ਜੇਜੇਪੀ ਭਾਜਪਾ ਦੀ ਬੀ ਟੀਮ ਹੈ: ਚੌਟਾਲਾ
ਪੱਤਰ ਪ੍ਰੇਰਕ
ਕਾਲਾਂਵਾਲੀ, 29 ਮਾਰਚ
‘ਜੇਜੇਪੀ ਭਾਜਪਾ ਦੀ ਬੀ ਟੀਮ ਹੈ ਅਤੇ ਇਹ ਭਾਜਪਾ ਨੂੰ ਪੁੱਛ ਕੇ ਲੋਕ ਸਭਾ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕਰਨ ਦਾ ਕੰਮ ਕਰੇਗੀ।’ ਇਹ ਗੱਲ ਅੱਜ ਇਨੈਲੋ ਦੇ ਸੀਨੀਅਰ ਆਗੂ ਅਰਜੁਨ ਚੌਟਾਲਾ ਨੇ ਪੰਕਜ ਗੋਇਲ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇਨੈਲੋ ਹਮੇਸ਼ਾ ਚੌਧਰੀ ਦੇਵੀ ਲਾਲ ਦੀਆਂ ਨੀਤੀਆਂ ’ਤੇ ਚੱਲਦੀ ਰਹੀ ਹੈ ਅਤੇ ਕੰਮ ਕਰ ਰਹੀ ਹੈ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਹਿਸਾਰ ਤੋਂ ਸਿਰਫ਼ ਸੁਨੈਨਾ ਚੌਟਾਲਾ ਹੀ ਚੋਣ ਲੜੇਗੀ ਅਤੇ ਇਨੈਲੋ ਨੇ ਆਪਣੇ ਵਰਕਰਾਂ ਦੇ ਕਹਿਣ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀ ਪਹਿਲੀ ਅਪਰੈਲ ਨੂੰ ਇਨੈਲੋ ਦੇ ਮੁੱਖ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਕਾਲਾਂਵਾਲੀ ਵਿੱਚ ਹਲਕਾ ਵਰਕਰਾਂ ਨਾਲ ਮੀਟਿੰਗ ਕਰਨਗੇ ਅਤੇ ਇਸ ਸਬੰਧੀ ਉਨ੍ਹਾਂ ਨੂੰ ਸੱਦਾ ਦੇਣ ਲਈ ਉਹ ਅੱਜ ਕਾਲਾਂਵਾਲੀ ਆਏ ਹਨ। ਉਨ੍ਹਾਂ ਕਿਹਾ ਕਿ ਇਨੈਲੋ ਸੂਬੇ ਦੀਆਂ ਦਸ ਵਿੱਚੋਂ ਦਸ ਸੀਟਾਂ ’ਤੇ ਲੋਕ ਸਭਾ ਦੀ ਚੋਣ ਲੜੇਗੀ ਅਤੇ ਉਮੀਦਵਾਰ ਖੜ੍ਹੇ ਕਰਨ ਦਾ ਕੰਮ ਵਰਕਰਾਂ ਦੀ ਰਾਏ ਦੇ ਆਧਾਰ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਜੇਜੇਪੀ ਭਾਜਪਾ ਦੀ ਬੀ ਟੀਮ ਹੈ ਅਤੇ ਹੁਣ ਭਾਜਪਾ ਦੇ ਇਸ਼ਾਰੇ ’ਤੇ ਜੇਜੇਪੀ ਦੇ ਉਮੀਦਵਾਰ ਚੋਣ ਲੜਨਗੇ ਤਾਂ ਜੋ ਇਨੈਲੋ ਨੂੰ ਕਮਜ਼ੋਰ ਕੀਤਾ ਜਾ ਸਕੇ ਪਰ ਅਜਿਹਾ ਨਹੀਂ ਹੋਵੇਗਾ।