ਸੱਤਾ ਪ੍ਰਾਪਤੀ ਲਈ ਭਾਜਪਾ ਦੀ ਗੋਦ ’ਚ ਬੈਠੀ ਜਜਪਾ: ਸੁਰਜੇਵਾਲਾ
ਮਹਾਂਵੀਰ ਮਿੱਤਲ
ਜੀਂਦ, 11 ਜੁਲਾਈ
ਕਾਂਗਰਸ ਦੇ ਰਾਜ ਸਭਾ ਦੇ ਮੈਂਬਰ ਅਤੇ ਕਾਂਗਰਸ ਦੇ ਰਾਸਟਰੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਹੈ ਕਿ ਜਨਿ੍ਹਾਂ ਲੋਕਾਂ ਨੇ ਨਵੀਂ ਪਾਰਟੀ ਨੂੰ ਭਾਜਪਾ ਦੇ ਖ਼ਿਲਾਫ਼ ਵੋਟ ਦੇ ਕੇ ਸਫਲ ਕੀਤਾ ਸੀ, ਉਹ ਉਚਾਨਾ ਦੇ ਲੋਕਾਂ ਨਾਲ ਵਿਸਾਹਘਾਤ ਕਰਕੇ ਭਾਜਪਾ ਦੀ ਗੋਦ ਵਿੱਚ ਜਾ ਬੈਠੇ। ਸੁਰਜੇਵਾਲਾ ਉਚਾਨਾ ਦੇ ਹਨੂਮਾਨ ਮੰਦਰ ਵਿੱਚ ਕਾਂਗਰਸ ਦੇ ‘ਹੱਥ ਨਾਲ ਹੱਥ ਜੋੜੋ’ ਪ੍ਰੋਗਰਾਮ ਵਿੱਚ ਕਿਹਾ ਕਿ ਜਜਪਾ ਨੇ ਉਚਾਨਾ ਅਤੇ ਹਰਿਆਣਾ ਦੀ ਵੋਟ ਵੇਚਣ ਦਾ ਕੰਮ ਕੀਤਾ ਅਤੇ ਸੱਤਾ ਦੀ ਮਲਾਈ ਅੱਜ ਦੁਸ਼ਿਅੰਤ ਚੌਟਾਲਾ ਖਾ ਰਹੇ ਹਨ। ਸੁਰਜੇਵਾਲਾ ਨੇ ਦੁਸ਼ਿਅੰਤ ’ਤੇ ਟਿੱਪਣੀ ਕਰਦਿਆਂ ਕਿਹਾ, ‘‘ਕਰੋਨਾ ਦੇ ਸਮੇਂ ਵਿੱਚ ਜਦੋਂ ਅਸੀਂ ਲੋਕਾਂ ਦੀ ਮਦਦ ਲਈ ਜਾ ਰਹੇ ਸੀ ਤਾਂ ਉਸ ਵੇਲੇ ਇੱਕ ਵਿਅਕਤੀ, ਜੋ ਅੱਜ ਸੱਤਾ ਵਿੱਚ ਹੈ, ਸ਼ਰਾਬ ਵੇਚਕੇ ਰੁਪਏ ਕਮਾਉਣ ਵਿੱਚ ਲੱਗਿਆ ਹੋਇਆ ਸੀ। ਕਰੋਨਾ ਦੇ ਸਮੇਂ ਵਿੱਚ ਉਹ ਦੋ ਸਾਲ ਤੱਕ ਉਚਾਨਾ ਵਿੱਚ ਨਹੀਂ ਆਏ। ਕਿਸਾਨਾਂ ਦੇ ਨਾਮ ’ਤੇ ਵੋਟ ਲਏ ਪਰ ਬੈਠ ਭਾਜਪਾ ਦੀ ਗੋਦ ਵਿੱਚ ਗਏ। ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ, ਪਰ ਦੁਸ਼ਿਅੰਤ ਨੇ ਇੱਕ ਸ਼ਬਦ ਵੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਬੋਲਿਆ।’’ ਉਨ੍ਹਾਂ ਕਿਹਾ, ‘‘ਜੇਕਰ ਦੁਸ਼ਿਅੰਤ ਖੁਦ ਨੂੰ ਕਿਸਾਨ ਹਿਤੈਸ਼ੀ ਮੰਨਦੇ ਹਨ ਤਾਂ ਉਨ੍ਹਾਂ ਅੰਦੋਲਨ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ?’’
