ਜੀਐੱਮਸੀਐੱਚ ਦਾ ਠੇਕਾ ਖ਼ਤਮ ਹੋਣ ’ਤੇ ਬੇਰੁਜ਼ਗਾਰ ਹੋਏ ਲਾਂਡਰੀ ਵਰਕਰਾਂ ਦੇ ਹੱਕ ’ਚ ਆਈ ਜੁਆਇੰਟ ਐਕਸ਼ਨ ਕਮੇਟੀ
ਕੁਲਦੀਪ ਸਿੰਘ
ਚੰਡੀਗੜ੍ਹ, 25 ਜੂਨ
ਜੀਐੱਮਸੀਐੱਚ-32 ਵਿੱਚ ਇੱਕ ਠੇਕੇਦਾਰ ਦਾ ਠੇਕਾ ਖ਼ਤਮ ਹੋਣ ਉਪਰੰਤ ਪਿਛਲੇ ਲਗਪਗ ਦਸ ਸਾਲਾਂ ਤੋਂ ਕੰਮ ਕਰਦੇ ਆ ਰਹੇ 15 ਲਾਂਡਰੀ ਵਰਕਰ ਬੇਰੁਜ਼ਗਾਰ ਹੋ ਗਏ ਹਨ। ਹਸਪਤਾਲ ਦੇ ਮੁਲਾਜ਼ਮਾਂ ਉੱਤੇ ਆਧਾਰਤ ਜੁਆਇੰਟ ਐਕਸ਼ਨ ਕਮੇਟੀ ਨੇ ਇਨ੍ਹਾਂ ਵਰਕਰਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਹੈ। ਜੀਐੱਮਸੀਐੱਚ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਕਿਹਾ ਕਿ ਇਸ ਸਰਕਾਰੀ ਹਸਪਤਾਲ ਵਿੱਚ ਪੁਰਾਣਾ ਠੇਕਾ ਟਰਮੀਨੇਟ ਕਰਨ ਉਪਰੰਤ ਕੋਈ ਟੈਂਡਰ ਕੱਢੇ ਬਿਨਾਂ ਹੀ ਕੱਪੜੇ ਪੁਆਉਣ ਦਾ ਠੇਕਾ ਨਵੇਂ ਠੇਕੇਦਾਰ ਨੂੰ ਦੇ ਦਿੱਤਾ ਗਿਆ ਜਦਕਿ ਹਸਪਤਾਲ ਪ੍ਰਬੰਧਨ ਵੱਲੋਂ ਲਾਂਡਰੀ ਵਿੱਚ ਲੱਖਾਂ ਰੁਪਏ ਦੀ ਲਾਗਤ ਨਾਲ ਮਸ਼ੀਨਾਂ ਖਰੀਦੀਆਂ ਗਈਆਂ ਹਨ ਅਤੇ ਹੋਰ ਵੀ ਨਵੀਆਂ ਮਸ਼ੀਨਾਂ ਦਾ ਆਰਡਰ ਦਿੱਤਾ ਹੋਇਆ ਹੈ। ਇਸ ਦੇ ਬਾਵਜੂਦ ਕੱਪੜਿਆਂ ਦੀ ਧੁਆਈ ਬਾਹਰੋਂ ਕਰਵਾਉਣਾ ਹੈਰਾਨੀ ਵਾਲੀ ਗੱਲ ਹੈ। ਜੀਐੱਮਸੀਐੱਚ ਜੁਆਇੰਟ ਐਕਸ਼ਨ ਕਮੇਟੀ ਇਨ੍ਹਾਂ ਲਾਂਡਰੀ ਵਰਕਰਾਂ ਦੇ ਰੁਜ਼ਗਾਰ ਦੀ ਬਹਾਲੀ ਲਈ ਪੂਰੇ ਯਤਨ ਕਰੇਗੀ ਅਤੇ ਸੋਮਵਾਰ ਨੂੰ ਕਮੇਟੀ ਦਾ ਇੱਕ ਵਫ਼ਦ ਯੂ.ਟੀ. ਪ੍ਰਸ਼ਾਸਨ ਦੇ ਸਿਹਤ ਸਕੱਤਰ ਨਾਲ ਵੀ ਮੁਲਾਕਾਤ ਕਰੇਗਾ।