ਸਟੋਨ ਕਰੱਸ਼ਰਾਂ ਦੀ ਜਾਂਚ ਕਰੇਗੀ ਸਾਂਝੀ ਕਮੇਟੀ
ਪੱਤਰ ਪ੍ਰੇਰਕ
ਯਮੁਨਾਨਗਰ, 8 ਜਨਵਰੀ
ਨੈਸ਼ਨਲ ਗਰੀਨ ਟ੍ਰਿਬਿਊਨਲ ਜੁਆਇੰਟ ਕਮੇਟੀ ਦੀ ਮੀਟਿੰਗ ਡੀਸੀ ਕੈਪਟਨ ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ । ਬੈਠਕ ਵਿੱਚ ਜ਼ਿਲ੍ਹੇ ਵਿੱਚ ਸਥਿਤ ਸਟੋਨ ਕਰੱਸ਼ਰ ਯੂਨਿਟਾਂ ਲਈ ਲੋਕੇਸ਼ਨ ਸਬੰਧੀ ਨਿਯਮਾਂ ਅਤੇ ਵਾਤਾਵਰਨ ਦੀ ਪਾਲਣਾ ਦੀ ਜਾਂਚ ਦੀ ਪ੍ਰਕਿਰਿਆ ਨੂੰ ਜਲਦੀ ਮੁਕੰਮਲ ਕਰਨ ਲਈ ਕਿਹਾ ਗਿਆ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਮਾਲ, ਜੰਗਲਾਤ, ਵਾਤਾਵਰਨ ਅਤੇ ਮਾਈਨਿੰਗ ਵਿਭਾਗ ਇਸ ਜਾਂਚ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ ਅਤੇ 15 ਫਰਵਰੀ ਤੱਕ ਸਾਂਝੀ ਰਿਪੋਰਟ ਮੁਕੰਮਲ ਕਰਕੇ ਸਮੇਂ ਸਿਰ ਰਿਪੋਰਟ ਐੱਨਜੀਟੀ ਨੂੰ ਭੇਜਣਗੇ। ਬੈਠਕ ਵਿੱਚ ਡੀਸੀ ਨੇ ਹਦਾਇਤ ਕੀਤੀ ਕਿ ਮਾਲ ਅਤੇ ਜੰਗਲਾਤ ਵਿਭਾਗ ਵੱਲੋਂ ਸਟੋਨ ਕਰੱਸ਼ਰ ਯੂਨਿਟਾਂ ਦੀ ਭੌਤਿਕ ਸਾਈਟ ਅਤੇ ਸਥਾਨ ਦੇ ਮਾਪਦੰਡਾਂ ਦੀ ਜਾਂਚ ਕੀਤੀ ਜਾਵੇਗੀ । ਜੰਗਲਾਤ ਵਿਭਾਗ ਸਥਾਨ ਦੇ ਮਾਪਦੰਡਾਂ ਦੀ ਜਾਂਚ ਕਰੇਗਾ ਅਤੇ ਰਿਪੋਰਟ ਹਰਿਆਣਾ ਰਾਜ ਕੰਟਰੋਲ ਬੋਰਡ ਨੂੰ ਸੌਂਪੇਗਾ। ਉਨ੍ਹਾਂ ਹਦਾਇਤ ਕੀਤੀ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਚਐੱਸਪੀਸੀਬੀ ਵਾਤਾਵਰਨ ਦੀ ਪਾਲਣਾ ਦੀ ਜਾਂਚ ਕਰਨ ਲਈ 191 ਸਟੋਨ ਕਰੱਸ਼ਿੰਗ ਯੂਨਿਟਾਂ ਦਾ ਸਾਂਝੇ ਤੌਰ ’ਤੇ ਨਿਰੀਖਣ ਕਰਨਗੇ।
ਖਣਨ ਵਿਭਾਗ ਨੂੰ ਕੱਚੇ ਮਾਲ ਦੀ ਖਰੀਦ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਾਰੀਆਂ ਇਕਾਈਆਂ ਕਾਨੂੰਨੀ ਅਤੇ ਟਿਕਾਊ ਮਾਈਨਿੰਗ ਪ੍ਰਥਾ ਅਤੇ ਨਿਯਮਾਂ ਅਧੀਨ ਕੰਮ ਕਰ ਰਹੀਆਂ ਹਨ। ਇਸ ਮੌਕੇ ਆਰਓ ਐੱਚਐੱਸਪੀਸੀਬੀ ਵੀਐੱਸ ਪੂਨੀਆ, ਡੀਆਰਓ ਵਿਕਾਸ, ਡੀਆਈਪੀਆਰਓ ਡਾ. ਮਨੋਜ ਕੁਮਾਰ, ਮਾਈਨਿੰਗ ਅਫ਼ਸਰ ਵਿਨੈ ਸ਼ਰਮਾ, ਆਰਐੱਫਓ ਸੰਜੀਵ ਕਸ਼ਯਪ ਹਾਜ਼ਰ ਸਨ।