For the best experience, open
https://m.punjabitribuneonline.com
on your mobile browser.
Advertisement

JK-ROPEWAY-VAISHNO DEVI ਕੱਟੜਾ ਵਿਚ ਵੈਸ਼ਨੂ ਦੇਵੀ ਰੋਪਵੇਅ ਪ੍ਰਾਜੈਕਟ ਖਿਲਾਫ਼ ਰੈਲੀ

10:43 PM Dec 15, 2024 IST
jk ropeway vaishno devi ਕੱਟੜਾ ਵਿਚ ਵੈਸ਼ਨੂ ਦੇਵੀ ਰੋਪਵੇਅ ਪ੍ਰਾਜੈਕਟ ਖਿਲਾਫ਼ ਰੈਲੀ
Advertisement
ਜੰਮੂ, 15 ਦਸੰਬਰ
ਮਾਤਾ ਵੈਸ਼ਨੂ ਦੇਵੀ ਨੂੰ ਜਾਂਦੇ ਰਾਹ (ਟਰੈਕ) ਉੱਤੇ ਰੋਪਵੇਅ ਲਾਉਣ ਦੇ ਫੈਸਲੇ ਖਿਲਾਫ਼ ਸੈਂਕੜੇ ਲੋਕਾਂ ਨੇ ਅੱਜ ਇਥੇ ਕੱਟੜਾ ਦੇ ਮੁੱਖ ਬਾਜ਼ਾਰ ਵਿਚ ਸ਼ਰਾਈਨ ਬੋਰਡ ਖਿਲਾਫ਼ ਕੱਢੀ ਰੈਲੀ ਵਿਚ ਸ਼ਮੂਲੀਅਤ ਕੀਤੀ। ਕੱਟੜਾ, ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਪੈਂਦੇ ਮਾਤਾ ਵੈਸ਼ਨੂ ਦੇਵੀ ਮੰਦਰ ਨੂੰ ਜਾਣ ਲਈ ਬੇਸ ਕੈਂਪ ਹੈ। ਸ਼ਾਲੀਮਾਰ ਪਾਰਕ ਤੋਂ ਸ਼ੁਰੂ ਹੋਈ ਰੈਲੀ ਵਿਚ ਸਾਬਕਾ ਮੰਤਰੀ ਜੁਗਲ ਕਿਸ਼ੋਰ ਸ਼ਰਮਾ ਨੇ ਵੀ ਸ਼ਮੂਲੀਅਤ ਕੀਤੀ। ਬੱਸ ਅੱਡੇ ਉੱਤੇ ਜਾ ਕੇ ਸਮਾਪਤ ਹੋਈ ਰੈਲੀ ਵਿੱਚ ਸ਼ਾਮਲ ਲੋਕਾਂ ਨੇ ਮੰਗ ਕੀਤੀ ਕਿ ਰੋਪਵੇਅ ਪ੍ਰਾਜੈਕਟ ਦਾ ਵਿਰੋਧ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਿਚਾਲੇ ਹੋਈ ਝੜਪ ਮਗਰੋਂ ਪਿਛਲੇ ਮਹੀਨੇ ਦਰਜ ਕੇਸ ਦੇ ਸਬੰਧ ਵਿਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੂੰ ਰਿਹਾਅ ਕੀਤਾ ਜਾਵੇ। ਰੋਪਵੇਅ ਪ੍ਰਾਜੈਕਟ ਖਿਲਾਫ਼ ਅੰਦੋਲਨ ਦੀ ਮੂਹਰੇ ਹੋ ਕੇ ਅਗਵਾਈ ਕਰ ਰਹੀ ਸ੍ਰੀ ਮਾਤਾ ਵੈਸ਼ਨੂੰ ਦੇਵੀ ਸੰਘਰਸ਼ ਸਮਿਤੀ ਨੇ ਆਪਣੀਆਂ ਮੰਗਾਂ ਦੀ ਹਮਾਇਤ ਵਿਚ 18 ਦਸੰਬਰ ਨੂੰ ਬੰਦ ਦਾ ਸੱਦਾ ਦਿੱਤਾ ਹੈ। ਸਮਿਤੀ ਦੇ ਇਕ ਆਗੂ ਨੇ ਕਿਹਾ ਕਿ ਭਵਿੱਖੀ ਰਣਨੀਤੀ ਬਾਰੇ ਫੈਸਲਾ ਉਸੇ ਸ਼ਾਮ ਨੂੰ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੈਸ਼ਨੂ ਦੇਵੀ ਮੰਦਰ ਨੂੰ ਜਾਂਦੇ ਟਰੈਕ ਉੱਤੇ ਕੰਮ ਕਰਦੇ ਦੁਕਾਨਦਾਰਾਂ, ਮਜ਼ਦੂਰਾਂ ਤੇ ਹੋਰਨਾਂ ਨੇ ਆਪਣੀ ਰੋਜ਼ੀ ਰੋਟੀ ਖੁੱਸਣ ਦੇ ਡਰੋਂ ਪ੍ਰਾਜੈਕਟ ਦੇ ਵਿਰੋਧ ਵਿਚ ਚਾਰ ਦਿਨ ਰੋਸ ਪ੍ਰਦਰਸ਼ਨ ਕੀਤਾ ਸੀ। ਚੇਤੇ ਰਹੇ ਕਿ ਸ਼ਰਾਈਨ ਬੋਰਡ ਨੇ ਤਾਰਾਕੋਟ ਮਾਰਗ ਤੋਂ ਸਾਂਝੀ ਛੱਤ ਤੱਕ 12 ਕਿਲੋਮੀਟਰ ਲੰਮੇ ਰੂਟ ਦੇ ਨਾਲ ਨਾਲ ਪੈਸੰਜਰ ਰੋਪਵੇਅ ਪ੍ਰਾਜੈਕਟ ਲਾਉਣ ਦਾ ਫੈਸਲਾ ਕੀਤਾ ਸੀ। ਇਸ ਪ੍ਰਾਜੈਕਟ ਉੱਤੇ 250 ਕਰੋੜ ਦੀ ਲਾਗਤ ਆਉਣੀ ਹੈ। ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਸਾਡਾ ਮੰਨਣਾ ਹੈ ਕਿ ਇਹ ਪ੍ਰਾਜੈਕਟ ਗਲਤ ਹੈ ਅਤੇ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੇ ਨਾਲ ਸਾਰੇ ਸਬੰਧਤ ਭਾਈਵਾਲਾਂ ਨੂੰ ਬੇਰੁਜ਼ਗਾਰ ਕਰਨ ਵਾਂਗ ਹੈ। ਅਸੀਂ ਇਸ ਮੁੱਦੇ ’ਤੇ ਉਪ ਰਾਜਪਾਲ ਵੱਲੋਂ ਡਿਵੀਜ਼ਨਲ ਕਮਿਸ਼ਨਰ ਦੀ ਅਗਵਾਈ ਹੇਠ ਬਣਾਈ ਕਮੇਟੀ ਨੂੰ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਾਂ।’’ ਸਾਬਕਾ ਮੰਤਰੀ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਸ਼ਰਾਈਨ ਬੋਰਡ ਦੇ ਨਹੀਂ ਬਲਕਿ ਰੋਪਵੇਅ ਪ੍ਰਾਜੈਕਟ ਦੇ ਖਿਲਾਫ਼ ਹਨ। ਉਨ੍ਹਾਂ ਕਿਹਾ, ‘‘ਕੇਂਦਰ ਸਰਕਾਰ ਤੇ ਉਪ ਰਾਜਪਾਲ ਫੌਰੀ ਇਸ ਪ੍ਰਾਜੈਕਟ ’ਤੇ ਰੋਕ ਲਾਉਣ ਕਿਉਂਕਿ ਸਾਡਾ ਮੰਨਣਾ ਹੈ ਕਿ ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਯਾਤਰਾ ਬਲਕਿ ਕੱਟੜਾ ਨੂੰ ਵੀ ਵਿੱਤੀ ਸੱਟ ਵੱਜੇਗੀ।’’ ਸ਼ਰਮਾ ਨੇ ਕਿਹਾ, ‘‘ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ 15 ਦਸੰਬਰ ਤੱਕ ਮਸਲੇ ਦਾ ਹੱਲ ਕੱਢਿਆ ਜਾਵੇਗਾ, ਪਰ ਕੁਝ ਨਹਂੀਂ ਹੋਇਆ। ਉਨ੍ਹਾਂ ਐੱਫਆਈਆਰ ਖਾਰਜ ਕੀਤੇ ਜਾਣ ਦੀ ਸਾਡੀ ਮੰਗ ਵੀ ਨਹੀਂ ਮੰਨੀ ਤੇ ਉਲਟਾ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ।’’ ਉਨ੍ਹਾਂ ਜੰਮੂ ਚੈਂਬਰ ਆਫ਼ ਕਾਮਰਸ ਤੇ ਜੰਮੂ ਬਾਰ ਐਸੋਸੀਏਸ਼ਨ ਤੋਂ ਵੀ ਹਮਾਇਤ ਮੰਗੀ। ਉਧਰ ਵੈਸ਼ਨੂ ਦੇਵੀ ਟਰੈੱਕ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਜਮਵਾਲ ਨੇ ਕਿਹਾ ਕਿ ਸਮਿਤੀ ਦੇ ਪੰਜ ਮੈਂਬਰ 18 ਦਸੰਬਰ ਨੂੰ ਕੱਟੜਾ ਬੰਦ ਦੌਰਾਨ ਭੁੱਖ ਹੜਤਾਲ ਉੱਤੇ ਬੈਠਣਗੇ। -ਪੀਟੀਆਈ
Advertisement
Advertisement
Author Image

Advertisement