਸੀ। ਇਹੀ ਉਹ ਥਾਂ ਹੈ ਜਿਸਨੂੰ ਰਾਏ ਭੋਇ ਦੀ ਤਲਵੰਡੀ ਕਿਹਾ ਜਾਂਦਾ ਸੀ। ਪਹਿਲੇ ਪਾਤਸ਼ਾਹ ਦਾ ਜਨਮ ਅਸਥਾਨ ਗੁਰਦੁਆਰਾ ਨਨਕਾਣਾ ਸਾਹਿਬ ਬਹੁਤ ਵੱਡੀ ਤੇ ਖੁੱਲ੍ਹੀ ਜਗ੍ਹਾ ਵਿੱਚ ਬਣਿਆ ਹੋਇਆ ਹੈ।
ਇਸ ਗੁਰਦੁਆਰਾ ਸਾਹਿਬ ਦੀ ਟਹਿਲ ਸੇਵਾ ਮਹਾਰਾਜਾ ਰਣਜੀਤ ਸਿੰਘ ਦੇ ਹਿੱਸੇ ਆਈ ਸੀ। ਮੰਨਿਆ ਜਾਂਦਾ ਹੈ ਕਿ ਪਹਿਲੇ ਪਾਤਸ਼ਾਹ ਨੂੰ ਰੱਬ ਸਰੂਪ ਵੇਖਣ ਵਾਲੇ ਤਲਵੰਡੀ ਦੇ ਹਾਕਮ ਰਾਏ ਬੁਲਾਰ ਜੀ ਨੇ ਆਪਣੀ ਲਗਭਗ 20 ਹਜ਼ਾਰ ਏਕੜ ਜ਼ਮੀਨ ਗੁਰੂ ਸਾਹਿਬ ਦੇ ਨਾਮ ਲਗਵਾਈ ਸੀ। ਗੁਰਦੁਆਰਾ ਸਾਹਿਬ ਦੇ ਬਾਹਰ ਕਾਫ਼ੀ ਵੱਡਾ ਬਾਜ਼ਾਰ ਹੈ, ਜਿੱਥੋਂ ਦੀਆਂ ਬਹੁਤੀਆਂ ਦੁਕਾਨਾਂ ਦੀ ਮਲਕੀਅਤ ਗੁਰਦੁਆਰਾ ਸਾਹਿਬ ਦੇ ਕੋਲ ਹੀ ਹੈ। ਇੱਥੋਂ ਦੀ ਧਰਤੀ ਦੇ ਕਣ ਕਣ ਵਿੱਚ ਬਾਬਾ ਨਾਨਕ ਦੀ ਖੁਸ਼ਬੋ ਵਸੀ ਹੋਈ ਹੈ।
ਇੱਥੇ ਉਹ ਜੰਡ ਸਾਹਿਬ ਵੀ ਮੌਜੂਦ ਹੈ, ਜੋ ਸਾਨੂੰ ਸਾਕਾ ਨਨਕਾਣਾ ਸਾਹਿਬ ਦੀ ਯਾਦ ਦਿਵਾਉਂਦਾ ਹੈ। ਭਾਈ ਲਛਮਣ ਸਿੰਘ ਅਤੇ ਹੋਰ ਸਿੰਘਾਂ ਨੂੰ ਇਸੇ ਜੰਡ ਹੇਠਾਂ ਸ਼ਹੀਦ ਕੀਤਾ ਗਿਆ ਸੀ। ਅਸਲ ਵਿੱਚ ਸਾਕਾ ਨਨਕਾਣਾ ਸਾਹਿਬ ਤੋਂ ਬਾਅਦ ਹੀ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਹੋਈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਸੀ। ਗੁਰਦੁਆਰਾ ਸਾਹਿਬ ਵਿੱਚ ਸੰਗਤਾਂ ਦੇ ਠਹਿਰਨ ਲਈ ਖੁੱਲ੍ਹੀਆਂ-ਡੁੱਲੀਆਂ ਵੱਡੀ ਗਿਣਤੀ tfZਚ ਸਰਾਵਾਂ ਬਣੀਆਂ ਹੋਈਆਂ ਹਨ। ਇੱਥੇ ਬੇਬੇ ਨਾਨਕੀ ਦਾ ਖੂਹ ਵੀ ਮੌਜੂਦ ਹੈ, ਜਿੱਥੋਂ ਉਹ ਪਾਣੀ ਭਰਿਆ ਕਰਦੇ ਸਨ।
