For the best experience, open
https://m.punjabitribuneonline.com
on your mobile browser.
Advertisement

ਮੀਡੀਆ ਕਰਮੀ ਨਾਲ ਦੁਰਵਿਹਾਰ ਤੋਂ ਭੜਕੇ ਪੱਤਰਕਾਰ

09:04 AM May 12, 2024 IST
ਮੀਡੀਆ ਕਰਮੀ ਨਾਲ ਦੁਰਵਿਹਾਰ ਤੋਂ ਭੜਕੇ ਪੱਤਰਕਾਰ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 11 ਮਈ
ਇੱਥੋਂ ਨਜ਼ਦੀਕੀ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਂਕੀਮਾਨ ਟੌਲ ਪਲਾਜ਼ੇ ’ਤੇ ਇੱਕ ਪੱਤਰਕਾਰ ਤੇ ਉਸ ਦੇ ਭਰਾ ਨਾਲ ਕੀਤੇ ਦੁਰਵਿਹਾਰ ਖ਼ਿਲਾਫ਼ ਇਲਾਕੇ ਦੇ ਪੱਤਰਕਾਰ ਅੱਜ ਟੌਲ ’ਤੇ ਇਕੱਠੇ ਹੋਏ। ਇਸ ਦੀ ਅਗਾਊਂ ਸੂਚਨਾ ਮਿਲਣ ਕਰ ਕੇ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ। ਜਗਰਾਉਂ, ਮੁੱਲਾਂਪੁਰ, ਗੁਰੂਸਰ ਸੁਧਾਰ ਸਣੇ ਕੁਝ ਹੋਰਨਾਂ ਸਟੇਸ਼ਨਾਂ ਦੇ ਪੱਤਰਕਾਰਾਂ ਨੇ ਟੌਲ ’ਤੇ ਰੋਸ ਵਜੋਂ ਨਾਅਰੇਬਾਜ਼ੀ ਕੀਤੀ। ਰੋਸ ਦਰਜ ਕਰਵਾਉਣ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੇ ਦਖ਼ਲ ਦਿੱਤਾ ਅਤੇ ਟੌਲ ਪਲਾਜ਼ੇ ਦੇ ਮੈਨੇਜਰ ਨਾਲ ਗੱਲਬਾਤ ਮਗਰੋਂ ਮਾਮਲਾ ਸੁਲਝ ਗਿਆ।
ਪੱਤਰਕਾਰਾਂ ਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਗਿੱਲ ਨੇ ਕਿਹਾ ਕਿ ਮੀਡੀਆ ਕਰਮੀਆਂ ਨਾਲ ਅਜਿਹੀ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਘਟਨਾ ਬਾਰੇ ਕੰਵਰਪਾਲ ਸੋਨੀ ਨੇ ਦੱਸਿਆ ਕਿ ਉਹ ਰਿਸ਼ਤੇਦਾਰੀ ’ਚ ਇਕ ਮੌਤ ਹੋਣ ’ਤੇ ਭਰਾ ਸਣੇ ਜਾ ਰਹੇ ਸਨ। ਉਹ ਜਦੋਂ ਟੌਲ ਤੋਂ ਲੰਘਣ ਲੱਗੇ ਤਾਂ ਕਾਰਡ ਦਿਖਾਉਣ ਦੇ ਬਾਵਜੂਦ ਮੁਲਾਜ਼ਮਾਂ ਨੇ ਲੰਘਣ ਨਾ ਦਿੱਤਾ ਤੇ ਦੁਰਵਿਹਾਰ ਕਰਨ ਲੱਗੇ। ਪਿੱਛੇ ਦੀ ਗੱਡੀ ਵਾਲੇ ਅਣਜਾਣ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਲਈ ਜੋ ਸਬੂਤ ਵਜੋਂ ਡੀਐੱਸਪੀ ਦਾਖਾ ਜਤਿੰਦਰਪਾਲ ਸਿੰਘ ਨੂੰ ਦਿਖਾਈ ਗਈ। ਪੁਲੀਸ ਅਧਿਕਾਰੀਆਂ ਨੇ ਟੌਲ ਮੈਨੇਜਰ ਅਜੇ ਸਿੰਘ ਨਾਲ ਪੱਤਰਕਾਰਾਂ ਦੀ ਮੀਟਿੰਗ ਕਰਵਾਈ। ਇਸ ’ਚ ਸਹਿਮਤੀ ਬਣੀ ਕਿ ਪੀਲਾ ਕਾਰਡ ਧਾਰਕ ਪੱਤਰਕਾਰਾਂ ਨੂੰ ਟੌਲ ਤੋਂ ਪਹਿਲਾਂ ਵਾਂਗ ਮੁਕਤ ਲਾਂਘਾ ਜਾਰੀ ਰਹੇਗਾ।
ਇਸ ਸਮੇਂ ਨਿਰਮਲ ਸਿੰਘ ਧਾਲੀਵਾਲ, ਜਸਬੀਰ ਸਿੰਘ ਸ਼ੇਤਰਾ, ਰਾਜ ਜੋਸ਼ੀ, ਸਤਨਾਮ ਵੜੈਚ, ਵਿਨੋਦ ਕਾਲੀਆ, ਵਿਸ਼ਾਲ ਸਿਡਾਣਾ, ਸੰਜੀਵ ਗੁਪਤਾ, ਸੰਜੀਵ ਮਲਹੋਤਰਾ, ਜਗਪਾਲ ਸਿਵੀਆ, ਅਤੁਲ ਮਲਹੋਤਰਾ, ਸੰਜੀਤ ਅਰੋੜਾ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ ਲਾਡੀ ਆਦਿ ਮੌਜੂਦ ਸਨ।

Advertisement

Advertisement
Author Image

Advertisement
Advertisement
×