ਜੇਐੱਨਯੂ ਵਿਦਿਆਰਥੀ ਚੋਣਾਂ: ਖੱਬੀਆਂ ਧਿਰਾਂ ਵੱਲੋਂ ਹੂੰਝਾ ਫੇਰੂ ਜਿੱਤ
ਪੱਤਰ ਪ੍ਰੇਰਕ/ਪੀਟੀਆਈ
ਨਵੀਂ ਦਿੱਲੀ, 26 ਮਾਰਚ
ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਗਠਨ (ਜੇਐੱਨਯੂਐੱਸਯੂ) ਚੋਣਾਂ ਵਿੱਚ ਯੂਨਾਈਟਿਡ ਲੈਫਟ ਪੈਨਲ ਨੇ ਆਪਣੇ ਨੇੜਲੇ ਵਿਰੋਧੀ ਆਰਐੱਸਐੱਸ ਹਮਾਇਤੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਨੂੰ ਸਾਰਿਆਂ ਅਹੁਦਿਆਂ ’ਤੇ ਕਰਾਰੀ ਹਾਰ ਦਿੱਤੀ ਹੈ। ਇਨ੍ਹਾਂ ਚੋਣ ਨਤੀਜਿਆਂ ਮਗਰੋਂ ਯੂਨੀਵਰਸਿਟੀ ਨੂੰ ਤਿੰਨ ਦਹਾਕਿਆਂ ਮਗਰੋਂ ਆਪਣਾ ਪਹਿਲਾ ਦਲਿਤ ਪ੍ਰਧਾਨ ਮਿਲਿਆ ਜੋ ਖੱਬੇ ਪੱਖੀ ਹਮਾਇਤੀ ਗਰੁੱਪ ਤੋਂ ਹੈ। ਚਾਰ ਸਾਲਾਂ ਮਗਰੋਂ ਹੋਈਆਂ ਚੋਣਾਂ ’ਚ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਧਨੰਜੈ ਨੇ 2598 ਵੋਟਾਂ ਹਾਸਲ ਕਰਕੇ ਜੇਐੱਨਯੂਐੱਸਯੂ ਦੇ ਪ੍ਰਧਾਨ ਦੇ ਅਹੁਦੇ ’ਤੇ ਜਿੱਤ ਦਰਜ ਕੀਤੀ ਜਦਕਿ ਏਬੀਵੀਪੀ ਦੇ ਉਮੇਸ਼ ਸੀ ਅਜਮੀਰਾ ਨੇ 1676 ਵੋਟਾਂ ਹਾਸਲ ਕੀਤੀਆਂ। ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐੱਸਐੱਫਆਈ) ਦੇ ਅਵਿਜੀਤ ਘੋਸ਼ ਨੇ ਏਬੀਵੀਪੀ ਦੀ ਦੀਪਿਕਾ ਸ਼ਰਮਾ ਨੂੰ 927 ਵੋਟਾਂ ਨਾਲ ਹਰਾ ਕੇ ਮੀਤ ਪ੍ਰਧਾਨ ਦਾ ਅਹੁਦਾ ਜਿੱਤਿਆ। ਖੱਬੇ ਪੱਖੀ ਹਮਾਇਤੀ ਅੰਬੇਡਕਰੀ ਜਥੇਬੰਦੀ ਬਿਰਸਾ ਅੰਬੇਡਕਰ ਫੂਲੇ ਸਟੂਡੈਂਟਸ ਐਸੋਸੀਏਸ਼ਨ (ਬਾਪਸਾ) ਉਮੀਦਵਾਰ ਪ੍ਰਿਯਾਂਸ਼ੀ ਆਰੀਆ ਨੇ ਏਬੀਵੀਪੀ ਦੇ ਅਜਰੁਨ ਆਨੰਦ ਨੂੰ 926 ਵੋਟਾਂ ਨਾਲ ਹਰਾ ਕੇ ਜਨਰਲ ਸਕੱਤਰ ਦੀ ਚੋਣ ਜਿੱਤੀ। ਯੂਨਾਈਟਿਡ ਲੈਫਟ ਨੇ ਆਰੀਆ ਨੂੰ ਉਦੋਂ ਹਮਾਇਤ ਦਿੱਤੀ ਸੀ ਜਦੋਂ ਚੋਣ ਕਮੇਟੀ ਨੇ ਉਸ ਦੀ ਉਮੀਦਵਾਰ ਸਵਾਤੀ ਸਿੰਘ ਦੇ ਨਾਮਜ਼ਦਗੀ ਕਾਗਜ਼ ਰੱਦ ਕਰ ਦਿੱਤੇ ਸਨ। ਸੰਯੁਕਤ ਸਕੱਤਰ ਦੀ ਚੋਣ ਵਿੱਚ ਖੱਬੇ ਪੱਖੀ ਸਮੂਹ ਦੇ ਮੁਹੰਮਦ ਸਾਜਿਦ ਨੇ ਏਬੀਵੀਪੀ ਦੇ ਗੋਵਿੰਦ ਡਾਂਗੀ ਨੂੰ 508 ਵੋਟਾਂ ਨਾਲ ਹਰਾਇਆ।
ਚੋਣ ਜਿੱਤਣ ਮਗਰੋਂ ਧਨੰਜੈ ਨੇ ਕਿਹਾ ਕਿ ਇਹ ਜੇਐੱਨਯੂ ਦੇ ਵਿਦਿਆਰਥੀਆਂ ਦਾ ਇਸ ਗੱਲ ਨੂੰ ਲੈ ਕੇ ਫਤਵਾ ਹੈ ਕਿ ਉਹ ਨਫਰਤ ਤੇ ਹਿੰਸਾ ਦੀ ਰਾਜਨੀਤੀ ਨੂੰ ਖਾਰਜ ਕਰਦੇ ਹਨ। ਚੋਣਾਂ ਵਿੱਚ ਯੂਨਾਈਟਿਡ ਲੈਫਟ ਪੈਨਲ ਦੀ ਸ਼ਾਨਦਾਰ ਜਿੱਤ ਮਗਰੋਂ ਯੂਨੀਵਰਸਿਟੀ ਕੈਂਪਸ ਵਿੱਚ ਜਸ਼ਨ ਮਨਾਏ ਗਏ। ਆਇਸਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਚਾਰ ਸਾਲਾਂ ਬਾਅਦ ਹੋਈ ਇਸ ਚੋਣ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਜਮਹੂਰੀਅਤ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।