ਜਨਮ ਅਸਥਾਨ ਦੇ ਨੇੜੇ ਤੇੜੇ ਹੀ 56 ਹੋਰ ਗੁਰਦੁਆਰਾ ਸਾਹਿਬ ਜਿਵੇਂ ਗੁਰਦੁਆਰਾ ਬਾਲ ਲੀਲਾ ਸਾਹਿਬ ਜਿੱਥੇ ਪਹਿਲੇ ਪਾਤਸ਼ਾਹ ਬਚਪਨ ਵਿੱਚ ਖੇਡਦੇ ਹੁੰਦੇ ਸਨ, ਗੁਰਦੁਆਰਾ ਪੱਟੀ ਸਾਹਿਬ ਜਿੱਥੇ ਗੁਰੂ ਸਾਹਿਬ ਗੋਪਾਲ ਪਾਂਧੇ ਪਾਸ ਪੜ੍ਹਨ ਗਏ ਸਨ, ਗੁਰਦੁਆਰਾ ਮਾਲ ਸਾਹਿਬ ਜਿੱਥੇ ਗੁਰੂ ਸਾਹਿਬ ਮੱਝਾਂ ਚਾਰਦੇ ਹੁੰਦੇ ਸਨ, ਗੁਰਦੁਆਰਾ ਕਿਆਰਾ ਸਾਹਿਬ ਜਿੱਥੇ ਗੁਰੂ ਸਾਹਿਬ ਦੀਆਂ ਮੱਝਾਂ ਨੇ ਜੱਟ ਦੀ ਫ਼ਸਲ ਉਜਾੜ ਦਿੱਤੀ ਸੀ, ਗੁਰਦੁਆਰਾ ਤੰਬੂ ਸਾਹਿਬ ਜਿੱਥੇ ਗੁਰੂ ਸਾਹਿਬ ਸੱਚਾ ਸੌਦਾ ਕਰਨ ਤੋਂ ਬਾਅਦ ਬਿਰਾਜੇ ਸਨ, ਸੁਸ਼ੋਭਿਤ ਹਨ।
ਇੱਥੋਂ ਤਕਰੀਬਨ 45 ਕਿਲੋਮੀਟਰ ਦੂਰ ਫਾਰੂਖਾਬਾਦ ਵਿਖੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਦੇ ਵੀ ਦੀਦਾਰ ਕੀਤੇ। ਇਹ ਗੁਰਦੁਆਰਾ ਸਾਹਿਬ ਬਹੁਤ ਰਮਣੀਕ ਥਾਂ ਵਿੱਚ ਬਣਿਆ ਹੋਇਆ ਹੈ। ਗੁਰਦੁਆਰਾ ਸਾਹਿਬ ਦਾ ਸਾਰਾ ਪਰਿਸਰ ਹਰੇ ਭਰੇ ਰੁੱਖਾਂ, ਫੁੱਲਾਂ ਤੇ ਫਲ ਬੂਟਿਆਂ ਨਾਲ ਭਰਿਆ ਪਿਆ ਹੈ। ਇਹੀ ਉਹ ਸਥਾਨ ਹੈ ਜਿੱਥੇ ਗੁਰੂ ਸਾਹਿਬ ਨੇ 20 ਰੁਪਏ ਨਾਲ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕੀਤਾ ਸੀ।
ਇਸ ਯਾਤਰਾ ਦੌਰਾਨ ਕਈ ਘਟਨਾਵਾਂ ਐਸੀਆਂ ਵਾਪਰੀਆਂ ਜੋ ਦਿਲ ਨੂੰ ਛੂਹ ਗਈਆਂ। ਨਨਕਾਣਾ ਸਾਹਿਬ ਵਿਖੇ ਸ਼ਾਮ ਨੂੰ ਬਾਜ਼ਾਰ ਵਿੱਚ ਘੁੰਮਦਿਆਂ ਅਚਾਨਕ 12-13 ਸਾਲ ਦੀ ਇੱਕ ਕੁੜੀ ਆਪਣੀ ਮਾਤਾ ਦਾ ਹੱਥ ਛੁਡਵਾ ਕੇ ਮੇਰੇ ਕੋਲ ਆਈ ਤੇ ਉਸ ਨੇ ਮੇਰਾ ਹੱਥ ਫੜ ਕੇ ਆਪਣੇ ਮੱਥੇ ਨੂੰ ਲਗਾ ਕੇ ਚੁੰਮ ਲਿਆ। ਉਸ ਨੇ ਆਖਿਆ ਕਿ ਤੁਸਾਂ ਸਾਡੇ ਪੀਰ ਨਾਨਕ ਸਰਕਾਰ ਦੇ ਪਾਕ ਦਰ ’ਤੇ ਆਏ ਹੋ, ਮੈਨੂੰ ਆਪਣੀ ਕੋਈ ਨਿਸ਼ਾਨੀ ਦੇ ਕੇ ਜਾਓ। ਮੈਂ ਮਨ ਵਿੱਚ ਸੋਚਿਆ ਕਿ ਪੈਸੇ ਦੀ ਮੰਗ ਕਰਦੀ ਹੋਣੀ। ਸੋ, ਮੈਂ ਭਾਰਤੀ ਰੁਪਏ ਦਾ ਇੱਕ ਨੋਟ ਉਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਨੋਟ ਲੈਣ ਤੋਂ ਇਨਕਾਰ ਕਰਦਿਆਂ ਮੇਰੇ ਹੱਥ ਵਿੱਚ ਪਾਏ ਕੜੇ ਵੱਲ ਇਸ਼ਾਰਾ ਕੀਤਾ। ਮੈਂ ਹੱਥ ਵਿੱਚੋਂ ਕੜਾ ਉਤਾਰ ਕੇ ਉਸ ਨੂੰ ਫੜਾ ਦਿੱਤਾ। ਉਸ ਨੇ ਬੜੇ ਚਾਅ ਨਾਲ ਕੜਾ ਆਪਣੇ ਮੱਥੇ ਨਾਲ ਛੁਹਾ ਕੇ ਆਪਣੇ ਹੱਥ ਵਿੱਚ ਪਾ ਲਿਆ ਤੇ ਮੈਨੂੰ ‘ਅੱਲ੍ਹਾ ਖ਼ੈਰ ਕਰੇ’ ਕਹਿ ਕੇ ਚਲੀ ਗਈ।
ਇਸੇ ਤਰ੍ਹਾਂ ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿਖੇ ਮੇਰੀ ਜੁੱਤੀ ਚੋਰੀ ਹੋ ਗਈ ਅਤੇ ਮੇਰੇ ਇੱਕ ਸਾਥੀ ਦੀ ਜੁੱਤੀ ਨਨਕਾਣਾ ਸਾਹਿਬ ਵਿਖੇ ਚੋਰੀ ਹੋ ਗਈ। ਅਸੀਂ ਇਹ ਸੋਚ ਕੇ ਮਨ ਨੂੰ ਦਿਲਾਸਾ ਦਿੱਤਾ ਕਿ ਚਲੋ ਜੁੱਤੀ ਕਿਸੇ ਦੇ ਲੇਖੇ ਲੱਗ ਗਈ। ਸਾਨੂੰ ਇਕ ਬਜ਼ੁਰਗ ਨੇ ਮਸ਼ਵਰਾ ਦਿੱਤਾ ਕਿ ਜੁੱਤੀ ਖੋਲ੍ਹਣ ਲੱਗਿਆਂ ਜੁੱਤੀ ਦਾ ਇੱਕ ਪੈਰ ਕਿਤੇ ਹੋਰ ਰੱਖੋ ਤੇ ਦੂਜਾ ਪੈਰ ਕਿਤੇ ਹੋਰ। ਅਸੀਂ ਇਸੇ ਤਰ੍ਹਾਂ ਕੀਤਾ ਤੇ ਮੁੜ ਸਾਰੀ ਯਾਤਰਾ ਦੌਰਾਨ ਸਾਡੀ ਜੁੱਤੀ ਚੋਰੀ ਨਹੀਂ ਹੋਈ।
ਪਾਕਿਸਤਾਨ ਦੇ ਇਸ ਸਫ਼ਰ ਦੌਰਾਨ ਇਹ ਗੱਲ ਮਹਿਸੂਸ ਕੀਤੀ ਕਿ ਇੱਥੇ ਅਮੀਰ ਅਤੇ ਗ਼ਰੀਬ ਵਿਚਲਾ ਪਾੜਾ ਬਹੁਤ ਜ਼ਿਆਦਾ ਹੈ। ਆਪਣੇ ਦੇਸ਼ ਵਾਂਗ ਇੱਥੇ ਮੱਧਵਰਗ ਦੀ ਗਿਣਤੀ ਬਹੁਤ ਥੋੜ੍ਹੀ ਹੈ। ਇੱਥੋਂ ਦਾ ਆਮ ਨਾਗਰਿਕ ਆਪਣੇ ਖਰਚੇ ਵੀ ਨਹੀਂ ਕੱਢ ਪਾਉਂਦਾ। ਰੇਲ ਵਿੱਚ ਮੌਜੂਦ ਇੱਕ ਸੁਰੱਖਿਆ ਕਰਮੀ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ ਜੋ ਨਿੱਜੀ ਸਕੂਲਾਂ ਵਿੱਚ ਪੜ੍ਹਦੇ ਹਨ। ਉਸ ਦੀ ਤਨਖ਼ਾਹ ਤਕਰੀਬਨ ਇੱਕ ਲੱਖ ਰੁਪਏ ਹੈ ਪਰ ਇੰਨੇ ਪੈਸਿਆਂ ਨਾਲ ਵੀ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਮਸਾਂ ਹੀ ਚਲਾ ਪਾਉਂਦਾ ਹੈ।
