Journalist murder case: ਛੱਤੀਸਗੜ੍ਹ ਦੇ ਪੱਤਰਕਾਰ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਹੈਦਰਾਬਾਦ ਤੋਂ ਗ੍ਰਿਫ਼ਤਾਰ
ਬੀਜਾਪੁਰ, 6 ਜਨਵਰੀ
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਪੱਤਰਕਾਰ ਦੀ ਹੱਤਿਆ ਦੇ ਮੁੱਖ ਮੁਲਜ਼ਮ ਸੁਰੇਸ਼ ਚੰਦਰਾਕਰ ਨੂੰ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸੇ ਦੌਰਾਨ ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸੁਰੇਸ਼ ਚੰਦਰਾਕਰ ਵੱਲੋਂ ਬੀਜਾਪੁਰ-ਗੰਗਾਲੂਰ ਰੋਡ ਕੰਢੇ ਜੰਗਲਾਤ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਏ ਗਏ ਨਿਰਮਾਣ ਯਾਰਡ ਨੂੰ ਢਾਹ ਦਿੱਤਾ ਗਿਅ ਹੈ। ਉੱਧਰ, ਪੁਲੀਸ ਨੇ ਸੁਰੇਸ਼ ਚੰਦਰਾਕਰ ਤੇ ਹੋਰ ਮੁਲਜ਼ਮਾਂ ਦੇ ਬੈਂਕ ਖਾਤਿਆਂ ਨੂੰ ਫਰੀਜ਼ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਸੁਰੇਸ਼ ਚੰਦਰਾਕਰ ਦੇ ਤਿੰਨ ਖਾਤਿਆਂ ਨੂੰ ਹੋਲਡ ’ਤੇ ਰੱਖਿਆ ਗਿਆ ਹੈ।
ਪੇਸ਼ੇ ਤੋਂ ਠੇਕੇਦਾਰ ਮੁਲਜ਼ਮ ਸੁਰੇਸ਼ ਚੰਦਰਾਕਰ, ਪੱਤਰਕਾਰ ਮੁਕੇਸ਼ ਚੰਦਰਾਕਰ ਦੀ ਹੱਤਿਆ ਦੇ ਬਾਅਦ ਤੋਂ ਹੀ ਫ਼ਰਾਰ ਸੀ। ਬਸਤਰ ਖੇਤਰ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਹੱਤਿਆ ਮਾਮਲੇ ਦੀ ਜਾਂਚ ਲਈ ਗਠਿਤ ਸਿਟ ਨੇ ਐਤਵਾਰ ਦੇਰ ਰਾਤ ਹੈਦਰਾਬਾਦ ਤੋਂ ਸੁਰੇਸ਼ ਚੰਦਰਾਕਰ ਨੂੰ ਹਿਰਾਸਤ ’ਚ ਲਿਆ।
ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਨੂੰ ਸੋਮਵਾਰ ਸਵੇਰੇ ਬੀਜਾਪੁਰ ਲਿਆਂਦਾ ਗਿਆ ਅਤੇ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਰੇਸ਼ ਚੰਦਰਾਕਰ ਦੇ ਭਰਾਵਾਂ ਰਿਤੇਸ਼ ਚੰਦਰਾਕਰ ਤੇ ਦਿਨੇਸ਼ ਚੰਦਰਾਕਰ ਅਤੇ ਸੁਪਰਵਾਈਜ਼ਰ ਮਹਿੰਦਰ ਰਾਮਟੇਕੇ ਨੂੰ ਪਹਿਲਾਂ ਹੀ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਫ੍ਰੀਲਾਂਸ ਪੱਤਰਕਾਰ ਮੁਕੇਸ਼ ਚੰਦਰਾਕਰ (33) ਪਹਿਲੀ ਜਨਰਵੀ ਨੂੰ ਲਾਪਤਾ ਹੋ ਗਿਆ ਸੀ। ਪੁਲੀਸ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੀ ਲਾਸ਼ 3 ਜਨਵਰੀ ਨੂੰ ਬੀਜਾਪੁਰ ਸ਼ਹਿਰ ਦੇ ਚੱਟਾਨਪਾਰਾ ਬਸਤੀ ਵਿੱਚ ਸੁਰੇਸ਼ ਚੰਦਰਾਕਰ ਦੀ ਸੰਪਤੀ ’ਤੇ ਬਣੇ ਸੈਪਟਿਕ ਟੈਂਕ ’ਚ ਮਿਲੀ ਸੀ।
ਪੱਤਰਕਾਰ ਚੰਦਰਾਕਰ ਐੱਨਡੀਟੀਵੀ ਨਿਊਜ਼ ਚੈਨਲ ਲਈ ਫ੍ਰੀਲਾਂਸ ਪੱਤਰਕਾਰ ਵਜੋਂ ਕੰਮ ਕਰਦਾ ਸੀ ਅਤੇ ਯੂ-ਟਿਊਬ ਚੈਨਲ ‘ਬਸਤਰ ਜੰਕਸ਼ਨ’ ਵੀ ਚਲਾਉਂਦਾ ਸੀ, ਜਿਸ ਦੇ ਕਰੀਬ 1.59 ਲੱਖ ਸਬਸਕ੍ਰਾਈਬਰ ਹਨ।
ਐੱਨਡੀਟੀਵੀ ’ਤੇ 25 ਦਸੰਬਰ ਨੂੰ ਦਿਖਾਈ ਗਈ ਬੀਜਾਪੁਰ ਵਿੱਚ ਸੜਕ ਨਿਰਮਾਣ ਕਾਰਜ ’ਚ ਕਥਿਤ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲੀ ਇਕ ਖ਼ਬਰ ਨੂੰ ਮੁਕੇਸ਼ ਚੰਦਰਾਕਰ ਦੀ ਹੱਤਿਆ ਦਾ ਕਾਰਨ ਮੰਨਿਆ ਜਾ ਰਿਾ ਹੈ। ਉਸ ਨਿਰਮਾਣ ਕਾਰਜ ਦਾ ਸਬੰਧ ਠੇਕੇਦਾਰ ਸੁਰੇਸ਼ ਚੰਦਰਾਕਰ ਨਾਲ ਸੀ। ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਵਿਜੈ ਸ਼ਰਮਾ ਨੇ ਦਾਅਵਾ ਕੀਤਾ ਸੀ ਕਿ ਸੁਰੇਸ਼ ਚੰਦਰਾਕਰ ਕਾਂਗਰਸੀ ਆਗੂ ਸਨ। ਹਾਲਾਂਕਿ, ਵਿਰੋਧੀ ਧਿਰ ਨੇ ਦਾਅਵਾ ਕੀਤਾ ਕਿ ਮੁਲਜ਼ਮ ਹਾਲ ਹੀ ਵਿੱਚ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋ ਗਏ ਹਨ। ਅਧਿਕਾਰੀਆਂ ਨੇ ਮੁਲਜ਼ਮ ਦੀਆਂ ਨਾਜਾਇਜ਼ ਸੰਪਤੀਆਂ ਤੇ ਗੈਰਕਾਨੂੰਨੀ ਕਬਜ਼ਿਆਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਉੱਧਰ, ਮਹਾਰ ਸਮਾਜ ਦੇ ਮੈਂਬਰਾਂ ਨੇ ਐਤਵਾਰ ਨੂੰ ਪੱਤਰਕਾਰ ਦੀ ਹੱਤਿਆ ਦੀ ਨਿਖੇਧੀ ਕਰਨ ਲਈ ਇੱਥੇ ਮੋਮਬੱਤੀ ਮਾਰਚ ਕੱਢਿਆ ਤੇ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। ਇਸੇ ਦੌਰਾਨ ਸ਼ਨਿਚਰਵਾਰ ਨੂੰ ਪੱਤਰਕਾਰਾਂ ਨੇ ਰਾਏਪੁਰ ਪ੍ਰੈੱਸ ਕਲੱਬ ਵਿੱਚ ਵਿਰੋਧ ਪ੍ਰਦਰਸ਼ਨ ਕਰ ਕੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। -ਪੀਟੀਆਈ