ਸਰਿਤਾ ਵਿਹਾਰ ਦੇ ਸਿੱਖ ਅਕਾਲੀ ਦਲ ਵਿੱਚ ਸ਼ਾਮਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਅਗਸਤ
ਸਰਿਤਾ ਵਿਹਾਰ ਵਾਰਡ ਤੋਂ ਸੰਗਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਈ ਹੈ। ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸਾਰਿਆਂ ਦਾ ਪਾਰਟੀ ਵਿਚ ਸਵਾਗਤ ਕੀਤਾ। ਸ੍ਰੀ ਗੁਰਪ੍ਰੀਤ ਸਿੰਘ ਜੱਸਾ ਵੱਲੋਂ ਮਨਜੀਤ ਸਿੰਘ ਜੀਕੇ ਦੇ ਭਰਾ ਹਰਜੀਤ ਸਿੰਘ ਦੇ ਹਲਕੇ ‘ਚ ਸੰਨ੍ਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਬਾਦਲ ਧੜੇ ਦੇ ਇਸ ਵਾਰਡ ਤੋਂ ਸੰਭਾਵੀ ਉਮੀਦਵਾਰ ਵੀ ਹੋ ਸਕਦੇ ਹਨ। ਕਾਲਕਾ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਰੋਜ਼ਾਨਾ ਖੁਦ ਆ ਕੇ ਪਾਰਟੀ ਵਿਚ ਸ਼ਾਮਲ ਹੋ ਰਹੀਆਂ ਹਨ ਇਸ ਨਾਲ ਪਾਰਟੀ ਨੂੰ ਕਾਫ਼ੀ ਮਜ਼ਬੂਤੀ ਮਿਲ ਰਹੀ ਹੈ।
ਗੁਰਪ੍ਰੀਤ ਸਿੰਘ ਜੱਸਾ ਨੇ ਕਿਹਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੀ ਪੂਰੀ ਟੀਮ ਵੱਲੋਂ ਜਿਸ ਤਰੀਕੇ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ, ਖਾਸ ਕਰ ਕੇ ਕਰੋਨਾ ਕਾਲ ਦੌਰਾਨ ਮਾਨਵਤਾ ਦੀ ਜੋ ਸੇਵਾ ਦਿੱਲੀ ਕਮੇਟੀ ਨੇ ਕੀਤੀ ਉਸ ਤੋਂ ਸੰਗਤਾਂ ਖਾਸੀ ਪ੍ਰਭਾਵਿਤ ਹੋਈਆਂ ਹਨ ਇਸੇ ਲਈ ਸੰਗਤਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣਨ ਲਈ ਚਾਹਵਾਨ ਹੋ ਰਹੀਆਂ ਹਨ। ਇਸ ਮੌਕੇ ‘ਤੇ ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਪਰਮਜੀਤ ਸਿੰਘ ਚੰਢੋਕ, ਵਾਰਡ 34 ਸਰਿਤਾ ਵਿਹਾਰ ਤੋਂ ਕਵੰਲਜੀਤ ਲਾਲੀ, ਸੁੱਚਾ ਸਿੰਘ, ਤੇਜਿੰਦਰ ਸਿੰਘ, ਕੁਲਦੀਪ ਸਿੰਘ, ਰੇਸ਼ਮ ਸਿੰਘ, ਦਲੀਪ ਸਿੰਘ, ਮਨਜੀਤ ਸਿੰਘ ਮੌਜੁਦ ਰਹੇ।