ਜਜਪਾ ਵਿਧਾਇਕ ਰਾਮ ਕੁਮਾਰ ਗੌਤਮ ਨੇ ਵੀ ਪਾਰਟੀ ਛੱਡੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਅਗਸਤ
ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਨਾਰਨੌਂਦ ਤੋਂ ਜਨਨਾਇਕ ਜਨਤਾ ਪਾਰਟੀ (ਜਜਪਾ) ਵਿਧਾਇਕ ਰਾਮ ਕੁਮਾਰ ਗੌਤਮ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਅੱਜ ਪਾਰਟੀ ਦੇ ਕੌਮੀ ਪ੍ਰਧਾਨ ਅਜੈ ਸਿੰਘ ਚੌਟਾਲਾ ਦੇ ਨਾਮ ਪੱਤਰ ਲਿਖ ਕੇ ਪਾਰਟੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਤੋਂ ਅਸਤੀਫ਼ਾ ਦੇ ਦਿੱਤਾ। ਜ਼ਿਕਰਯੋਗ ਹੈ ਕਿ ਹਰਿਆਣਾ ਵਿੱਚ ਜਜਪਾ ਦੇ ਕੁੱਲ 10 ਵਿਧਾਇਕ ਸਨ। ਇਸ ’ਚੋਂ 7 ਨੇ ਅਸਤੀਫ਼ਾ ਦੇ ਦਿੱਤਾ ਹੈ। ਬਾਕੀ ਬਚੇ ਤਿੰਨ ਵਿਧਾਇਕਾਂ ’ਚੋਂ ਦੋ ਤਾਂ ਇਕੋ ਪਰਿਵਾਰ ਦੇ ਹਨ। ਪਾਰਟੀ ਵਿੱਚ ਹੁਣ ਹਲਕਾ ਉਚਾਣਾ ਤੋਂ ਵਿਧਾਇਕ ਤੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ, ਬਡਾਲਾ ਤੋਂ ਵਿਧਾਇਕ ਤੇ ਦੁਸ਼ਿਅੰਤ ਚੌਟਾਲਾ ਦੀ ਮਾਤਾ ਨੈਨਾ ਚੌਟਾਲਾ ਅਤੇ ਜੁਲਾਣਾ ਤੋਂ ਵਿਧਾਇਕ ਅਮਰਜੀਤ ਢਾਂਡਾ ਰਹਿ ਗਏ ਹਨ। ਗੌਤਮ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਛੇ ਵਿਧਾਇਕਾਂ ਵਿੱਚ ਅਨੂਪ ਧਾਨਕ, ਦਵਿੰਦਰ ਬਬਲੀ, ਰਾਮ ਕਰਨ ਕਾਲਾ, ਇਸ਼ਵਰ ਸਿੰਘ, ਜੋਗੀ ਰਾਮ ਸਿਹਾਗ ਅਤੇ ਰਾਮਨਿਵਾਸ ਸੂਰਜਾਖੇੜਾ ਸ਼ਾਮਲ ਹਨ।