ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਕਰਵਾਉਣ ਲਈ ਸਾਂਝਾ ਸੰਘਰਸ਼

06:58 AM Oct 25, 2024 IST
ਪੰਜਾਬ ਯੂਨੀਵਰਸਿਟੀ ਵਿੱਚ ਪ੍ਰਸ਼ਾਸਕੀ ਬਲਾਕ ਅੱਗੇ ਧਰਨਾ ਦਿੰਦੇ ਹੋਏ ਵਿਦਿਆਰਥੀ ਜਥੇਬੰਦੀਆਂ ਦੇ ਕਾਰਕੁਨ। -ਫੋਟੋ: ਪ੍ਰਦੀਪ ਤਿਵਾੜੀ

ਕੁਲਦੀਪ ਸਿੰਘ
ਚੰਡੀਗੜ੍ਹ, 24 ਅਕਤੂਬਰ
ਪੰਜਾਬ ਯੂਨੀਵਰਸਿਟੀ ਵਿੱਚ ਗਵਰਨਿੰਗ ਬਾਡੀ ‘ਸੈਨੇਟ’ ਦੀਆਂ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਅੱਜ ਹੋਰ ਤੂਲ ਫੜ ਗਿਆ। ਅੱਜ ਕਈ ਸੈਨੇਟਰਾਂ ਅਤੇ ਵਿਦਿਆਰਥੀ ਜਥੇਬੰਦੀਆਂ ਨੇ ਇਕੱਠੇ ਹੋ ਕੇ ਸਾਂਝੇ ਤੌਰ ’ਤੇ ਰਜਿਸਟਰਾਰ ਦਫ਼ਤਰ ਅੱਗੇ ਧਰਨਾ ਦਿੱਤਾ। ਹਾਲਾਂਕਿ, ਭਾਜਪਾ ਦਾ ਵਿਦਿਆਰਥੀ ਵਿੰਗ ਏਬੀਵੀਪੀ ਇਸ ਧਰਨੇ ਵਿੱਚ ਸ਼ਾਮਲ ਨਹੀਂ ਹੋਇਆ। ਧਰਨਾਕਾਰੀਆਂ ਨੇ ਪੀਯੂ ਅਥਾਰਿਟੀ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਬੋਰਡ ਆਫ਼ ਗਵਰਨੈਂਸ ਲਾਗੂ ਨਾ ਕਰਵਾਉਣ ਅਤੇ ਸੈਨੇਟ ਚੋਣਾਂ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਵਾਉਣ ਦੀ ਮੰਗ ਕੀਤੀ।
ਵਾਈਸ ਚਾਂਸਲਰ ਦਫ਼ਤਰ ਤੋਂ ਪ੍ਰਬੰਧਕੀ ਬਲਾਕ ਸਥਿਤ ਰਜਿਸਟਰਾਰ ਦਫ਼ਤਰ ਤੱਕ ਪੈਦਲ ਮਾਰਚ ਕਰ ਕੇ ਸ਼ੁਰੂ ਕੀਤੇ ਗਏ ਧਰਨੇ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਣੇ ਸੈਨੇਟਰ ਸੰਦੀਪ ਸਿੰਘ ਸੀਕਰੀ, ਡਾ. ਇੰਦਰਪਾਲ ਸਿੰਘ ਸਿੱਧੂ, ਰਵਿੰਦਰ ਸਿੰਘ ਬਿੱਲਾ ਧਾਲੀਵਾਲ, ਸ਼ਮਿੰਦਰ ਸੰਧੂ, ਸਿਮਰਨ ਢਿੱਲੋਂ ਅਤੇ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਅਨੁਰਾਗ ਦਲਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਸੈਨੇਟਰਾਂ ਅਤੇ ਵਿਦਿਆਰਥੀਆਂ ਨੇ ਕਿਹਾ ਕਿ ਪੰਜਾਬ ਦੀ ਵਿਰਾਸਤ ਇਹ ਯੂਨੀਵਰਸਿਟੀ ਖ਼ੁਦਮੁਖ਼ਤਿਆਰ ਸੰਸਥਾ ਹੈ ਜਿਸ ਵਿੱਚ ਸੈਨੇਟ ਅਤੇ ਸਿੰਡੀਕੇਟ ਗਵਰਨਿੰਗ ਬਾਡੀਆਂ ਦੀ ਚੋਣ ਲੋਕਤੰਤਰੀ ਢੰਗ ਨਾਲ ਹੁੰਦੀ ਆ ਰਹੀ ਹੈ ਪ੍ਰੰਤੂ ਹੁਣ ਕੇਂਦਰ ਸਰਕਾਰ ਕਿਸੇ ਡੂੰਘੀ ਸਾਜ਼ਿਸ਼ ਤਹਿਤ ਇਨ੍ਹਾਂ ਬਾਡੀਆਂ ਨੂੰ ਖ਼ਤਮ ਕਰ ਕੇ ਇਸ ਯੂਨੀਵਰਸਿਟੀ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਜੋ ਬੋਰਡ ਆਫ਼ ਗਵਰਨੈਂਸ ਲਾਗੂ ਕਰ ਕੇ ਆਪਣੀ ਤਾਨਾਸ਼ਾਹੀ ਚਲਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੀਯੂ ਅਥਾਰਿਟੀ ਚਾਂਸਲਰ ਦਫ਼ਤਰ ਤੋਂ ਮਨਜ਼ੂਰੀ ਲੈਣ ਦੀ ਆੜ ਹੇਠ ਸੈਨੇਟ ਚੋਣ ਲਟਕਾ ਰਹੀ ਹੈ ਜਦਕਿ ਨਿਯਮਾਂ ਮੁਤਾਬਕ ਚਾਂਸਲਰ ਦਫ਼ਤਰ ਨੂੰ ਸਿਰਫ਼ ਇਤਲਾਹ ਦੇਣੀ ਹੁੰਦੀ ਹੈ ਅਤੇ ਚੋਣ ਯੂਨੀਵਰਸਿਟੀ ਨੇ ਆਪ ਕਰਵਾਉਣੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਯੂਨੀਵਰਸਿਟੀ ਦਾ ਕੇਂਦਰੀਕਰਨ ਹੁੰਦਾ ਹੈ ਤਾਂ ਸੈਨੇਟ ਖ਼ਤਮ ਹੋ ਜਾਵੇਗੀ। ਉਸ ਉਪਰੰਤ ਸਰਕਾਰੀ ਤਾਨਾਸ਼ਾਹੀ ਅਤੇ ਵਿਦਿਆਰਥੀਆਂ ਦੀਆਂ ਫੀਸਾਂ ਵਧਾਉਣ ਵਰਗੇ ਹੋਰ ਕਾਫ਼ੀ ਵਿਦਿਆਰਥੀ ਵਿਰੋਧੀ ਫ਼ੈਸਲਿਆਂ ਦਾ ਵਿਰੋਧ ਕਰਨ ਲਈ ਕੋਈ ਬਾਡੀ ਨਹੀਂ ਹੋਵੇਗੀ। ਇਸ ਨਾਲ ਗਰੀਬ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਸੈਨੇਟਰਾਂ ਨੇ ਸਮੂਹ ਵਿਦਿਆਰਥੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਲੈ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਲਾਮਬੰਦ ਕਰ ਕੇ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇ ਤਾਂ ਜੋ ਅਥਾਰਿਟੀ ਉੱਤੇ ਦਬਾਅ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸੈਨੇਟ ਦੀ ਮਿਆਦ 31 ਅਕਤੂਬਰ ਨੂੰ ਖ਼ਤਮ ਹੋ ਰਹੀ ਹੈ ਪ੍ਰੰਤੂ ਹਾਲੇ ਤੱਕ ਨਾ ਤਾਂ ਚੋਣਾਂ ਦੀ ਤਰੀਕ ਐਲਾਨੀ ਗਈ ਹੈ ਅਤੇ ਨਾ ਹੀ ਸ਼ਡਿਊਲ ਜਾਰੀ ਕੀਤਾ ਗਿਆ ਹੈ। ਉਨ੍ਹਾਂ ਸੈਨੇਟ ਚੋਣਾਂ ਤੁਰੰਤ ਪ੍ਰਭਾਵ ਤੋਂ ਕਰਵਾਉਣ ਦੀ ਮੰਗ ਰੱਖੀ। ਧਰਨੇ ਨੂੰ ਵਿਦਿਆਰਥੀ ਆਗੂਆਂ ਅਸ਼ਮੀਤ ਸਿੰਘ, ਰਿਮਲਜੋਤ ਸਿੰਘ, ਗੁਰਦੀਪ ਸਿੰਘ, ਸੰਦੀਪ ਸਿੰਘ, ਗਗਨ, ਜੋਬਨ ਸਿੰਘ, ਹਰਪੁਨੀਤ ਕੌਰ ਆਦਿ ਨੇ ਸੰਬੋਧਨ ਕੀਤਾ। ਉਨ੍ਹਾਂ ਸੈਨੇਟ ਚੋਣਾਂ ਕਰਵਾਉਣ ਦੇ ਨਾਲ-ਨਾਲ ਫੀਸ ਵਾਧਾ ਵਾਪਸ ਕਰਵਾਉਣ ਦੀ ਮੰਗ ਰੱਖੀ।

