ਪੱਤਰਕਾਰ ਖੁਦਕੁਸ਼ੀ ਮਾਮਲਾ: ਪਰਿਵਾਰ ਤੇ ਸਮਰਥਕਾਂ ਨੇ ਪੀਏਪੀ ਚੌਕ ਜਾਮ ਕੀਤਾ
ਹਤਿੰਦਰ ਮਹਿਤਾ
ਜਲੰਧਰ, 20 ਅਗਸਤ
ਪੱਤਰਕਾਰ ਰਵੀ ਗਿੱਲ, ਜਿਸ ਨੇ ਸ਼ੁੱਕਰਵਾਰ ਨੂੰ ਖੁਦਕੁਸ਼ੀ ਕਰ ਲਈ ਸੀ, ਦੇ ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਵਿੱਚ ਪੁਲੀਸ ਦੀ ਅਣਗਹਿਲੀ ਦਾ ਹਵਾਲਾ ਦਿੰਦੇ ਹੋਏ ਐਤਵਾਰ ਰਾਤ ਨੂੰ ਪੀਏਪੀ ਨੇੜੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ।
ਪ੍ਰਦਰਸ਼ਨਕਾਰੀਆਂ ਨੇ ਹਾਈਵੇਅ ਦੇ ਦੋਵੇਂ ਪਾਸੇ ਆਪੋ-ਆਪਣੇ ਵਾਹਨ ਵਿਚਕਾਰ ਖੜ੍ਹੇ ਕਰਕੇ ਅਤੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ, ਜਿਸ ਕਾਰਨ ਭਾਰੀ ਜਾਮ ਲੱਗ ਗਿਆ। ਜਾਮ ਵਿੱਚ ਫਸੇ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਉਨ੍ਹਾਂ ਕੋਲ ਧਰਨਾ ਖ਼ਤਮ ਹੋਣ ਦੀ ਉਡੀਕ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਆਪਣੇ ਸਮਰਥਕਾਂ ਨਾਲ ਪਹਿਲਾਂ ਥਾਣਾ ਨਵੀਂ ਬਾਰਾਦਰੀ ਵਿਖੇ ਇਕੱਠੇ ਹੋਏ ਅਤੇ ਉਥੇ ਧਰਨਾ ਦਿੱਤਾ। ਬਾਅਦ ਵਿੱਚ, ਉਹ ਪੀਏਪੀ ਚੌਕ ਆਏ ਅਤੇ ਰਾਤ 8 ਵਜੇ ਦੋਵਾਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ। ਪ੍ਰਦਰਸ਼ਨਕਾਰੀਆਂ ਅਨੁਸਾਰ ਪੁਲੀਸ ਵੱਲੋਂ ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਅਧਿਕਾਰੀ ਦੁਪਹਿਰ ਤੱਕ ਇਹ ਕਹਿ ਰਹੇ ਸਨ ਕਿ ਸੁਸਾਈਡ ਨੋਟ ਵਿੱਚ ਦਰਜ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਬਾਕੀ ਦੋ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮ੍ਰਿਤਕ ਦੇ ਭਰਾ ਰਾਹੁਲ ਗਿੱਲ ਨੇ ਦੱਸਿਆ ਕਿ ਪੁਲੀਸ ਵੱਲੋਂ ਕੀਰਤੀ ਗਿੱਲ ਅਤੇ ਉਸ ਦੇ ਭਰਾ ਸ਼ੁਭਮ ਗਿੱਲ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ ਉਨ੍ਹਾਂ ਨੇ ਰਵੀ ਗਿੱਲ ਦਾ ਸਸਕਾਰ ਕਰ ਦਿੱਤਾ, ਪਰ ਸਸਕਾਰ ਤੋਂ ਬਾਅਦ ਪਤਾ ਲੱਗਾ ਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜ਼ਿਕਰਯੋਗ ਹੈ ਕਿ ਦੁਪਹਿਰ ਤੋਂ ਹੀ ਕੀਰਤੀ ਅਤੇ ਉਸ ਦੇ ਭਰਾ ਦੀ ਗ੍ਰਿਫਤਾਰੀ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਖਬਰਾਂ ਚੱਲ ਰਹੀਆਂ ਸਨ। ਇਸੇ ਦੌਰਾਨ ਕੱਲ੍ਹ ਵੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜੋਤੀ ਚੌਕ ਵਿੱਚ ਧਰਨਾ ਦਿੱਤਾ ਅਤੇ ਦੇਰ ਸ਼ਾਮ ਤੱਕ ਸੜਕ ’ਤੇ ਜਾਮ ਲਾਇਆ ਸੀ। ਇਸ ਸਬੰਧੀ ਜਦੋਂ ਡੀਸੀਪੀ ਜਗਮੋਹਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੱਕੇ ਸੁਰਾਗ ਹਨ, ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।