ਭਾਰਤ ਵਿਚ ਜੌਬ ਮਾਰਕੀਟ ਨੂੰ ਹੁਲਾਰੇ ਦੀ ਲੋੜ: ਰਾਜਨ
ਦਾਵੋੋਸ, 21 ਜਨਵਰੀ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਭਾਰਤ ਵਿਚ ਬੁਨਿਆਦੀ ਢਾਂਚਾ ਖੇਤਰ ਵਿਚ ਕੀਤੇ ਬਹੁਤ ਸਾਰੇ ਚੰਗੇ ਕੰਮਾਂ ਲਈ ਮੋਦੀ ਸਰਕਾਰ ਦੀ ਤਾਰੀਫ਼ ਕਰਦਿਆਂ ਆਸ ਜਤਾਈ ਕਿ ਅਗਾਮੀ ਬਜਟ ਵਿਚ ਰੁਜ਼ਗਾਰ ਮਾਰਕੀਟ ਨੂੰ ਹੁਲਾਰਾ ਦੇਣ ਲਈ ਕੁਝ ਠੋਸ ਕਦਮ ਚੁੱਕੇ ਜਾਣਗੇ। ਇਥੇ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਬੈਠਕ ਵਿਚ ਅਮਰੀਕੀ ਡਾਲਰ ਬਾਰੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਜਨ ਨੇ ਕਿਹਾ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪੱਈਏ ਦੀ ਕੀਮਤ 85 ਰੁਪਏ ਦੇ ਪੱਧਰ ਦੇ ਨੇੜੇ ਆਉਣਾ ਕਿਸੇ ਘਰੇਲੂ ਕਾਰਕ ਦੀ ਬਜਾਏ ਅਮਰੀਕੀ ਮੁਦਰਾ ਦੀ ਮਜ਼ਬੂਤੀ ਕਾਰਨ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਮੋਰਚੇ ’ਤੇ ਬਹੁਤ ਵਧੀਆ ਕੰਮ ਕੀਤਾ ਹੈ, ਪਰ ਦੂਜਾ ਮੁੱਖ ਥੰਮ੍ਹ ਜਿਸ ਦੀ ਖਪਤ ਵਧਾਉਣ ਦੀ ਲੋੜ ਹੈ, ਉਹ ਹੈ ਰੁਜ਼ਗਾਰ ਦੀ ਮਾਰਕੀਟ। ਉਨ੍ਹਾਂ ਕਿਹਾ ਕਿ ਭਾਰਤ 6 ਫੀਸਦ ਦੀ ਦਰ ਨਾਲ ਵਿਕਾਸ ਕਰ ਰਿਹਾ ਹੈ, ਜੋ ਅਸਲ ਵਿੱਚ ਬਹੁਤ ਵਧੀਆ ਹੈ ਪਰ ਜਦੋਂ ਅਸੀਂ ਪ੍ਰਤੀ ਵਿਅਕਤੀ ਅੰਕੜਿਆਂ ਨੂੰ ਦੇਖਦੇ ਹਾਂ, ਤਾਂ ਇਸ ਨੂੰ ਬਹੁਤ ਤੇਜ਼ੀ ਨਾਲ ਵਿਕਾਸ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਜੌਬ ਮਾਰਕੀਟ ਨੂੰ ਫੌਰੀ ਹੁਲਾਰਾ ਦੇਣ ਦੀ ਲੋੜ ਹੈ, ਅਗਲੇ ਕੁਝ ਦਿਨਾਂ ਵਿੱਚ ਕੇਂਦਰੀ ਬਜਟ ਆਉਣ ਵਾਲਾ ਹੈ ਅਤੇ ਉਮੀਦ ਹੈ ਕਿ ਅਸੀਂ ਉੱਥੇ ਕੁਝ ਦੇਖਾਂਗੇ।’’ -ਪੀਟੀਆਈ