ਜੇਜੇਪੀ ਤੇ ਰਣਜੀਤ ਚੌਟਾਲਾ ਵੱਲੋਂ ਇਕ-ਦੂਜੇ ਦੀ ਹਮਾਇਤ
ਪ੍ਰਭੂ ਦਿਆਲ
ਸਿਰਸਾ, 13 ਸਤੰਬਰ
ਜਨਨਾਇਕ ਜਨਤਾ ਪਾਰਟੀ ਤੇ ਆਜ਼ਾਦ ਸਮਾਜ ਪਾਰਟੀ (ਕਾਂਸ਼ੀਰਾਮ) ’ਚ ਹੋਏ ਗਠਜੋੜ ਮਗਰੋਂ ਜੇਜੇਪੀ ਨੇ ਹੁਣ ਭਾਜਪਾ ਤੋਂ ਬਾਗੀ ਹੋ ਕੇ ਰਾਣੀਆਂ ਹਲਕੇ ਤੋਂ ਚੋਣ ਲੜ ਰਹੇ ਰਣਜੀਤ ਸਿੰਘ ਚੌਟਾਲਾ ਨਾਲ ਸਮਝੌਤਾ ਕੀਤਾ ਹੈ। ਜੇਜੇਪੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਤੇ ਰਣਜੀਤ ਚੌਟਾਲਾ ਨੇ ਅੱਜ ਚੌਟਾਲਾ ਹਾਊਸ ’ਚ ਮੀਟਿੰਗ ਕੀਤੀ। ਜੇਜੇਪੀ ਨੇ ਰਾਣੀਆਂ ਹਲਕੇ ਤੋਂ ਰਣਜੀਤ ਚੌਟਾਲਾ ਨੂੰ ਚੋਣ ਜਿਤਾਉਣ ਤੇ ਰਣਜੀਤ ਚੌਟਾਲਾ ਨੇ ਜੇਜੇਪੀ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਐਲਾਨ ਕੀਤਾ ਹੈ। ਜਨ ਨਾਇਕ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ ਸਾਬਕਾ ਕੈਬਨਿਟ ਮੰਤਰੀ ਅਤੇ ਰਾਣੀਆਂ ਹਲਕੇ ਤੋਂ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਦੇ ਸਮਰਥਕਾਂ ਦੀ ਸਾਂਝੀ ਮੀਟਿੰਗ ਬਰਨਾਲਾ ਰੋਡ ਸਥਿਤ ਚੌਟਾਲਾ ਹਾਊਸ ਵਿਚ ਹੋਈ। ਜੇਜੇਪੀ ਦੇ ਕੌਮੀ ਪ੍ਰਧਾਨ ਡਾ. ਅਜੈ ਸਿੰਘ ਚੌਟਾਲਾ ਨੇ ਪਾਰਟੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰਦਿਆਂ ਕਿਹਾ ਕਿ ਜੇਜੇਪੀ ਦੇ ਆਗੂ ਤੇ ਵਰਕਰ ਆਜ਼ਾਦ ਉਮੀਦਵਾਰ ਰਣਜੀਤ ਸਿੰਘ ਦਾ ਡਟ ਕੇ ਸਮਰਥਨ ਕਰਨ ਅਤੇ ਰਿਕਾਰਡ ਵੋਟਾਂ ਨਾਲ ਜਿਤਾਉਣ।
ਇਸ ਮੌਕੇ ਸਾਬਕਾ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਡੱਬਵਾਲੀ ਤੋਂ ਜੇਜੇਪੀ-ਏਐਸਪੀ ਦੇ ਉਮੀਦਵਾਰ ਦਿਗਵਿਜੈ ਸਿੰਘ ਚੌਟਾਲਾ ਅਤੇ ਸਾਬਕਾ ਕੈਬਨਿਟ ਮੰਤਰੀ ਰਣਜੀਤ ਸਿੰਘ ਦੇ ਪੋਤਰੇ ਸੂਰਜ ਪ੍ਰਕਾਸ਼ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਰਾਣੀਆਂ ਅਤੇ ਡੱਬਵਾਲੀ ਦੀਆਂ ਦੋਵੇਂ ਸੀਟਾਂ ਵੱਡੇ ਫਰਕ ਨਾਲ ਜਿਤਾਉਣ।