ਜਜਪਾ ਦਾ ਸੂਬੇ ਵਿੱਚ ਕੋਈ ਭਵਿੱਖ ਨਹੀਂ: ਅਭੈ ਚੌਟਾਲਾ
ਪੱਤਰ ਪ੍ਰੇਰਕ
ਟੋਹਾਣਾ, 3 ਜੁਲਾਈ
ਵਿਧਾਇਕ ਅਭੈ ਸਿੰਘ ਚੌਟਾਲਾ ਨੇ ਇੱਥੇ ਪਰਿਵਰਤਨ ਯਾਤਰਾ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ 18 ਸਾਲਾਂ ਤੋ ਜਜਪਾ ਅਤੇ ਭਾਜਪਾ ਗੱਠਜੋਡ਼ ਸਰਕਾਰ ਨੇ ਪ੍ਰਦੇਸ਼ ਦੀ ਤਰੱਕੀ ਦੀ ਜ਼ਿੰਮੇਵਾਰੀ ਤੋਂ ਹੱਟ ਕੇ ਗਰੀਬ ਪਰਿਵਾਰ ਤੇ ਨੌਜਵਾਨਾਂ ਨੂੰ ਜੁਮਲਿਆਂ ਦੇ ਜਾਲ ਵਿੱਚ ਫ਼ਸਾ ਕੇ ਸੰਪਤੀ ਲੁੱਟਣ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਰਿਵਰਤਨ ਯਾਤਰਾ ਦੌਰਾਨ ਸਰਕਾਰ ਵੱਲੋ ਕੀਤੇ ਜਾ ਰਹੇ ਘਪਲਿਆਂ ਤੇ ਮਾਮੂਲੀ ਕੰਮਾਂ ਲਈ ਦਫ਼ਤਰਾਂ ਵਿੱਚ ਧੱਕੇ ਖਾਂਦੇ ਲੋਕਾਂ ਦੇ ਦੁੱਖੜੇ ਸੁਣੇ ਨਹੀਂ ਜਾ ਰਹੇ। ਅਭੈ ਚੌਟਾਲਾ ਨੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਚੌਧਰੀ ਦੇਵੀ ਲਾਲ ਦੀ ਫੋਟੋ ਲਾ ਕੇ ਨਸ਼ਾ ਵੰਡਣਾ ਅਤੇ ਘੋਟਾਲੇ ਕਰਨਾ ਸਾਡੇ ਪਰਿਵਾਰ ਦੀ ਫ਼ਿਤਰਤ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਜਪਾ ਦਾ ਸੂਬੇ ਵਿੱਚ ਕੋਈ ਭਵਿੱਖ ਨਹੀਂ ਰਿਹਾ। ਪੈਨਸ਼ਨਾਂ ਕੱਟ ਦਿੱਤੀਆਂ ਗਈ ਹਨ ਅਤੇ ਬੇਰੁਜ਼ਗਾਰੀ ਸਿਖਰ ’ਤੇ ਚੱਲ ਰਹੀ ਹੈ। ਉਨ੍ਹਾਂ ਭੁਪਿੰਦਰ ਸਿੰਘ ਹੁੱਡਾ ਨੂੰ ਰੋਹਤਕ ਤੱਕ ਸੀਮਤ ਦੱਸਿਆ।
ਉਨ੍ਹਾਂ ਕਿਹਾ ਕਿ ਇਨੈਲੋ ਦੀ ਸਰਕਾਰ ਬਣਨ ’ਤੇ ਬੁਢਾਪਾ ਪੈਨਸ਼ਨ 7500, ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ, ਬੇਰੁਜ਼ਗਾਰਾਂ ਨੂੰ 20 ਹਜ਼ਾਰ ਸਨਮਾਨ ਭੱਤਾ, ਗਰੀਬਾਂ ਪਰਿਵਾਰਾਂ ਨੂੰ ਮਹੀਨੇ ਵਿੱਚ ਇਕ ਰਸੋਈ ਗੈਸ ਸਿਲੰਡਰ ਮੁਫ਼ਤ ਦਿੱਤਾ ਜਾਵੇਗਾ। ਇਸੇ ਤਰ੍ਹਾਂ ਵਪਾਰੀਆਂ ਅਤੇ ਮਜ਼ਦੂਰਾਂ ਲਈ ਇਨ੍ਹਾਂ ਦੀ ਸਹਿਮਤੀ ਨਾਲ ਨੀਤੀਆਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬਿਜਲੀ ਚੌਵੀ ਘੰਟੇ ਮਿਲੇਗੀ। ਇਸ ਦੌਰਾਨ ਉਨ੍ਹਾਂ ਬਾਰ ਐਸੋਸੀਏਸ਼ਨ ਟੋਹਾਣਾ ਵਿੱਚ ਵਕੀਲਾਂ ਨਾਲ ਵੀ ਮੁਲਾਕਾਤ ਕੀਤੀ।