Advertisement

ਧਰਨਾਕਾਰੀਆਂ ਨੇ ਰਜਿਸਟਰਾਰ ਨੂੰ ਧਰਨੇ ਵਾਲੀ ਥਾਂ ਪਹੁੰਚਣ ਲਈ ਕੀਤਾ ਮਜਬੂਰ

ਧਰਨੇ ਦੌਰਾਨ ਸੈਨੇਟਰਾਂ ਅਤੇ ਵਿਦਿਆਰਥੀ ਆਗੂਆਂ ਵੱਲੋਂ ਚਿਤਾਵਨੀ ਦਿੱਤੇ ਜਾਣ ਤੋਂ ਬਾਅਦ ਰਜਿਸਟਰਾਰ ਧਰਨੇ ਵਾਲੀ ਥਾਂ ਉੱਤੇ ਪੁੱਜੇ, ਜਿਨ੍ਹਾਂ ਨਾਲ ਸੈਨੇਟਰਾਂ ਨੇ ਸਵਾਲ ਕਰਦਿਆਂ ਸੈਨੇਟ ਚੋਣਾਂ ਕਰਵਾਉਣ ਦੇ ਰਾਹ ਵਿੱਚ ਆ ਰਹੇ ਕਿਸੇ ਵੀ ਤਰ੍ਹਾਂ ਦੇ ਮਨਜ਼ੂਰੀ ਰੂਪੀ ਅੜਿੱਕੇ ਬਾਰੇ ਪੁੱਛਿਆ। ਇਸ ’ਤੇ ਰਜਿਸਟਰਾਰ ਨੇ ਸੋਮਵਾਰ ਨੂੰ ਧਰਨਾਕਾਰੀ ਸੈਨੇਟਰਾਂ ਨਾਲ ਮੀਟਿੰਗ ਰੱਖਣ ਦਾ ਐਲਾਨ ਕਰ ਕੇ ਧਰਨਾ ਸਮਾਪਤ ਕਰਵਾਇਆ। ਅਖ਼ੀਰ ਧਰਨਾਕਾਰੀਆਂ ਨੇ ਇਹ ਚਿਤਾਵਨੀ ਦਿੱਤੀ ਕਿ ਜੇਕਰ ਮਸਲੇ ਦਾ ਹੱਲ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਯੂਨੀਵਰਸਿਟੀ ਬਚਾਓ ਮੋਰਚਾ ਬਣਾਇਆ ਜਾਵੇਗਾ ਅਤੇ ਹੱਕਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

Advertisement
Advertisement