ਆਸੀਆਨ ਮੁਲਕਾਂ ਵੱਲੋਂ ਦੱਖਣੀ ਚੀਨ ਸਾਗਰ ਨੇੜੇ ਜਲ ਸੈਨਾ ਦਾ ਸੰਯੁਕਤ ਅਭਿਆਸ
ਜਕਾਰਤਾ (ਇੰਡੋਨੇਸ਼ੀਆ), 19 ਸਤੰਬਰ
ਦੱਖਣ-ਪੂਰਬੀ ਏਸ਼ਿਆਈ ਮੁਲਕਾਂ ਦੀ ਐਸੋਸੀਏਸ਼ਨ ਨੇ ਵਿਵਾਦਤ ਦੱਖਣੀ ਚੀਨ ਸਾਗਰ ਨੇੜੇ ਜਲ ਸੈਨਾ ਦਾ ਪਹਿਲਾ ਸੰਯੁਕਤ ਅਭਿਆਸ਼ ਸ਼ੁਰੂ ਕੀਤਾ ਹੈ। ਇਹ ਅਭਿਆਸ ਅਜਿਹੇ ਸਮੇਂ ਸ਼ੁਰੂ ਕੀਤਾ ਗਿਆ ਹੈ ਜਦੋਂ ਕਈ ਮੈਂਬਰ ਦੇਸ਼ ਖੇਤਰ ਵਿੱਚ ਚੀਨ ਦਾ ਦਬਦਬਾ ਵਧਣ ਦਾ ਵਿਰੋਧ ਕਰ ਰਹੇ ਹਨ। ਇੰਡੋਨੇਸ਼ਿਆਈ ਫੌਜ ਦੇ ਮੁਖੀ ਐਡਮ. ਯੂਡੋ ਮਾਰਗੋਨੋ ਨੇ ਕਿਹਾ ਕਿ ਇਸ ਅਭਿਆਸ ਵਿੱਚ ਸਮੁੰਦਰੀ ਗਸ਼ਤ ਮੁਹਿੰਮ, ਤਲਾਸ਼ੀ ਤੇ ਬਚਾਅ ਕਾਰਜ ਆਦਿ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇੰਡੋਨੇਸ਼ੀਆ ਦੇ ਨਟੂਨਾ ਜਲ ਖੇਤਰ ਵਿੱਚ ਚੱਲ ਰਹੇ ਇਸ ਪੰਜ ਰੋਜ਼ਾ ਅਭਿਆਸ ਦਾ ਮਕਸਦ ਆਸੀਆਨ ਮੁਲਕਾਂ ਵਿਚਾਲੇ ਫ਼ੌਜੀ ਸਬੰਧਾਂ ਨੂੰ ਹੁਲਾਰਾ ਦੇਣਾ ਅਤੇ ਅੰਤਰ-ਕਾਰਜਸ਼ੀਲਤਾ ਵਧਾਉਣਾ ਹੈ। ਆਸੀਆਨ ਮੁਲਕ ਪਹਿਲਾਂ ਵੀ ਅਮਰੀਕਾ ਅਤੇ ਚੀਨ ਸਮੇਤ ਹੋਰ ਦੇਸ਼ਾਂ ਨਾਲ ਸਮੁੰਦਰੀ ਅਭਿਆਸਾਂ ਵਿੱਚ ਹਿੱਸਾ ਲੈ ਚੁੱਕੇ ਹਨ ਪਰ ਇਸ ਹਫ਼ਤੇ ਦੇ ਅਭਿਆਸ ਵਿੱਚ ਸਿਰਫ ਆਸੀਅਨ ਦੇਸ਼ ਹੀ ਸ਼ਾਮਲ ਹਨ। ਬਹੁਤੇ ਦੇਸ਼ਾਂ ਵੱਲੋਂ ਇਸ ਨੂੰ ਚੀਨ ਨੂੰ ਵਿਰੋਧ ਦਾ ਸੰਕੇਤ ਦੇਣ ਵਜੋਂ ਦੇਖਿਆ ਜਾ ਰਿਹਾ ਹੈ। ਸਿੰਗਾਪੁਰ ਦੇ ਨਾਲ ਲੱਗਦੇ ਬਾਟਮ ਟਾਪੂ ’ਤੇ ਅਭਿਆਸ ਦੇ ਉਦਘਾਟਨੀ ਸਮਾਗਮ ਵਿੱਚ ਆਸੀਆਨ ਮੁਲਕਾਂ ਦੇ ਫੌਜੀ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਗੋਨੋ ਨੇ ਕਿਹਾ, ‘‘ਖੇਤਰ ਵਿੱਚ ਗਤੀਵਿਧੀਆਂ ਕਰ ਰਹੇ ਦੇਸ਼ਾਂ ਨੂੰ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ।’’ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਆਸੀਆਨ ਦੇਸ਼ਾਂ ਨੇ ਹਰ ਸਾਲ ਫੌਜੀ ਅਭਿਆਸ ਕਰਵਾਉਣ ਲਈ ਸਹਿਮਤੀ ਦਿੱਤੀ ਹੈ। -ਏਪੀ