ਜੋਗਿੰਦਰ ਸਿੰਘ ਨਾਨਕਮਤਾ ਗੁਰਦੁਆਰੇ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ
ਨਵੀਂ ਦਿੱਲੀ, 5 ਮਈ
ਉੱਤਰਾਖੰਡ ਦੇ ਇਤਿਹਾਸਕ ਗੁਰਦੁਆਰਾ ਨਾਨਕਮਤਾ ਦੇ ਨਵੇਂ ਪ੍ਰਧਾਨ ਜੋਗਿੰਦਰ ਸਿੰਘ ਸੰਧੂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ। ਬਾਬਾ ਤਰਸੇਮ ਸਿੰਘ ਦੇ ਕਤਲ ਵਿੱਚ ਤਤਕਾਲੀ ਪ੍ਰਧਾਨ ਦਾ ਨਾਂ ਸਾਹਮਣੇ ਆਉਣ ਮਗਰੋਂ ਅੱਜ ਨਵੀਂ ਕਮੇਟੀ ਬਣਾਈ ਗਈ ਹੈ। ਜਾਣਕਾਰੀ ਮੁਤਾਬਕ ਚੋਣ ਸਮੇਂ ਭਾਰੀ ਪੁਲੀਸ ਮੌਜੂਦ ਸੀ। ਏਜੰਡੇ ਤਹਿਤ ਮੀਟਿੰਗ ਸਵੇਰੇ 11:30 ਵਜੇ ਸ਼ੁਰੂ ਹੋਈ, ਜਿਸ ਵਿੱਚ ਕੁੱਲ 12 ਡਾਇਰੈਕਟਰਾਂ ਨੇ ਦਸਤਖ਼ਤ ਕੀਤੇ ਅਤੇ ਹਰਬੰਸ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਦਾ ਫ਼ੈਸਲਾ ਕੀਤਾ। ਇਸ ਤੋਂ ਬਾਅਦ ਪ੍ਰਧਾਨ ਲਈ ਜੋਗਿੰਦਰ ਸਿੰਘ ਸੰਧੂ ਦੇ ਨਾਮ ਦੀ ਤਜਵੀਜ਼ ਰੱਖੀ ਗਈ, ਜਿਸ ਨੂੰ ਮੌਜੂਦਾ ਡਾਇਰੈਕਟਰ ਸਾਹਿਬਾਨ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਮੌਕੇ ਡਾਇਰੈਕਟਰ ਹਰਭਜਨ ਸਿੰਘ (ਸਕੱਤਰ), ਅਮਰਜੀਤ ਸਿੰਘ ਬੋਪਾਰਾਏ, ਸੁਖਵੰਤ ਸਿੰਘ ਪੰਨੂ, ਪ੍ਰਭਸ਼ਰਨ ਸਿੰਘ, ਹਰਭਾਗ ਸਿੰਘ, ਜੋਗਿੰਦਰ ਸਿੰਘ, ਗੁਰਦਿਆਲ ਸਿੰਘ, ਗੁਰਵੰਤ ਸਿੰਘ, ਦਵਿੰਦਰ ਸਿੰਘ, ਪ੍ਰਕਾਸ਼ ਸਿੰਘ, ਅਮਰਜੀਤ ਸਿੰਘ ਬੇਦੀ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।
ਬਾਬਾ ਰਵਿੰਦਰ ਸਿੰਘ ਨੇ ਕਾਰ ਸੇਵਾ ਦੀ ਕਮਾਨ ਸਾਂਭੀ
ਬਾਬਾ ਰਵਿੰਦਰ ਸਿੰਘ ਦਿੱਲੀ ਵਾਲਿਆਂ ਨੇ ਡੇਰਾ ਕਾਰ ਸੇਵਾ ਨਾਨਕਮਤਾ ਦੀ ਕਮਾਨ ਸਾਂਭ ਲਈ ਹੈ। ਉਨ੍ਹਾਂ ਨੂੰ ਬਾਬਾ ਤਰਸੇਮ ਸਿੰਘ ਦੇ ਕਤਲ ਮਗਰੋਂ ਇਹ ਅਹਿਮ ਸਥਾਨ ਦੀ ਸੇਵਾ ਦਿੱਤੀ ਗਈ ਹੈ। ਇਸ ਮੌਕੇ ਮੌਜੂਦ ਸਥਾਨਕ ਸੰਗਤ ਨੇ ਉਕਤ ਕਤਲ ਕਾਂਡ ਦੇ ਬਾਕੀ ਰਹਿੰਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਤੇ ਚਿਤਾਵਨੀ ਦਿੱਤੀ ਕਿ ਨਿਆਂ ਵਿੱਚ ਦੇਰੀ ਕੀਤੀ ਗਈ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ। ਸ੍ਰੀ ਅਜੀਤ ਪਾਲ ਸਿੰਘ ਵੱਲੋਂ ਇਸ ਮੌਕੇ ਸੰਚਾਲਨ ਕੀਤਾ ਗਿਆ ਤੇ ਸਾਰੇ ਮਤੇ ਸਰਬਸੰਮਤੀ ਨਾਲ ਮਨਜ਼ੂਰ ਕੀਤੇ ਗਏ।