ਪੱਤਰਕਾਰ ਖੁਦਕੁਸ਼ੀ ਮਾਮਲਾ: ਪਰਿਵਾਰ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਧਰਨਾ
ਹਤਿੰਦਰ ਮਹਿਤਾ
ਜਲੰਧਰ, 19 ਅਗਸਤ
ਇੱਥੇ ਇਕ ਪੱਤਰਕਾਰ ਵੱਲੋਂ ਹੋਟਲ ਦੇ ਕਮਰੇ ਵਿੱਚ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਵਿੱਚ ਪੁਲੀਸ ਨੇ ਇੱਕ ਮਹਿਲਾ ਪੱਤਰਕਾਰ ਸਮੇਤ ਚਾਰ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਹ ਕੇਸ ਪੀੜਤ ਪਰਿਵਾਰ ਸਣੇ ਹੋਰਨਾਂ ਲੋਕਾਂ ਵੱਲੋਂ ਜੋਤੀ ਚੌਕ ਵਿੱਚ ਧਰਨਾ ਦੇਣ ਮਗਰੋਂ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੱਤਰਕਾਰ ਰਵੀ ਗਿੱਲ ਸ਼ਹਿਰ ’ਚ ਹਿੰਦੀ ਵੈੱਬ ਪੋਰਟਲ ਚਲਾ ਰਿਹਾ ਸੀ।
ਪੁਲੀਸ ਨੂੰ ਦਿੱਤੇ ਬਿਆਨ ’ਚ ਮ੍ਰਿਤਕ ਦੇ ਭਰਾ ਰਾਹੁਲ ਗਿੱਲ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਵੱਲੋਂ ਉਸ ਦੇ ਭਰਾ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਨਵੀਂ ਬਾਰਾਦਰੀ ਪੁਲੀਸ ਨੇ ਮ੍ਰਿਤਕ ਦੇ ਭਰਾ ਦੀ ਸ਼ਿਕਾਇਤ ’ਤੇ ਸੁਸਾਈਡ ਨੋਟ ਵਿੱਚ ਜ਼ਿਕਰ ਕੀਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਐਫਆਈਆਰ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਇੱਥੇ ਜੋਤੀ ਚੌਕ ਵਿੱਚ ਧਰਨਾ ਦਿੱਤਾ। ਅੱਜ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਪੂਰਾ ਚੌਕ ਜਾਮ ਰਿਹਾ ਅਤੇ ਇੱਥੋਂ ਤੱਕ ਕਿ ਚੌਕ ’ਚ ਸਥਿਤ ਦੁਕਾਨਾਂ ਵੀ ਪੂਰਾ ਦਿਨ ਬੰਦ ਰਹੀਆਂ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਨੂੰ ਸੁਸਾਈਡ ਨੋਟ ਅਤੇ ਹੋਰ ਸਬੂਤ ਸੌਂਪਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਨ੍ਹਾਂ ਦੋਸ਼ ਲਾਇਆ ਕਿ ਬੀਤੀ ਰਾਤ ਤੋਂ ਪੁਲੀਸ ਦਾਅਵਾ ਕਰ ਰਹੀ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਕੁਝ ਨਹੀਂ ਕੀਤਾ ਜਾ ਰਿਹਾ। ਦਲਿਤ ਆਗੂ ਚੰਦਨ ਗਰੇਵਾਲ ਵੀ ਮ੍ਰਿਤਕ ਪਰਿਵਾਰ ਸਮੇਤ ਧਰਨੇ ’ਤੇ ਬੈਠੇ। ਉਨ੍ਹਾਂ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ ਅਤੇ ਪੁਲੀਸ ਨੂੰ ਅਪੀਲ ਕੀਤੀ ਕਿ ਇਸ ਖੁਦਕੁਸ਼ੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸੇ ਦੌਰਾਨ ਏਸੀਪੀ ਸੈਂਟਰਲ ਨਿਰਮਲ ਸਿੰਘ ਨੇ ਦੱਸਿਆ ਕਿ ਪੁਲੀਸ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮਾਂ ਖਿਲਾਫ਼ ਪਹਿਲਾਂ ਹੀ ਐਫਆਈਆਰ ਦਰਜ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਛੇਤੀ ਗ੍ਰਿਫਤਾਰ ਕਰ ਲਿਆ ਜਾਵੇਗਾ।