ਜੇਐੱਮਐੱਮ ਦਾ ਗੱਠਜੋੜ ਫੋਕਾ ਪਟਾਕਾ, ਭਾਜਪਾ ਤਾਕਤਵਰ ਰਾਕੇਟ: ਰਾਜਨਾਥ
ਰਾਂਚੀ, 5 ਨਵੰਬਰ
ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਹੇਠਲੇ ਗੱਠਜੋੜ ਨੂੰ ਦੀਵਾਲੀ ਦੇ ਫੋਕੇ ਪਟਾਕੇ ਕਰਾਰ ਦਿੰਦਿਆਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਇੱਕ ਤਾਕਤਵਰ ਰਾਕੇਟ ਹੈ ਜੋ ਝਾਰਖੰਡ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਵੇਗੀ।
ਉਨ੍ਹਾਂ ਰਾਂਚੀ ਦੇ ਹਟੀਆ ’ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਕਰੀਬੀ ਰਹੇ ਮੰਡਲ ਮੁਰਮੂ ਦੇ ਜੇਐੱਮਐੱਮ ਦੇ ਡੁੱਬਦੇ ਜਹਾਜ਼ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਸੂਬੇ ’ਚ ਕੌਣ ਸਰਕਾਰ ਬਣਾਏਗਾ। ਉਨ੍ਹਾਂ ਕਿਹਾ, ‘ਦੀਵਾਲੀ ਦਾ ਤਿਉਹਾਰ ਹੁਣੇ-ਹੁਣੇ ਮੁਕੰਮਲ ਹੋਇਆ ਹੈ। ਜੇਐੱਮਐੱਮ, ਕਾਂਗਰਸ ਤੇ ਆਰਜੇਡੀ ਹੁਣ ਦੀਵਾਲੀ ਦੇ ਫੋਕੇ ਪਟਾਕੇ ਹਨ। ਭਾਜਪਾ ਇੱਕ ਤਾਕਤਵਰ ਰਾਕੇਟ ਹੈ ਜੋ ਇਕੱਲਿਆਂ ਹੀ ਝਾਰਖੰਡ ਨੂੰ ਨਵੀਂ ਬੁਲੰਦੀ ’ਤੇ ਲਿਜਾਵੇਗੀ।’
ਸੂਬੇ ਦੀ ਹਾਕਮ ਧਿਰ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਜੇਐੱਮਐੱਮ ਦਾ ਮਤਲਬ ‘ਜੰਮ ਕੇ ਮਲਾਈ ਮਾਰੋ’ ਹੈ। ਉਨ੍ਹਾਂ ਦੋਸ਼ ਲਾਇਆ ਕਿ ਜੇਐੱਮਐੱਮ ਕਬਾਇਲੀਆਂ ਦਾ ਲਹੂ ਪੀਂਦਾ ਹੈ ਅਤੇ ਉਨ੍ਹਾਂ ਦੇ ਹਿੱਤਾਂ ਖ਼ਿਲਾਫ਼ ਕੰਮ ਕਰਦਾ ਹੈ। ਉਨ੍ਹਾਂ ਕਿਹਾ, ‘ਮੈਂ ਹੇਮੰਤ ਸੋਰੇਨ ਤੋਂ ਪੁੱਛਦਾ ਹਾਂ ਕਿ ਘੁਸਪੈਠੀਏ ਝਾਰਖੰਡ ’ਚ ਕਿਉਂ ਆ ਰਹੇ ਹਨ? ਸੂਬੇ ਦੀ ਕਬਾਇਲੀ ਅਬਾਦੀ ਘੱਟ ਕੇ 28 ਫੀਸਦ ਕਿਉਂ ਰਹਿ ਗਈ ਹੈ?’ ਉਨ੍ਹਾਂ ਕਿਹਾ, ‘ਅਸੀਂ ਘੁਸਪੈਠ ’ਤੇ ਠੱਲ੍ਹ ਪਾਵਾਂਗੇ ਅਤੇ ਘੁਸਪੈਠੀਆਂ ਵੱਲੋਂ ਹੜੱਪੀ ਗਈ ਜ਼ਮੀਨ ਵਾਪਸ ਦਿਵਾਵਾਂਗੇ।’ ਉਨ੍ਹਾਂ ਕਿਹਾ ਕਿ ਝਾਰਖੰਡ ਦੀ ਮਾੜੀ ਹਾਲਤ ਪਿੱਛੇ ਜੇਐੱਮਐੱਮ ਦੀ ਅਗਵਾਈ ਹੇਠਲਾ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਜੇਐੱਮਐੱਮ ਦੀ ਅਗਵਾਈ ਹੇਠਲਾ ਗੱਠਜੋੜ ਆਪਣਾ ਸਾਮਰਾਜ ਬਣਾਉਣ ’ਚ ਯਕੀਨ ਰੱਖਦਾ ਹੈ ਜਦਕਿ ਭਾਜਪਾ ਸਾਰਿਆਂ ਦੇ ਵਿਕਾਸ ਲਈ ਕੰਮ ਕਰਦੀ ਹੈ। -ਪੀਟੀਆਈ
ਭਾਜਪਾ ਨੇ 30 ਬਾਗੀ ਆਗੂਆਂ ਨੂੰ ਪਾਰਟੀ ’ਚੋਂ ਕੱਢਿਆ
ਰਾਂਚੀ: ਭਾਜਪਾ ਨੇ ਝਾਰਖੰਡ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ’ਚ ਵੱਖ-ਵੱਖ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਖ਼ਿਲਾਫ਼ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ 30 ਆਗੂਆਂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਪਾਰਟੀ ਨੇ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਭਾਜਪਾ ਦੇ ਸਾਰੇ ਬਾਗ਼ੀ ਆਗੂਆਂ ਨੂੰ ਛੇ ਸਾਲਾਂ ਲਈ ਪਾਰਟੀ ਵਿਚੋਂ ਕੱਢਿਆ ਗਿਆ ਹੈ। ਬਿਆਨ ’ਚ ਕਿਹਾ ਗਿਆ, ‘‘ਭਾਜਪਾ ਨੇ ਤੀਹ ਬਾਗ਼ੀ ਆਗੂਆਂ ਨੂੰ ਨਾਮਜ਼ਦਗੀਆਂ ਦਾਖਲ ਕਰਵਾਉਣ ਅਤੇ ਪਾਰਟੀ ਦੀਆਂ ਨੀਤੀਆਂ ਦੀ ਉਲੰਘਣਾ ਕਰਕੇ ਅਧਿਕਾਰਤ ਉਮੀਦਵਾਰਾਂ ਖ਼ਿਲਾਫ਼ ਚੋਣ ਲੜਨ ਕਾਰਨ ਛੇ ਸਾਲਾਂ ਲਈ ਪਾਰਟੀ ’ਚੋਂ ਕੱਢ ਦਿੱਤਾ ਹੈ।’’ -ਪੀਟੀਆਈ