‘ਆਪ’ ਤੇ ਅਕਾਲੀ ਪਰਿਵਾਰ ਕਾਂਗਰਸ ’ਚ ਸ਼ਾਮਲ
ਪੱਤਰ ਪ੍ਰੇਰਕ
ਦੀਨਾਨਗਰ, 5 ਅਕਤੂਬਰ
ਪੰਚਾਇਤੀ ਚੋਣਾਂ ਦੀਆਂ ਵੋਟਾਂ ਭਾਵੇਂ 15 ਅਕਤੂਬਰ ਨੂੰ ਪੈਣੀਆਂ ਹਨ ਪਰ ਉਸ ਤੋਂ ਪਹਿਲਾਂ ਹੀ ਵੱਖ ਵੱਖ ਪਾਰਟੀਆਂ ਨਾਲ ਜੁੜੇ ਵੱਡੀ ਗਿਣਤੀ ਲੋਕ ਕਾਂਗਰਸ ਪਾਰਟੀ ਦੇ ਹੱਕ ਵਿੱਚ ਤੁਰਨੇ ਸ਼ੁਰੂ ਹੋ ਗਏ ਹਨ। ਇਸੇ ਕੜੀ ਤਹਿਤ ਅੱਜ ਪਿੰਡ ਬਸਤੀ ਵਿਕਾਸ ਨਗਰ ਦੇ ਕਰੀਬ ਇੱਕ ਦਰਜਨ ਵਰਕਰਾਂ ਨੇ ਪਰਿਵਾਰਾਂ ਸਮੇਤ ‘ਆਪ’ ਨੂੰ ਅਲਵਿਦਾ ਆਖ਼ ਕਾਂਗਰਸ ਦਾ ਪੱਲਾ ਫੜ ਲਿਆ ਜਦਕਿ ਪਿੰਡ ਗੰਜੀ ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਰਕਰ 25 ਪਰਿਵਾਰਾਂ ਸਹਿਤ ਕਾਂਗਰਸ ਵਿੱਚ ਸ਼ਾਮਲ ਹੋ ਗਏ।
ਇਨ੍ਹਾਂ ਨੂੰ ਵਿਧਾਇਕਾ ਅਰੁਣਾ ਚੌਧਰੀ ਦੇ ਪਤੀ ਅਤੇ ਕਾਂਗਰਸ ਕਮੇਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਚੌਧਰੀ ਨੇ ਸਿਰੋਪੇ ਪਹਿਨਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ।
ਅਸ਼ੋਕ ਚੌਧਰੀ ਨੇ ਦੱਸਿਆ ਕਿ ਬਸਤੀ ਵਿਕਾਸ ਨਗਰ ਤੋਂ ਆਮ ਆਦਮੀ ਪਾਰਟੀ ਨਾਲ ਸਬੰਧਿਤ ਪਰਿਵਾਰ ਸਾਬਕਾ ਸਰਪੰਚ ਬਿਮਲਾ ਦੇਵੀ ਅਤੇ ਰਮੇਸ਼ ਚੰਦਰ ਦੀ ਅਗਵਾਈ ਹੇਠ ਕਾਂਗਰਸ ਨਾਲ ਜੁੜੇ ਹਨ ਜਦਕਿ ਗੰਜੀ ਪਿੰਡ ਦੇ ਅਕਾਲੀ ਪਰਿਵਾਰ ਸਾਬਕਾ ਸਰਪੰਚ ਪਿਆਰਾ ਸਿੰਘ ਦੀ ਰਹਿਨੁਮਾਈ ਹੇਠ ਕਾਂਗਰਸ ਵਿੱਚ ਸ਼ਾਮਲ ਹੋਏ ਹਨ।