ਇੱਥੋਂ ਦੇ ਨੌਜਵਾਨਾਂ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਹੁਤ ਮਕਬੂਲ ਹੈ। ਦੁਕਾਨਾਂ, ਘਰਾਂ, ਟਰੈਕਟਰਾਂ, ਕਾਰਾਂ ਤੇ ਮੋਟਰ ਸਾਈਕਲਾਂ ’ਤੇ ਸਿੱਧੂ ਮੂਸੇਵਾਲਾ ਤੇ ਐਮੀ ਵਿਰਕ ਦੇ ਪੋਸਟਰ ਲੱਗੇ ਆਮ ਹੀ ਦਿਸਦੇ ਹਨ। ਇੱਥੇ ਕਈ ਨੌਜੁਆਨ ਮੁੰਡੇ ਕੁੜੀਆਂ ਨੇ ਸਾਡੇ ਨਾਲ ਤਸਵੀਰਾਂ ਵੀ ਖਿਚਵਾਈਆਂ। ਇੱਕ ਮੁਸਲਿਮ ਕੁੜੀ ਨੇ ਮੈਨੂੰ ਸਵਾਲ ਕੀਤਾ ਕਿ ਤੁਹਾਡੇ ਇਸ ਜਥੇ ਵਿੱਚ ਜ਼ਿਆਦਾਤਰ ਬਜ਼ੁਰਗ ਹੀ ਕਿਉਂ ਆਉਂਦੇ ਹਨ, ਨੌਜੁਆਨ ਮੁੰਡੇ ਕੁੜੀਆਂ ਕਿਉਂ ਨਹੀਂ ਆਉਂਦੇ? ਇਸ ਗੱਲ ਦਾ ਮੇਰੇ ਕੋਲ ਕੋਈ ਸਾਰਥਕ ਜਵਾਬ ਨਹੀਂ ਸੀ। ਮੈਂ ਵੀ ਆਪਣੀ ਯਾਤਰਾ ਦੌਰਾਨ ਮਹਿਸੂਸ ਕੀਤਾ ਕਿ ਜਥੇ ਵਿੱਚ ਇਕੱਲੇ ਆਉਣ ਵਾਲੇ ਬਜ਼ੁਰਗਾਂ ਦੀ ਖੱਜਲ ਖੁਆਰੀ ਬਹੁਤ ਹੁੰਦੀ ਹੈ। ਬੱਸਾਂ ਅਤੇ ਰੇਲ ਵਿੱਚ ਵਾਰ ਵਾਰ ਸਾਮਾਨ ਉਤਾਰਨਾ ਤੇ ਚੜ੍ਹਾਉਣਾ, ਸਰਾਵਾਂ ਵਿੱਚ ਕਮਰੇ ਲੈਣ ਲਈ ਭੱਜ-ਨੱਠ ਕਰਨੀ, ਬਿਸਤਰੇ ਇਕੱਠੇ ਕਰਨੇ, ਲੰਗਰ ਲਈ ਲਾਈਨਾਂ ਵਿੱਚ ਲੱਗਣਾ ਬਜ਼ੁਰਗਾਂ ਲਈ ਸੌਖਾ ਨਹੀਂ ਹੁੰਦਾ। ਇਸ ਲਈ ਬਜ਼ੁਰਗਾਂ ਨੂੰ ਜਥੇ ਵਿੱਚ ਇਕੱਲੇ ਭੇਜਣ ਦੀ ਬਜਾਏ ਨੌਜਵਾਨ ਬੱਚਿਆਂ ਨੂੰ ਵੀ ਉਨ੍ਹਾਂ ਦੇ ਨਾਲ ਆਉਣਾ ਚਾਹੀਦਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲੇਗਾ, ਉੱਥੇ ਬਜ਼ੁਰਗਾਂ ਦੀ ਸੇਵਾ ਸੰਭਾਲ ਵੀ ਹੋ ਸਕੇਗੀ।
ਇਨ੍ਹਾਂ ਗੁਰਧਾਮਾਂ ਦੇ ਦਰਸ਼ਨ ਕਰਕੇ ਸਾਨੂੰ ਇੰਝ ਮਹਿਸੂਸ ਹੋਇਆ ਜਿਵੇਂ ਚਿਰੋਕਣੀ ਖ਼ਾਹਿਸ਼ ਪੂਰੀ ਹੋ ਗਈ ਹੋਵੇ।
ਸੰਪਰਕ: 98782-24000

Advertisement

Advertisement
Author Image

Advertisement
×