For the best experience, open
https://m.punjabitribuneonline.com
on your mobile browser.
Advertisement

ਜੌੜਾਮਾਜਰਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ

07:28 AM Jul 19, 2023 IST
ਜੌੜਾਮਾਜਰਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ
ਪਟਿਆਲਾ ਨੇੜਲੇ ਪਿੰਡਾਂ ਵਿੱਚ ਹਡ਼੍ਹ ਪ੍ਰਭਾਵਿਤ ਖੇਤਰ ਦਾ ਜਾੲਿਜ਼ਾ ਲੈਂਦੇ ਹੋਏ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ। -ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 18 ਜੁਲਾਈ
ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਹੜ੍ਹ ਪ੍ਰਭਾਵਿਤ ਪਟਿਆਲਾ ਨੇੜਲੇ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹ ਪਿੰਡ ਵਜੀਦਪੁਰ, ਜਾਹਲ਼ਾਂ, ਬਿਸ਼ਨਪੁਰ ਛੰਨਾ, ਕੌਰਜੀਵਾਲਾ, ਕਲਿਆਣ, ਉੱਚਾਗਾਓਂ, ਇੰਦਰਪੁਰਾ, ਧਰਮਕੋਟ ਅਤੇ ਦਦਹੇੜਾ ਪਿੰਡਾਂ ’ਚ ਪੁੱਜੇ। ਸਰਕਾਰੀ ਅਮਲੇ ਫੈਲੇ ਨਾਲ ਪੁੱਜੇ ਮੰਤਰੀ ਨੇ ਹੜ੍ਹਾਂ ਕਾਰਨ ਹੋਏ ਫ਼ਸਲਾਂ ਅਤੇ ਮਾਲੀ ਨੁਕਸਾਨ ਸਣੇ ਹੋਰ ਬੁਨਿਆਦੀ ਢਾਂਚੇ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲਿਆ। ਮੰਤਰੀ ਦਾ ਕਹਿਣਾ ਸੀ ਕਿ ਸਰਕਾਰ ਯਕੀਨੀ ਬਣਾਏਗੀ ਕਿ ਇਸ ਕੁਦਰਤੀ ਆਫ਼ਤ ਦੇ ਪ੍ਰਭਾਵ ਨੂੰ ਘੱਟ ਕਰਦਿਆਂ, ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਲੋੜੀਂਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਹੈ ਅਤੇ ਅਪੀਲ ਕੀਤੀ ਹੈ ਕਿ ਰਾਹਤ ਅਤੇ ਮੁੜ-ਵਸੇਬਾ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਇਸ ਕੁਦਰਤੀ ਆਫ਼ਤ ਦੇ ਪ੍ਰਭਾਵ ਨੂੰ ਘੱਟ ਕਰਦਿਆਂ ਪ੍ਰਭਾਵਿਤ ਪਰਿਵਾਰਾਂ ਨੂੰ ਜਲਦੀ ਤੋਂ ਜਲਦੀ ਲੋੜੀਂਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇ। ਮੰਤਰੀ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਨੇ ਫ਼ਸਲਾਂ ਤੇ ਹੋਰ ਨੁਕਸਾਨ ਦਾ ਮੁਲਾਂਕਣ ਕਰਨ ਲਈ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਦਰੱਖ਼ਤਾਂ ਅਤੇ ਹੋਰ ਕੂੜੇ ਕਰਕਟ ਕਰਕੇ ਬੰਦ ਹੋਈ ਝੰਬੋ ਡਰੇਨ ਦੀ ਲੋੜੀਂਦੀ ਸਫ਼ਾਈ ਕਰਵਾਈ ਜਾਵੇਗੀ। ਇਸ ਨੂੰ ਚੌੜਾ ਕਰਨ ਸਣੇ ਬੰਨ੍ਹ ਵੀ ਮਜ਼ਬੂਤ ਕੀਤਾ ਜਾਵੇਗਾ। ਲੋੜ ਹੋਈ, ਤਾਂ ਨਵੀਂਆਂ ਪਾਈਪਾਂ ਵੀ ਪਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਬਣੇ ਸਾਈਫ਼ਨਾਂ ਦੇ ਬੰਦ ਹੋਣ ਕਰਕੇ ਪਾਣੀ ਦੇ ਕੁਦਰਤੀ ਵਹਾਅ ਵਿੱਚ ਜਿੱਥੇ ਕਿਤੇ ਰੋਕ ਲੱਗੀ ਹੈ, ਉਸ ਨੂੰ ਬਹਾਲ ਕਰਕੇ ਲੋੜ ਮੁਤਾਬਕ ਸੜਕਾਂ ਉਤੇ ਨਵੇਂ ਸਾਈਫ਼ਨ ਵੀ ਬਣਾਏ ਜਾਣਗੇ। ਇਸ ਮੌਕੇ ਐੱਸਡੀਐੱਮ ਡਾ. ਇਸਮਤਵਿਜੇ ਸਿੰਘ, ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਵੀ ਹਾਜ਼ਰ ਸਨ।