ਇੱਕਜੁਟ ਹੋਣਾ ਵਿਰੋਧੀ ਧਿਰ ਦੀ ਮਜਬੂਰੀ: ਅਭੈ ਸਿੰਘ
ਜੀਂਦ: ਇਨੈਲੋ ਵਿਧਾਇਕ ਅਭੈ ਸਿੰਘ ਚੌਟਾਲਾ ਆਪਣੀ ‘ਪਰਿਵਰਤਨ ਯਾਤਰਾ’ ਤਹਿਤ ਉਚਾਨਾ ਮੰਡੀ ਤੋਂ ਪਾਲਵਾਂ, ਕਰਸਿੰਧੂ, ਘੋਗੜੀਆਂ, ਕੁਚਰਾਨਾ ਕਲਾਂ, ਕੁਚਰਾਨਾ ਖੁਰਦ ਅਤੇ ਛਾਤਰ ਆਦਿ ਪਿੰਡਾਂ ਵਿੱਚ ਪਹੁੰਚੇ। ਪਿੰਡ ਪਾਲਵਾਂ ਵਿੱਚ ਅਭੈ ਸਿੰਘ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਟਿੱਪਣੀ ਕਿ ਕਾਂਗਰਸ ਨੂੰ ਕਿਸੇ ਵੀ ਗਠਬੰਧਨ ਦੀ ਲੋੋੜ ਨਹੀਂ ਹੈ, ’ਤੇ ਕਿਹਾ, ‘‘ਇਸ (ਗਠਜੋੜ) ਦਾ ਫ਼ੈਸਲਾ ਹੁੱਡਾ ਨੇ ਕਰਨਾ ਹੈ ਜਾਂ ਰਾਹੁਲ ਗਾਂਧੀ ਕਰਨਗੇ? ਭਾਜਪਾ ਖ਼ਿਲਾਫ਼ ਵਿਰੋਧੀ ਧਿਰ ਦਾ ਇੱਕਜੁੱਟ ਹੋਣ ਬਾਰੇ ਅਭੈ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਇਕੱਠੀ ਨਾ ਹੋਈ ਈਡੀ ਵਾਲੇ ਉਸ ਨੂੰ ਅੰਦਰ ਕਰ ਦੇਣਗੇ ਤੇ ਫਿਰ ਭਾਜਪਾ ਤਾਨਾਸ਼ਾਹੀ ਵਾਲ ਰਾਜ ਚਲਾਵੇਗੀ। ਉਨ੍ਹਾਂ ਨੇ ਕਿਹਾ ਕਿ ਅੱਜ ਭਾਜਪਾ ਖ਼ਿਲਾਫ਼ ਵਿਰੋਧੀ ਧਿਰ ਦਾ ਇੱਕਜੁਟ ਹੋਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਨੇ ਹੋਰ ਕਿਹਾ ਕਿ ਦੁਸ਼ਿਅੰਤ ਪਰਿਵਾਰ ਵੀ ਇਸੇ (ਈਡੀ ਦੇ) ਡਰ ਤੋਂ ਭਾਜਪਾ ’ਚ ਗਏ ਸਨ, ਉਪ ਮੁੱਖ ਮੰਤਰੀ ਬਣਨ ਲਈ ਨਹੀਂ। ਭਾਜਪਾ ਨੇ ਉਨ੍ਹਾਂ ਨੂੰ ਡਰਾਇਆ ਸੀ।’’