ਸਾਂਝਾ ਦੀਵਾਲੀ ਸੱਭਿਆਚਾਰਕ ਯੁਵਕ ਮੇਲਾ
ਖੇਤਰੀ ਪ੍ਰਤੀਨਿਧ
ਲੁਧਿਆਣਾ, 23 ਅਕਤੂਬਰ
ਐੱਸਡੀਪੀ ਵਿੱਦਿਅਕ ਅਦਾਰਿਆਂ ਦਾ ਸਾਂਝਾ ਦੀਵਾਲੀ ਸੱਭਿਆਚਾਰਕ ਯੁਵਕ ਮੇਲਾ ਲਾਇਆ ਗਿਆ। ਇਸ ਵਿੱਚ ਐੱਸਡੀਪੀ ਕਾਲਜ ਫਾਰ ਵਿਮੈੱਨ, ਐੱਸਡੀਪੀ ਸੀਨੀਅਰ ਸੈਕੰਡਰੀ ਸਕੂਲ ਹਜ਼ੂਰੀ ਰੋਡ, ਐੱਸਡੀਪੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ, ਰਾਮ ਲਾਲ ਭਸੀਨ ਪਬਲਿਕ ਸਕੂਲ, ਓਮ ਪ੍ਰਕਾਸ਼ ਗੁਪਤਾ ਐੱਸਡੀਪੀ ਸੀਨੀਅਰ ਸੈਕੰਡਰੀ ਸਕੂਲ ਕਿਲਾ ਮੁਹੱਲਾ ਤੇ ਐੱਸਡੀਪੀ ਕਾਲਜੀਏਟ ਸੀਨੀਅਰ ਸੈਕੰਡਰੀ ਵੱਲੋਂ ਦੀਵਾਲੀ ਸੱਭਿਆਚਾਰਕ ਯੁਵਕ ਮੇਲਾ ਕਰਵਾਇਆ ਗਿਆ। ਸਵੇਰੇ ਸਭਾ ਦੀ ਸ਼ੁਰੂਆਤ ਐੱਸਡੀਪੀ ਕਾਲਜ ਪ੍ਰਬੰਧਕ ਕਮੇਟੀ ਮੈਂਬਰ ਲੇਖ ਰਾਜ ਅਰੋੜਾ ਨੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ। ਸ਼ਾਮ ਦੇ ਸੈਸ਼ਨ ਦੇ ਮੁੱਖ ਮਹਿਮਾਨ ਪ੍ਰਧਾਨ ਬਲਰਾਜ ਕੁਮਾਰ ਭਸੀਨ ਸਨ। ਵਿਦਿਆਰਥੀਆਂ ਨੇ ਲੋਕ ਨਾਚ ਗਰਭਾ, ਭੰਗੜਾ, ਸੋਲੋ ਅਤੇ ਗਰੁੱਪ ਡਾਂਸ ਮੁਕਾਬਲਿਆਂ ਵਿੱਚ ਹਿੱਸਾ ਲਿਆ। ਕਰਾਟੇ ਦੇ ਵਿਦਿਆਰਥੀਆਂ ਨੇ ਵੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਸ੍ਰੀ ਭਸੀਨ ਨੇ ਦੀਵਾਲੀ ਮੇਲੇ ਮੌਕੇ ’ਤੇ ਵਿਦਿਆਰਥੀਆਂ ਤੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦਾ ਨਾਂ ਰੌਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਅਕਾਦਮਿਕ ਤੇ ਸਹਿ-ਅਕਾਦਮਿਕ ਖੇਤਰ ’ਚ ਵਧੀਆ ਪੇਸ਼ਕਾਰੀ ਲਈ ਸਨਮਾਨਿਤ ਕੀਤਾ ਗਿਆ।