Advertisement

ਨਵਾਂ ਗਾਓਂ-ਚੀਕਾ ਰੋਡ ’ਤੇ ਆਵਾਜਾਈ ਬਹਾਲ

ਡਕਾਲਾ (ਮਾਨਵਜੋਤ ਭਿੰਡਰ): ਇਲਾਕੇ ਵਿੱਚ ਆਏ ਹੜ੍ਹ ਕਾਰਨ ਪੰਜਾਬ-ਹਰਿਆਣਾ ਹੱਦ ਨੂੰ ਜੋੜਦੀ ਸੜਕ ਨਵਾਂ ਗਾਓਂ ਤੋਂ ਚੀਕਾ ਜਿਹੜੀ ਕਾਫੀ ਖਸਤਾ ਹਾਲਤ ਵਿੱਚ ਹੋ ਗਈ ਸੀ, ਹੁਣ ਮੁੜ ਕਾਰਜਸ਼ੀਲ ਹੋ ਗਈ ਹੈ। ਸਥਾਨਕ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਮਾਣਾ ਅਤੇ ਪਟਿਆਲਾ ਇਲਾਕੇ ਤੋਂ ਪਿਹੋਵਾ, ਕੈਥਲ ਜਾਂ ਕੁਰੂਕਸ਼ੇਤਰ ਖੇਤਰ ਵੱਲ ਜਾਣ ਵਾਲੇ ਵਾਹਨ ਹੁਣ ਵਾਇਆ ਚੀਕਾ ਜਾ ਸਕਦੇ ਹਨ| ਇਸੇ ਸੜਕ ‘ਤੇ ਘੱਗਰ ਦੇ ਪੁਲ ਕੋਲ ਪੰਜਾਬ ਹਰਿਆਣਾ ਦੀ ਹੱਦ ਪੈਂਦੀ ਹੈ| ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇਲਾਕੇ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਦੀ ਤਾਜ਼ਾ ਸਥਿਤੀ ਦਾ ਮੁੜ ਜਾਇਜ਼ਾ ਲਿਆ ਤੇ ਰਾਹਤ ਕਾਰਜਾਂ ਦਾ ਨਿਰੀਖਣ ਵੀ ਕੀਤਾ | ਜ਼ਿਕਰਯੋਗ ਹੈ ਕਿ ਹਰਿਆਣਾ ਦੀ ਹੱਦ ਨਾਲ ਪੈਂਦੇ ਦਰਜਨਾਂ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ, ਜਿਹੜੇ ਕਿ ਟਾਂਗਰੀ ਨਦੀ ਤੇ ਮੀਰਾਂਪੁਰ ਚੋਅ ਦੇ ਫੈਲੇ ਪਾਣੀ ਨਾਲ ਹਾਲੇ ਵੀ ਡੁੱਬੇ ਹੋਏ ਹਨ| ਮੰਤਰੀ ਜੌੜਾਮਾਜਰਾ ਨੇ ਦੱਸਿਆ ਕਿ ਹਾਂਸੀ ਬੁਟਾਣਾ ਨਹਿਰ ਦੀ ਡਾਫ ਸਬੰਧੀ ਅੱਗੇ ਤੋਂ ਸਥਾਈ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਏਗੀ | ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਇਹ ਹਿਸਾਬ ਕਿਤਾਬ ਲਗਾ ਰਹੀ ਹੈ ਕੀ ਮਾਲੀ ਕਿੰਨਾ ਨੁਕਸਾਨ ਹੋਇਆ, ਜਿਸ ਦੀ ਸਰਕਾਰ ਭਰਪਾਈ ਕਰੇਗੀ।

