ਜੌੜਾਮਾਜਰਾ ਵੱਲੋਂ ਡੈੱਨਮਾਰਕ ਦੇ ਰਾਜਦੂਤ ਨਾਲ ਮੁਲਾਕਾਤ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਜੁਲਾਈ
ਪੰਜਾਬ ਦੇ ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਨਵੀਂ ਦਿੱਲੀ ਵਿੱਚ ਰੌਇਲ ਡੈਨਿਸ਼ ਅੰਬੈਸੀ ਦੇ ਰਾਜਦੂਤ ਫਰੈਡੀ ਸਵੈਨ ਨਾਲ ਮੁਲਾਕਾਤ ਕੀਤੀ। ਜੌੜਾਮਾਜਰਾ ਤੇ ਸਵੈਨ ਨੇ ਪੰਜਾਬ ਤੇ ਡੈੱਨਮਾਰਕ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵਪਾਰ ਲਈ ਸੰਭਾਵੀ ਸਹਿਯੋਗ ਬਾਰੇ ਗੱਲਬਾਤ ਕੀਤੀ ਹੈ। ਮੀਟਿੰਗ ਦੌਰਾਨ ਦੋਵਾਂ ਆਗੂਆਂ ਨੇ ਟਿਕਾਊ ਖੇਤੀ ਅਤੇ ਬਾਗ਼ਬਾਨੀ ਖੇਤਰ ’ਚ ਨਵੀਨ ਤਕਨੀਕਾਂ, ਫੂਡ ਪ੍ਰੋਸੈਸਿੰਗ, ਬਾਇਓਗੈਸ ਖੇਤਰ ਦੇ ਵਿਕਾਸ, ਧਰਤੀ ਹੇਠਲੇ ਪਾਣੀ ਦੇ ਪ੍ਰਬੰਧਨ, ਕੁਸ਼ਲ ਸਿੰਜਾਈ ਤਕਨੀਕਾਂ, ਜਲ ਸੰਭਾਲ ਉੱਦਮਾਂ ਅਤੇ ਡੇਅਰੀ ਖੇਤਰ ਵਿੱਚ ਸਹਿਯੋਗ ਬਾਰੇ ਵਿਚਾਰ-ਚਰਚਾ ਕੀਤੀ।
ਬਾਗ਼ਬਾਨੀ ਮੰਤਰੀ ਨੇ ਪੰਜਾਬ ਦੀ ਅਮੀਰ ਵਿਰਾਸਤ ਖੇਤੀ ਅਤੇ ਬਾਗ਼ਬਾਨੀ ਖੇਤਰ ਦੇ ਆਧੁਨਿਕੀਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਕੌਮਾਂਤਰੀ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਲਈ ਵਚਨਬੱਧ ਹੈ, ਜੋ ਸੂਬੇ ਦੇ ਖੇਤੀ ਤੇ ਆਰਥਿਕ ਵਿਕਾਸ ਵਿੱਚ ਵੱਡੇ ਪੱਧਰ ’ਤੇ ਯੋਗਦਾਨ ਪਾ ਸਕਦੀਆਂ ਹਨ।
ਡੈਨਿਸ਼ ਰਾਜਦੂਤ ਸਵੈਨ ਨੇ ਟਿਕਾਊ ਖੇਤੀ ਤਕਨੀਕਾਂ, ਨਵਿਆਉਣਯੋਗ ਊਰਜਾ ਤਕਨੀਕਾਂ ਅਤੇ ਜਲ ਪ੍ਰਬੰਧਨ ਵਿੱਚ ਡੈੱਨਮਾਰਕ ਦੀ ਮੁਹਾਰਤ ਬਾਰੇ ਚਾਨਣਾ ਪਾਇਆ ਅਤੇ ਪੰਜਾਬ ਨਾਲ ਸੰਭਾਵੀ ਸਹਿਯੋਗ ਵਿੱਚ ਡੂੰਘੀ ਦਿਲਚਸਪੀ ਦਿਖਾਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਅਤੇ ਡੈੱਨਮਾਰਕ ਦਰਮਿਆਨ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਗਲੇ ਦਿਨਾਂ ਦੌਰਾਨ ਫਰੈਡੀ ਸਵੈਨ ਦੀ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਕਰਵਾਉਣਗੇ।