ਪ੍ਰੰਜਯ ਗੁਹਾ ਠਾਕੁਰਤਾ ਨੂੰ ਪੱਤਰਕਾਰ ਰਾਮ ਚੰਦਰ ਛਤਰਪਤੀ ਸਨਮਾਨ
ਪ੍ਰਭੂ ਦਿਆਲ
ਸਿਰਸਾ, 3 ਦਸੰਬਰ
ਪ੍ਰੰਜਯ ਗੁਹਾ ਠਾਕੁਰਤਾ ਨੂੰ ਅੱਜ ‘ਛਤਰਪਤੀ ਸਨਮਾਨ 2024’ ਨਾਲ ਸਨਮਾਨਿਆ ਗਿਆ। ਇਹ ਸਮਾਗਮ ਪੰਚਾਇਤ ਭਵਨ ਸਿਰਸਾ ਵਿੱਚ ਸੰਵਾਦ, ਸਿਰਸਾ ਵੱਲੋਂ ਕਰਵਾਏ ‘ਛਤਰਪਤੀ ਯਾਦਗਾਰੀ ਸਮਾਗਮ’ ਵਿੱਚ ਹੋਇਆ। ਮਗਰੋਂ ‘ਭਾਰਤੀ ਰਾਜਨੀਤੀ, ਆਰਥਿਕਤਾ ਅਤੇ ਸੋਸ਼ਲ ਮੀਡੀਆ’ ’ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਠਾਕੁਰਤਾ ਨੇ ਕਿਹਾ ਕਿ ਪੱਤਰਕਾਰਾਂ ਨੂੰ ‘ਵਾਚਡੌਗ’ ਕਿਹਾ ਜਾਂਦਾ ਹੈ। ਖ਼ਤਰੇ ਦਾ ਅਹਿਸਾਸ ਹੁੰਦੇ ਹੀ ਉਹ ਆਪਣੀ ਕਲਮ ਦੀ ਤਾਕਤ ਨਾਲ ਸਮਾਜ ਨੂੰ ਸੁਚੇਤ ਕਰਦਾ ਹੈ। ਰਾਮ ਚੰਦਰ ਛਤਰਪਤੀ ਦੀ ਸ਼ਹਾਦਤ ਇਸ ਪੱਖੋਂ ਪੱਤਰਕਾਰੀ ਲਈ ਇਕ ਚਮਕਦੀ ਮਿਸਾਲ ਹੈ। ਸੀਨੀਅਰ ਕਵੀ ਤੇ ਕਹਾਣੀਕਾਰ ਹਰਭਗਵਾਨ ਚਾਵਲਾ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦੀ ਥਾਂ ਘਟਦੀ ਜਾ ਰਹੀ ਹੈ। ਸੰਸਥਾ ਵੱਲੋਂ ਸੁਰਜੀਤ ਸਿਰੜੀ ਨੇ ਸਭ ਦਾ ਸਵਾਗਤ ਕੀਤਾ । ਅੰਸ਼ੁਲ ਛਤਰਪਤੀ ਦੀ ਪਤਨੀ ਨਵਨੀਤ ਛਤਰਪਤੀ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਲਖਵਿੰਦਰ ਬਾਜਵਾ ਦੀ ਪੁਸਤਕ ‘ਗਮਲੇ ਦਾ ਬੂਟਾ’, ਸੁਰਜੀਤ ਸਿਰੜੀ ਦੇ ਕਾਵਿ ਸੰਗ੍ਰਹਿ ‘ਮਿੱਟੀ ਕਰੇ ਸਾਂਵਲ’ ਅਤੇ ਹਰਭਗਵਾਨ ਚਾਵਲਾ ਦੇ ਕਾਵਿ ਸੰਗ੍ਰਹਿ ‘ਕੁੰਭ ਮੈਂ ਛੁੱਟੀ ਔਰਤਾਂ’ ਅਤੇ ਹਰਭਗਵਾਨ ਚਾਵਲਾ ਦੇ ਕਹਾਣੀ ਸੰਗ੍ਰਹਿ ‘ਬੰਸੂਰੀ ਆਦਿਕ’ ਦਾ ਲੋਕ ਅਰਪਣ ਕੀਤਾ ਗਿਆ।