Advertisement

ਹੜ੍ਹਾਂ ਦਾ ਪਾਣੀ ਨਿਕਲਣ ਮਗਰੋਂ ਘਰਾਂ ਦੇ ਹਾਲਾਤ ਬਦਤਰ

ਪਾਤੜਾਂ ਵਿੱਚ ਇੱਕ ਮਕਾਨ ਦਾ ਦੱਬਿਆ ਹੋਇਆ ਫਰਸ਼।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹੜ੍ਹਾਂ ਦੇ ਪਾਣੀ ਨਾਲ ਫ਼ਸਲਾਂ, ਪਸ਼ੂਆਂ ਦਾ ਹਰਾ ਚਾਰਾ, ਤੂੜੀ ਆਦਿ ਤੋਂ ਇਲਾਵਾ ਮਕਾਨਾਂ ਦੇ ਫਰਸ਼ ਜ਼ਮੀਨ ਵਿੱਚ ਧੱਸ ਜਾਣ ਅਤੇ ਘਰ ਦਾ ਕੀਮਤੀ ਸਾਮਾਨ ਬਰਬਾਦ ਹੋ ਜਾਣ ’ਤੇ ਪਹਿਲਾਂ ਤੋਂ ਕਰਜ਼ੇ ਦੀ ਮਾਰ ਝੱਲ ਰਹੀ ਕਿਰਸਾਨੀ ਨੂੰ ਵੱਡੀ ਆਰਥਿਕ ਮਾਰ ਪਈ ਹੈ। ਹੜ੍ਹ ਪ੍ਰਭਾਵਿਤ ਲੋਕ ਆਪਣੇ ਜੀਵਨ ਦੀ ਗੱਡੀ ਨੂੰ ਮੁੜ ਲੀਹ ਤੇ ਲਿਆਉਣ ਲਈ ਫ਼ਸਲਾਂ ਦਾ ਮੁਆਵਜ਼ਾ ਤੇ ਮੁੜ ਵਸੇਬਾ ਸਹਾਇਤਾ ਦੀ ਸਰਕਾਰ ਤੋਂ ਮੰਗ ਕਰਨ ਲੱਗੇ ਹਨ।ਪਿੰਡ ਸ਼ੁਤਰਾਣਾ ਤੋਂ ਰਸੋਲੀ ਰੋਡ ’ਤੇ ਖੇਤਾਂ ਵਿੱਚ ਡੇਰੇ ਵਿੱਚ ਰਹਿੰਦੇ ਰਣਜੀਤ ਸਿੰਘ ਪੁੱਤਰ ਸੌਦਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਤੋਂ ਥੋੜ੍ਹੀ ਦੂਰ ਬਣੇ ਜੰਮੂ ਕੱਟੜਾ ਐਕਸਪ੍ਰੈੱਸ ਹਾਈਵੇਅ ਦੇ ਹੇਠਾਂ ਪਾਣੀ ਦੀ ਨਿਕਾਸੀ ਲਈ ਲੋੜ ਅਨੁਸਾਰ ਪੁਲੀਆਂ ਤੇ ਸਾਈਫਨ ਨਾ ਬਣਾਏ ਹੋਣ ਕਰਕੇ ਘੱਗਰ ਦਰਿਆ ਵਿੱਚੋਂ ਆਏ ਪਾਣੀ ਦੀ ਯੋਗ ਨਿਕਾਸੀ ਨਾ ਹੋਣ ਕਾਰਨ ਉਨ੍ਹਾਂ ਨੂੰ ਘਰ ਛੱਡ ਕੇ ਰਿਸ਼ਤੇਦਾਰਾਂ ਕੋਲ ਰਹਿਣਾ ਪੈ ਰਿਹਾ ਹੈ। ਹੁਣ ਜਦੋਂ ਉਨ੍ਹਾਂ ਵਾਪਸ ਆ ਕੇ ਦੇਖਿਆ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ, ਕਮਰਿਆਂ ਦੇ ਫਰਸ਼ ਵਿੱਚ 3 ਤੋਂ 4 ਫੁੱਟ ਡੂੰਗੇ ਖੱਡੇ ਅਤੇ ਨਿੱਤ ਵਰਤੋਂ ਦਾ ਸਾਮਾਨ, ਪੇਟੀਆਂ, ਟਰੰਕਾਂ ਵਿੱਚ ਪਾਣੀ ਭਰ ਜਾਣ ਨਾਲ ਕੱਪੜੇ ਬਰਬਾਦ ਹੋ ਗਏ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਮਕਾਨਾਂ ਦੀ ਮੁਰੰਮਤ ਕਰਵਾਉਣ ਤੇ ਝੋਨਾ ਦੁਬਾਰਾ ਲਾਉਣ ਲਈ ਰਾਸ਼ੀ ਜਾਰੀ ਕੀਤੀ ਜਾਵੇ। ਐੱਸਡੀਐੱਮ ਪਾਤੜਾਂ ਨਵਦੀਪ ਕੁਮਾਰ ਨੇ ਕਿਹਾ ਹੈ ਕਿ ਹੋਏ ਨੁਕਸਾਨ ਬਾਰੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਜਦੋਂ ਜਾਰੀ ਹੋਈ ਲੋਕਾਂ ਦੇ ਤੱਕ ਪਹੁੰਚਾ ਦਿੱਤੀ ਜਾਵੇਗੀ।

ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਮੁਆਵਜ਼ੇ ਦੀ ਅਪੀਲ

ਪਟਿਆਲਾ (ਖੇਤਰੀ ਪ੍ਰਤੀਨਿਧ): ਨਿਊ ਪਟਿਆਲਾ ਵੈਲਫੇਅਰ ਕਲੱਬ ਨੇ ਹੜ੍ਹ ਪੀੜਤ ਪਰਿਵਾਰਾਂ ਲਈ ਸਰਕਾਰ ਤੋਂ ਫੌਰੀ ਤੌਰ ’ਤੇ ਢੁਕਵਾਂ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਹੋਈ ਇਕੱਤਰਤਾ ਦੀ ਅਗਵਾਈ ਕਰਦਿਆਂ, ਕਲੱਬ ਦੇ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਜਿਥੇ ਕੇਂਦਰ ਸਰਕਾਰ ਤੋਂ ਪੰਜਾਬ ਲਈ ਹੋਰ ਵਧੇਰੇ ਫੰਡ ਜਾਰੀ ਕਰਨ ਦੀ ਮੰਗ ਕੀਤੀ, ਉਥੇ ਹੀ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਹੜ੍ਹ ਪ੍ਰਭਾਵਿਤ ਹਰੇਕ ਵਰਗ ਦੇ ਲੋਕਾਂ ਨੂੰ ਬਣਦਾ ਅਤੇ ਢੁਕਵਾਂ ਮੁਆਵਜ਼ਾ ਯਕੀਨੀ ਬਣਾਵੇ। ਕਲੱਬ ਦੇ ਪ੍ਰਧਾਨ ਅਰਵਿੰਦਰ ਕਾਕਾ ਨੇ ਕਿਸਾਨਾ ਦੀਆਂ ਕਰੋੜਾਂ ਰੁਪਏ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਸਮੇਤ ਮਜ਼ਦੂਰਾਂ ਨੂੰ ਵੀ ਉਨ੍ਹਾਂ ਦੇ ਵੱਖ ਵੱਖ ਤਰ੍ਹਾਂ ਦੇ ਹੋਏ ਨੁਕਸਾਨ ਦਾ ਹਰਜਾਨਾ ਦੇਣ ’ਤੇ ਜ਼ੋਰ ਦਿੱਤਾ। ਉਨ੍ਹਾਂ ਪਟਿਆਲਾ ਸ਼ਹਿਰ ਦੀਆਂ ਕਈ ਕਲੋਨੀਆਂ ਵਿਚਲੇ ਘਰਾਂ ’ਚ ਆਏ ਪਾਣੀ ਕਾਰਨ ਜਿਹੜੇ ਲੋਕਾਂ ਦਾ ਸਾਮਾਨ ਨੁਕਸਾਨਿਆ ਗਿਆ ਹੈ, ਉਨ੍ਹਾਂ ਲਈ ਮੁਆਵਜ਼ਾ ਮੰਗਿਆ।

Advertisement
Tags :
Author Image

joginder kumar

View all posts

Advertisement