ਜੌਡ਼ਾਮਾਜਰਾ ਨੇ ਬੀਰ ਦਵਿੰਦਰ ਸਿੰਘ ਦੇ ਪਰਿਵਾਰ ਨਾਲ ਦੁੱਖ ਵੰਡਾਇਆ
ਖੇਤਰੀ ਪ੍ਰਤੀਨਿਧ
ਪਟਿਆਲਾ, 1 ਜੁਲਾਈ
ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਆਪਣੀ ਸੰਵੇਦਨਾ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਬੀਰ ਦਵਿੰਦਰ ਸਿੰਘ ਦਾ ਬੇਵਕਤ ਅਕਾਲ ਚਲਾਣਾ ਪਰਿਵਾਰਕ ਮੈਂਬਰਾਂ ਸਮੇਤ ਪੰਜਾਬ ਤੇ ਪੰਜਾਬੀਆਂ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਿਉਂਕਿ ਉਹ ਇੱਕ ਚਾਨਣ ਮੁਨਾਰਾ ਸ਼ਖ਼ਸੀਅਤ ਸਨ। ਮੰਤਰੀ ਨੇ ਉਨ੍ਹਾਂ ਦੇ ਸਪੁੱਤਰ ਐਡਵੋਕੇਟ ਅਨੰਤਬੀਰ ਸਿੰਘ ਸਰਾਓ ਨੂੰ ਕਿਹਾ ਕਿ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿੱਚ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਵਿਦਵਾਨ ਤੇ ਖੋਜੀ ਸਨ ਬੀਰ ਦਵਿੰਦਰ ਸਿੰਘ: ਪ੍ਰੋ. ਬਡੂੰਗਰ
ਬੀਰ ਦਵਿੰਦਰ ਸਿੰਘ ਉੱਘੇ ਵਿਦਵਾਨ ਤੇ ਖੋਜੀ ਸੋਚ ਵਾਲੇ ਵਿਅਕਤੀ ਸਨ: ਪ੍ਰੋ. ਬਡੂੰਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦੇ ਬੇਵਕਤੀ ਅਕਾਲ-ਚਲਾਣੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਬੀਰ ਦਵਿੰਦਰ ਸਿੰਘ ਉੱਘੇ ਵਿਦਵਾਨ, ਪ੍ਰਭਾਵਸ਼ਾਲੀ ਬੁਲਾਰੇ ਅਤੇ ਖੋਜੀ ਸੋਚ ਵਾਲੇ ਵਿਅਕਤੀ ਸਨ। ਉਨ੍ਹਾਂ ਕਿਹਾ ਕਿ ਬੀਰ ਦਵਿੰਦਰ ਸਿੰਘ ਦੇ ਤੁਰ ਜਾਣ ਨਾਲ ਕੇਵਲ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਸਗੋਂ, ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਦੇ ਸਬੰਧ ਵਿੱਚ ਬੀਰ ਦਵਿੰਦਰ ਸਿੰਘ ਵੱਲੋਂ ਆਪਣੇ ਤੱਥਾਂ ਨਾਲ ਖੋਜ ਕਰ ਕੇ ਕਿਹਾ ਗਿਆ ਸੀ ਕਿ ਛੋਟੇ ਸਹਿਬਜ਼ਾਦਿਆਂ ਨੂੰ ਫਤਹਿਗੜ੍ਹ ਸਾਹਿਬ ਵਿਖੇ ਮੁਗਲ ਹਕੂਮਤ ਵੱਲੋਂ ਖੂਹ ਵਿੱਚ ਵੀ ਲਟਕਾਇਆ ਗਿਆ ਸੀ ਤੇ ਨਾਲ ਹੀ ਦਰੱਖਤਾਂ ਨਾਲ ਬੰਨ੍ਹ ਕੇ ਉਨ੍ਹਾਂ ਦੇ ਗੁਲੇਲੇ ਵੀ ਮਾਰੇ ਗਏ ਸਨ। ਉਨ੍ਹਾਂ ਦੱਸਿਆ ਕਿ ਬੀਰ ਦਵਿੰਦਰ ਸਿੰਘ ਨੇ ਇਤਿਹਾਸਕ ਤੱਥਾਂ ਤੋਂ ਇਹ ਗੱਲ ਵੀ ਉਭਾਰ ਕੇ ਸਾਹਮਣੇ ਲਿਆਂਦੀ ਸੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਗਲ ਹਕੂਮਤ ਵੱਲੋਂ ਲਗਭਗ 3 ਮਹੀਨੇ ਤੋਂ ਵੱਧ ਸਮਾਂ ਬੱਸੀ ਪਠਾਣਾਂ ਦੀ ਜੇਲ੍ਹ ਵਿੱਚ ਕੈਦ ਰੱਖਿਆ ਗਿਆ ਸੀ, ਜਿਸ ਸਬੰਧੀ ਉਹ ਆਮ ਚਰਚਾਵਾਂ ਵੀ ਕਰਦੇ ਰਹਿੰਦੇ ਸਨ।