ਜੌਹਨ ਹੌਪਫੀਲਡ ਤੇ ਜੈਫਰੀ ਹਿੰਟਨ ਨੂੰ ਮਿਲੇਗਾ ਭੌਤਿਕ ਵਿਗਿਆਨ ਦਾ ਨੋਬੇਲ
ਸਟਾਕਹੋਮ: ਅਮਰੀਕਾ ਦੇ ਜੌਹਨ ਹੋਪਫੀਲਡ ਅਤੇ ਕੈਨੇਡਾ ਜੈਫਰੀ ਹਿੰਟਨ ਨੂੰ ਮਸ਼ੀਨ ਲਰਨਿੰਗ ਸਬੰਧੀ ਬੁਨਿਆਦੀ ਤਰੀਕਿਆਂ ਦੀਆਂ ਖੋਜਾਂ ਲਈ ਭੌਤਿਕ ਵਿਗਿਆਨ ਦੇ ਨੋਬੇਲ ਐਵਾਰਡ ਨਾਲ ਨਿਵਾਜਿਆ ਜਾਵੇਗਾ। ਅੱਜ ਉਨ੍ਹਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਨੋਬੇਲ ਕਮੇਟੀ ਨੇ ਕਿਹਾ, ‘ਫਿਜ਼ਿਕਸ (ਭੌਤਿਕ ਵਿਗਿਆਨ) ਲਈ ਇਸ ਸਾਲ ਨੋਬੇਲ ਐਵਾਰਡ ਹਾਸਲ ਕਰਨ ਵਾਲੇ ਵਿਗਿਆਨੀਆਂ ਨੇ ਅਜੋਕੀ ਸ਼ਕਤੀਸ਼ਾਲੀ ਮਸ਼ੀਨ ਲਰਨਿੰਗ ਦੀ ਬੁਨਿਆਦ ਸਮਝੇ ਜਾਣ ਵਾਲੇ ਤਰੀਕੇ ਈਜਾਦ ਕਰਨ ਲਈ ਭੌਤਿਕ ਵਿਗਿਆਨ ਦੇ ਉਪਕਰਨਾਂ ਦੀ ਵਰਤੋਂ ਕੀਤੀ।’ ਹੋਪਫੀਲਡ ਨੇ ਪ੍ਰਿੰਸਟਨ ਯੂਨੀਵਰਸਿਟੀ ’ਚ ਆਪਣੀ ਖੋਜ ਕੀਤੀ ਅਤੇ ਹਿੰਟਨ ਨੇ ਯੂਨੀਵਰਸਿਟੀ ਆਫ ਟੋਰਾਂਟੋ ’ਚ ਖੋਜ ਕਾਰਜ ਕੀਤਾ। ਨੋਬੇਲ ਐਵਾਰਡ ’ਚ 1.1 ਕਰੋੜ ਸਵੀਡਿਸ਼ ਕਰੋਨਰ (10 ਲੱਖ ਡਾਲਰ) ਨਕਦ ਦਿੱਤੇ ਜਾਂਦੇ ਹਨ। ਨੋਬੇਲ ਐਵਾਰਡ ਜੇਤੂਆਂ ਦਾ ਸਨਮਾਨ 10 ਦਸੰਬਰ ਨੂੰ ਕੀਤਾ ਜਾਵੇਗਾ। ਭਲਕੇ ਬੁੱਧਵਾਰ ਨੂੰ ਰਸਾਇਣ ਵਿਗਿਆਨ ਅਤੇ ਵੀਰਵਾਰ ਨੂੰ ਸਾਹਿਤ ਦੇ ਖੇਤਰ ਲਈ ਨੋਬੇਲ ਐਵਾਰਡਾਂ ਦਾ ਐਲਾਨ ਕੀਤਾ ਜਾਵੇਗਾ। ਜਦਕਿ ਸ਼ਾਂਤੀ ਅਤੇ ਅਰਥਸ਼ਾਸਤਰ ਲਈ ਨੋਬੇਲ ਐਵਾਰਡਾਂ ਦਾ ਐਲਾਨ ਕ੍ਰਮਵਾਰ 11 ਤੇ 14 ਅਕਤੂਬਰ ਨੂੰ ਕੀਤਾ ਜਾਵੇਗਾ। -ਏਪੀ